ਗੁਰੂ ਨਾਨਕ ਪਾਤਿਸਾਹ ਦੇ ਆਗਮਨ ਪੁਰਬ ਤੇ ਆਪਾ ਪੜਚੋਲਣ ਦੀ ਲੋੜ

ਗੁਰੂ ਨਾਨਕ ਪਾਤਿਸਾਹ ਦੇ ਆਗਮਨ ਪੁਰਬ ਤੇ ਆਪਾ ਪੜਚੋਲਣ ਦੀ ਲੋੜ

ਸਿੱਖੀ ਦਾ ਉਹ ਪੈਗਾਮ ਜਿਸਦੇ ਵਾਸਤੇ ਸੰਸਾਰ ਤੜਪ ਰਿਹਾ ਹੈ

ਗੁਰਮੁਖ ਦੀ ਭਾਲ ਕਰਦਿਆਂ ਗੁਰੂ ਨਾਨਕ ਸਾਹਿਬ ਪਾਤਿਸਾਹ ਜੀ ਨੇ ਦੂਰ ਦੁਰਾਡੇ ਗਏ, ਜਿਸ ਨੂੰ ਇਤਿਹਾਸ ਵਿਚ ਉਦਾਸੀ ਕਿਹਾ ਗਿਆ। ਇਸ ਵੇਲੇ ਉਹਨਾਂ ਨੇ ਜਮੀਨੀ ਪੱਧਰ 'ਤੇ ਵਿਚਰਦਿਆਂ ਜਿਸ ਵੀ ਸਖਸ਼ੀਅਤ ਬਾਰੇ ਸੁਣਿਆ, ਉਹਨਾਂ ਨੂੰ ਮਿਲਦੇ ਗਏ। ਗੋਸ਼ਟੀ ਸੰਵਾਦ ਕਰਦੇ ਰਹੇ। ਇਸੇ ਵੇਲੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਭਗਤ ਜਨਾਂ ਦੀ ਬਾਣੀ ਇਕੱਤਰ ਕੀਤੀ। ਖੁਦ ਵੀ ਉਹਨਾਂ ਨੂੰ ਬਹੁਤ ਸਾਰੀ ਬਾਣੀ ਧੁਰ ਦਰਗਾਹੋਂ ਆਈ। ਜਿਸ ਨੂੰ ਉਹਨਾਂ ਨੇ ਪੋਥੀਆਂ ਵਿਚ ਸਾਂਭਿਆ ਅਤੇ ਇਹ ਸਾਰਾ ਖਜ਼ਾਨਾ ਦੂਸਰੇ ਪਾਤਸਾਹ ਨੂੰ ਸੌਂਪ ਦਿੱਤਾ। ਉਹ ਗੁਰਮੁਖ ਦੀ ਭਾਲ ਵਿੱਚ ਰਹੇ ਅਤੇ ਫਿਰ ਭਾਈ ਲਹਿਣਾ ਜੀ ਗੁਰੂ ਨਾਨਕ ਪਾਤਿਸਾਹ ਦਾ ਰੂਪ ਹੋਏ। 

ਭਾਈ ਲਹਿਣਾ ਜੀ ਗੁਰੂ ਦੀ ਓਟ ਨਾਲ ਧਾਰਨ ਕੀਤੇ ਗੁਣਾਂ ਨਾਲ ਜੀਅ ਰਹੇ ਸਨ, ਜਿਸ ਵਜ੍ਹਾ ਨਾਲ ਉਹ ਇਸ ਪਰਖ ਵਿਚੋਂ ਸਾਬਤ ਨਿਕਲੇ। ਗੁਰੂ ਦਾ ਹੁਕਮ ਮੰਨਣ ਦਾ ਗੁਣ ਉਹਨਾਂ ਦੇ ਅੰਦਰ ਵੱਸਿਆ ਸੀ। ਬਾਕੀ ਸਿੱਖ ਅਜੇ ਗੁਰੂ ਹੁਕਮ ਮੰਨਣ ਲਈ ਸ਼ਸੋਪੰਜ ਵਿਚ ਸਨ। ਸੱਤਵੇਂ ਪਾਤਸਾਹ ਵੇਲੇ ਵੀ ਸ੍ਰੀ ਹਰਿਕ੍ਰਿਸ਼ਨ ਜੀ ਅਤੇ ਬਾਬਾ ਰਾਮਰਾਏ ਜੀ ਦੀ ਸਮਾਧੀ ਭਾਵੇਂ ਉਪਰੋਂ ਇੱਕ ਵਿਖਾਈ ਦਿੰਦੀ ਸੀ ਪਰ ਬਾਬਾ ਰਾਮਰਾਏ ਜੀ ਦੀ ਉਹ ਅਵਸਥਾ ਨਹੀਂ ਸੀ ਅਤੇ ਸੂਈ ਦੇ ਚੁਭਣ 'ਤੇ ਉਹਨਾਂ ਹਿਲਜੁਲ ਕੀਤੀ ਪਰ ਬੜੀ ਛੋਟੀ ਉਮਰ ਵਿੱਚ ਵੀ ਸ੍ਰੀ ਹਰਕ੍ਰਿਸ਼ਨ ਜੀ ਅਡੋਲ ਅਵਸਥਾ ਵਾਲੇ ਸਨ। ਸੰਗਤ ਗੁਰੂ ਦੇ ਥਾਂ ਹੈ, ਗੁਰੂ ਨੇ ਸੰਗਤ ਨੂੰ ਵੱਡਾ ਰੁਤਬਾ ਦਿੱਤਾ ਹੈ, ਸੋ ਹੁਣ ਦੇ ਸਮੇਂ ਸਾਨੂੰ ਆਪਣੇ ਫੈਸਲੇ ਸੰਗਤੀ ਰੂਪ ਵਿੱਚ ਆਪਣੀ ਰਵਾਇਤ ਅਨੁਸਾਰ ਹੀ ਲੈਣੇ ਚਾਹੀਦੇ ਹਨ। ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਜਾਂ ਕੋਈ ਵੀ ਹੋਰ ਪੰਥਕ ਜੁੰਮੇਵਾਰੀ ਵਾਲੀ ਸੇਵਾ ਸੌਪਣ ਲਈ ਗੁਣਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਨਾ ਕਿ ਕਿਸੇ ਹੋਰ ਸਭਿਆਚਾਰ ਦੇ ਬਹੁ-ਗਿਣਤੀ ਦੇ ਤਰੀਕੇ ਰਾਹੀਂ ਚੁਣ ਕੇ ਗੁਰੂ ਰਵਾਇਤ ਤੋਂ ਉਲਟ ਖੜਨਾ ਚਾਹੀਦਾ ਹੈ। 

ਗੁਰੂ ਨਾਨਕ ਸਾਹਿਬ ਉਦਾਸੀਆਂ ਕਰਦਿਆਂ ਜਿਥੇ ਅੱਤ ਨੀਚ ਅਤੇ ਅਪਰਾਧ ਕਰਨ ਵਾਲੇ ਮਨੁੱਖਾਂ ਨੂੰ ਮਿਲੇ ਤੇ ਉਹਨਾਂ ਨੂੰ ਸੱਚ ਦਾ ਰਾਹ ਵਿਖਾ ਕੇ ਪਰਮਾਤਮਾ ਦੀ ਬੰਦਗੀ ਤੇ ਹੁਕਮ ਵਿਚ ਜਿੰਦਗੀ ਬਸਰ ਕਰਨ ਦੀ ਰਾਹ ਵਿਖਾਲੀ। ਸੇਵਾ ਲਈ ਤੋਰਨ ਤੋਂ ਪਹਿਲਾਂ ਮਨੁੱਖਾਂ ਨੂੰ ਬੰਦਗੀ, ਸੰਗਤ ਅਤੇ ਸੰਗਤ ਦੀ ਸੇਵਾ 'ਤੇ ਲਾਇਆ। ਜੋ ਪਹਿਲਾਂ ਹੀ ਬੰਦਗੀ ਵਾਲੇ ਸਨ, ਉਹਨਾਂ ਨੂੰ ਲੋਕਾਂ ਦੇ ਭਲੇ ਵਾਸਤੇ ਤੋਰਿਆ। ਦੁਨੀਆਂ ਦੇ ਵੱਖਰੇ ਧਰਮਾਂ ਦੇ ਵੱਡੇ ਮਨੁੱਖਾਂ ਨੂੰ ਮਿਲ ਕੇ ਉਹਨਾਂ ਨਾਲ ਸਾਂਝ ਪਾਈ ਤੇ ਦੁਨੀਆਂ ਨੂੰ ਸਪਸ਼ਟ ਕੀਤਾ ਕਿ ਸਿੱਖ ਦੀ ਸਾਂਝ ਦੁਨੀਆਂ ਦੇ ਹਰ ਵੰਨਗੀ ਦੇ ਸੱਚੇ ਮਨੁੱਖਾਂ ਨਾਲ ਰਹੇਗੀ। ਦੁਨੀਆਂ ਸਰਬ ਸਾਂਝੀ ਹੈ ਤੇ ਸਾਰੀ ਲੋਕਾਈ ਇੱਕ ਹੈ ਤੇ ਸਾਰੀ ਰਚਨਾ ਦਾ ਕਰਤਾ ਇੱਕ ਹੋਣ ਕਰਕੇ ਹਰ ਮਨੁੱਖ ਦੀ ਦੂਜੇ ਮਨੁੱਖ ਨਾਲ ਨੇੜਤਾ ਤੇ ਸਾਂਝ ਹੋਣੀ ਚਾਹੀਦੀ ਹੈ। ਇਹੋ ਸਾਂਝੀਵਾਲਤਾ ਵਿਚ ਹੀ ਗੁਰੂ ਨਾਨਕ ਸਿੱਖੀ ਦੀ ਮਹਿਕ ਹੈ। 

ਗੁਰੂ ਨਾਨਕ ਸਾਹਿਬ ਪਾਤਸਾਹ ਜੀ ਨੇ ਜਿਥੇ ਵੀ ਕੋਈ ਸਿੱਖੀ ਧਾਰਦਾ ਸੀ, ਉਹਨਾਂ ਨੂੰ ਸੰਗਤ ਸਥਾਪਿਤ ਕਰਨ ਲਈ ਉਪਦੇਸ ਦਿੰਦੇ ਅਤੇ ਨਾਮ-ਸਿਮਰਨ, ਕੀਰਤਨ ਅਤੇ ਬਾਣੀ ਪੜਨ ਅਤੇ ਸੰਗਤ ਦੀ ਸੇਵਾ ਦੇ ਪਵਿੱਤਰ ਕਾਰਜ ਤੇ ਲਾਇਆ। ਇਸੇ ਸੰਗਤ ਤੋਂ ਹੀ ਫੇਰ ਅੱਗੇ ਪੰਜ ਪਿਆਰੇ ਅਤੇ ਗੁਰੂ ਖਾਲਸਾ ਪੰਥ ਦਾ ਸਰੂਪ ਬਣਿਆ ਜਿਸਨੂੰ ਦਸਮ ਪਾਤਸਾਹ ਅਖੀਰ ‘ਬਾਣੀ ਗੁਰੂ’ ‘ਗੁਰੂ ਗਰੰਥ ਸਾਹਿਬ’ ਜੀ ਦੇ ਲੜ ਲਾ ਕੇ ਜਾਂਦੇ ਹਨ। ਸੰਗਤ ਦੇ ਉਦਮ, ਘਾਲ ਕਮਾਈ ਦੇ ਸਦਕਾ ਹੀ ਪਹਿਲਾਂ ਧਰਮਸਾਲ ਅਤੇ ਫੇਰ ਗੁਰਦੁਆਰੇ ਹੋਂਦ ਵਿਚ ਆਏ। ਸਿੱਖੀ ਦਾ ਇਹ ਸਾਰਾ ਪਸਾਰਾ ਸੰਗਤ ਦੇ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਕਰਕੇ ਹੀ ਸੰਭਵ ਹੋ ਸਕਿਆ। ਅੱਜ ਦੇ ਸਮੇਂ ਜੇਕਰ ਗੁਰਦੁਆਰਾ ਪ੍ਰਬੰਧ ਵਿਚ ਆ ਰਹੇ ਵਿਗਾੜ ਅਤੇ ਪਵਿੱਤਰ ਰਵਾਇਤਾਂ ਦਾ ਹੁੰਦਾ ਘਾਣ ਮਹਿਸੂਸ ਕਰ ਰਹੇ ਹਾਂ, ਤਾਂ ਸੰਗਤ ਦਾ ਰਵਾਇਤ ਪ੍ਰਤੀ ਢਿੱਲਾ ਪਹਿਰਾ, ਗੁਰੂ ਨਾਨਕ ਸਾਹਿਬ ਦੀ ਯਾਦ ਤੋਂ ਵਿਛੜਨਾ ਅਤੇ ਉਹਨਾਂ ਦੇ ਸਤਿਕਾਰ ਪ੍ਰਤੀ ਪਵਿੱਤਰ ਭਾਵਨਾ ਦਾ ਫਿੱਕਾ ਪੈਣਾ ਹੀ ਸਾਰੀ ਕੌਮ ਵਜੋਂ ਸਾਡੀ ਭੁੱਲ ਹੈ, ਜੋ ਗੁਰੂ ਨਾਨਕ ਸਾਹਿਬ ਦੀ ਨਦਰ ਤੋਂ ਦੂਰ ਲੈ ਗਈ ਹੈ। ਨਗਰ ਕੀਰਤਨ ਜਾਂ ਗੁਰਮਤਿ ਸਮਾਗਮ ਕਿਸੇ ਵੇਲੇ ਬੜੀ ਪ੍ਰੇਮ ਭਾਵਨਾ ਨਾਲ ਸ਼ੁਰੂ ਕੀਤੇ ਗਏ ਸੀ, ਪਰ ਅੱਜ ਗੁਰੂ ਭੈਅ ਤੋਂ ਵਿਰਵੇ ਹੋਣ ਕਰਕੇ ਅਸੀਂ ਆਮ ਮਨੁੱਖਾਂ ਨੂੰ ਖੁਸ਼ ਕਰਨਾ ਹੀ ਮੁਖ ਰੱਖ ਲਿਆ ਹੈ, ਗੁਰੂ ਦੀ ਖੁਸ਼ੀ ਦੋਇਮ ਦਰਜੇ ਤੇ ਆ ਗਈ ਹੈ। ਇਸਦੇ ਹੱਲ ਲਈ ਦੁਨਿਆਵੀ ਦਿਖਾਵੇਬਾਜ਼ੀਆਂ ਨੂੰ ਤਿਆਗ ਕੇ ਗੁਰੂ ਦੇ ਨੇੜੇ ਸੰਗਤ ਰੂਪ ਵਿਚ ਹੀ ਬੈਠਣਾ ਪਏਗਾ ਤੇ ਵਿਚਾਰ ਵਿੱਚੋ ਰਾਹ ਤਲਾਸ਼ਣੇ ਪੈਣਗੇ। ਇਸ ਅਮਲ ਵਿਚ ਨਾ ਪੈਣ ਦੇ ਨਤੀਜੇ ਵਜੋਂ ਗੁਰੂ ਨਾਨਕ ਸਾਹਿਬ ਦੀਆ ਬਖਸਿਸਾਂ ਨੂੰ ਦੁਨੀਆ ਨੂੰ ਤੀਕ ਪਹੁੰਚਾਣ ਤੋਂ ਖੁੰਝ ਰਹੇ ਹਾਂ।    

ਪ੍ਰੋ. ਪੂਰਨ ਸਿੰਘ ਨੇ ਜੋ ਇੱਕ ਦਫ਼ਾ ਲਿਖਿਆ ਸੀ, ਅੱਜ ਇਸ ਸਥਿਤੀ ’ਤੇ ਉਹ ਬਿਲਕੁਲ ਢੁੱਕਦਾ ਹੈ - “ਇਸ ਵੇਲੇ ਕੋਝੇ ਲਾਲਚ ਨੂੰ ਛੱਡਣਾ ਪਏਗਾ। ਸਿੱਖੀ ਦਾ ਉਹ ਪੈਗਾਮ ਜਿਸਦੇ ਵਾਸਤੇ ਸੰਸਾਰ ਤੜਪ ਰਿਹਾ ਹੈ ਤੇ ਪੁਕਾਰ ਕੇ ਕਹਿ ਰਿਹਾ ਹੈ ਕਿ ਖ਼ਾਲਸਾ ਜੀ! ਗੁਰੂ ਬਾਬੇ ਦੇ ਦਰਸ਼ਨ ਕਦ ਕਰਾਉਗੇ? ਗੁਰੂ ਅਰਜਨ ਦੇਵ ਜੀ ਦੇ ਖ਼ਾਲਸਾ ਜੀ! ਕਲਗੀਆਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਸ਼ਬਦ ਤੋਂ ਪੈਦਾ ਕੀਤੇ ਪੰਥ! ਹੇ ਬਾਜ਼ਾਂ ਵਾਲੇ ਦੇ ਰਚੇ ਆਦਰਸ਼ਕ ਖ਼ਾਲਸਾ ਜੀ! ਦੁਨੀਆ ਵਿਲਕ ਰਹੀ ਹੈ।” 

ਗੁਰੂ ਨਾਨਕ ਸਾਹਿਬ ਜੀ ਨੇ ਜਿੰਦਗੀ ਦੇ ਬੜੇ ਥੋੜੇ ਚਿਰ ਆਪਣੇ ਘਰ ਬਿਤਾਏ ਹੋਣਗੇ। ਉਹਨਾਂ ਦੀ ਘਾਲ ਕਮਾਈ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਜਦੋਂ ਉਹਨਾਂ ਦੀ ਘਾਲਣਾ ਕਮਾਈ ਨੂੰ ਦੇਖਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਅੰਦਰ ਕੋਈ ਜੋਤ ਲੱਟ ਲੱਟ ਬਲ ਰਹੀ ਹੈ। ਜੋ ਉਹਨਾਂ ਨੇ ਘਰ ਪਰਿਵਾਰ ਤਿਆਗ ਕੇ ਸਿਰਫ ਲੋਕਾਈ ਦੇ ਲੇਖੇ ਆਪਣੀ ਜ਼ਿੰਦਗੀ ਲਾਈ। ਜਿਨ੍ਹਾਂ ਸਤਿਕਾਰ ਬਾਣੀ ਦਾ ਉਹਨਾਂ ਕਰਨਾ ਸਿਖਾਇਆ, ਉਸ ਨੂੰ ਮਹਿਸੂਸ ਕਰਨਾ ਪਏਗਾ। ਪਾਤਸਾਹ ਜੀ ਅੱਗੇ ਅਰਦਾਸ ਕਰੀਏ ਕਿ ਜਿਸ ਗੁਰਮੁਖ ਦੀ ਗੱਲ ਪਾਤਿਸਾਹ ਨੇ ਕੀਤੀ, ਜਿੰਨ੍ਹਾ ਰਾਹਵਾਂ 'ਤੇ ਚੱਲਣ ਲਈ ਸਾਨੂੰ ਤਾਕੀਦ ਕੀਤੀ, ਅਸੀਂ ਉਸ ਪਾਸੇ ਵੱਲ ਕੋਈ ਤਿਲ ਫੁਲ ਕਦਮ ਚੱਲ ਸਕੀਏ। ਸਾਡੇ ਮੁਖ ਤੋਂ, ਸਾਡੇ ਅਮਲਾਂ 'ਚੋਂ ਗੁਰੂ ਦੀ ਝਲਕ ਪਵੇ ਅਤੇ ਅਸੀਂ ਰੂਹ ਤੋਂ ਗੁਰੂ ਪਾਤਿਸਾਹ ਨੂੰ ਮਹਿਸੂਸ ਕਰ ਸਕੀਏ।       

 

ਸੰਪਾਦਕ, ਅੰਮ੍ਰਿਤਸਰ ਟਾਈਮਜ਼