ਹੋਲਾ-ਮਹੱਲਾ' - ਬਣ ਰਹੇ ਇਤਿਹਾਸ 'ਚ ਸਾਡੀ ਜਿੰਮੇਵਾਰੀ   

ਹੋਲਾ-ਮਹੱਲਾ' - ਬਣ ਰਹੇ ਇਤਿਹਾਸ 'ਚ ਸਾਡੀ ਜਿੰਮੇਵਾਰੀ   

ਮਹਾਨ ਕੋਸ਼ ਅਨੁਸਾਰ ‘ਹੋਲੇ’ ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ

ਲੰਘੇ ਦਿਨੀਂ ਵੱਡੀ ਗਿਣਤੀ ਵਿੱਚ ਸੰਗਤ ਨੇ 'ਹੋਲਾ ਮਹੱਲਾ' ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਹਾਜ਼ਰੀਆਂ ਭਰੀਆਂ ਹਨ ਅਤੇ ਇਸ ਦਿਹਾੜੇ ਨੂੰ ਯਾਦ ਕੀਤਾ ਹੈ। ਸਿੱਖ ਸੰਗਤ ਆਪਣੇ ਪੁਰਖਿਆਂ ਨੂੰ, ਓਹਨਾ ਦੇ ਦਿਹਾੜਿਆਂ ਨੂੰ ਹਮੇਸ਼ਾ ਯਾਦ ਕਰਦੀ ਹੈ ਅਤੇ ਇਹਨਾਂ ਦਿਹਾੜਿਆਂ ਰਾਹੀਂ ਸਿੱਖ ਯਾਦ ਨੂੰ ਤਾਜ਼ਾ ਕਰਨ ਦਾ ਯਤਨ ਕਰਦੀ ਹੈ। ਪਰ ਵਕਤ ਦੀ ਚਾਲ ਵਿੱਚ ਸਮੇਂ ਸਮੇਂ ਉੱਤੇ ਜਦੋਂ ਵੀ ਸਿੱਖ ਦੇ ਗੁਰੂ ਨੂੰ ਮਹਿਸੂਸ ਕਰਨ ਦੇ ਅਮਲ 'ਚ ਪਾੜਾ ਵੱਧਦਾ ਹੈ ਤਾਂ ਉਹ ਆਪਣੀ ਰਵਾਇਤ ਵਿੱਚ, ਆਪਣੇ ਮੂਲ ਵਿੱਚ ਬਹੁਤ ਕੁਝ ਰਲਗੱਡ ਕਰ ਲੈਂਦਾ ਹੈ ਜਿਸ ਕਰ ਕੇ ਉਸ ਦੇ ਵਰਤਮਾਨ ਦੇ ਅਮਲ ਅਤੇ ਪਹੁੰਚ ਬੀਤੇ ਦੇ ਹਾਣਦੇ ਨਹੀਂ ਹੁੰਦੇ ਅਤੇ ਭਵਿੱਖ ਵਿੱਚ ਵੀ ਲਗਾਤਾਰ ਇਹਨਾਂ ਅਮਲਾਂ ਦਾ ਕੱਦ ਘੱਟਦਾ ਜਾਂਦਾ ਹੈ। ਚੱਲ ਰਹੇ ਸਮੇਂ ਵਿੱਚ ਜਿਸ ਨੇ ਭਲਕੇ ਇਤਿਹਾਸ ਬਣਨਾ ਹੁੰਦਾ ਹੈ, ਗੁਰੂ ਲਈ ਪਿਆਰ ਸਤਿਕਾਰ ਰੱਖਣ ਅਤੇ ਮਹਿਸੂਸ ਕਰਨ ਵਾਲੀਆਂ ਸਖਸ਼ੀਅਤਾਂ 'ਤੇ ਇਹ ਜਿੰਮੇਵਾਰੀ ਆਣ ਪੈਂਦੀ ਹੈ ਕਿ ਉਹ ਇਹਨਾਂ ਅਮਲਾਂ ਨੂੰ ਬੀਤੇ ਦੇ ਹਾਣਦਾ ਕਰ ਸਕਣ ਲਈ ਯਤਨਸ਼ੀਲ ਹੋਣ।    

'ਹੋਲਾ ਮਹੱਲਾ' ਹਰ ਸਿੱਖ ਦੇ ਸਿਪਾਹੀ ਹੋਣ ਦੇ ਫਰਜ਼ ਨੂੰ ਚੇਤੇ ਕਰਵਾਉਂਦਾ ਹੈ। 'ਹੋਲਾ ਮਹੱਲਾ' ਨੂੰ ਚੇਤੇ ਕਰਦਿਆਂ ਸਾਡੇ ਅੱਖਾਂ ਸਾਹਮਣੇ ਸ਼ਸਤਰ ਆ ਜਾਂਦੇ ਹਨ। ਸ਼ਸਤਰਾਂ ਦੀ ਅਹਿਮੀਅਤ ਤੋਂ ਹਰ ਸਿੱਖ ਭਲੀਭਾਂਤ ਜਾਣੂ ਹੈ। ਸ਼ਸਤਰ ਸਿੱਖ ਲਈ ਪੀਰ ਹਨ, ਗੁਰੂ ਪਾਤਿਸਾਹ ਨੇ ਸਿੱਖ ਨੂੰ ਕੇਸਾਂ ਅਤੇ ਸਸ਼ਤਰਾਂ ਨਾਲ ਹੀ ਦਰਸ਼ਨ ਦੇਣ ਦੀ ਹਾਮੀ ਭਰੀ ਹੈ, ਜਦੋਂ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹਾਂ ਤਾਂ ਪਹਿਲਾਂ ਸਾਡਾ ਸੀਸ ਸ਼ਸਤਰਾਂ ਅੱਗੇ ਝੁਕਦਾ ਹੈ, ਦੋ ਵੇਲਿਆਂ ਦੀ ਅਰਦਾਸ ਵਿੱਚ ਅਸੀਂ ਤੇਗਾਂ ਵਾਹੁਣ ਵਾਲਿਆਂ ਦਾ ਧਿਆਨ ਧਰਦੇ ਹਾਂ, ਮਹਿਰਾਜ ਦੀ ਜੰਗ ਵੇਲੇ ਰਾਇ ਜੋਧ ਵੱਲੋਂ ਟਲ ਜਾਣ ਦੀ ਸਲਾਹ ਦੇ ਜਵਾਬ ਵਿੱਚ ਛੇਵੇਂ ਪਾਤਿਸਾਹ ਕਹਿੰਦੇ ਹਨ “ਲੋਕ ਪ੍ਰਲੋਕ ਦੇ ਸਾਰੇ ਸੁੱਖ ਸੂਰਬੀਰਾਂ ਦੀਆਂ ਭੁਜਾਂ ਨਾਲ ਲਮਕਦੇ ਹਨ”, ਜਦੋਂ ਦਸਵੇਂ ਪਾਤਿਸਾਹ ਨੇ ਮਾਛੀਵਾੜੇ ਟਿੰਡ ਦਾ ਸਰ੍ਹਾਨਾ ਲਾਇਆ ਤਾਂ ਵੀ ਉਹਨਾਂ ਦਾ ਹੱਥ ਕਿਰਪਾਨ ਦੀ ਮੁੱਠ ਉੱਤੇ ਹੀ ਸੀ, ਬਾਬਾ ਬੰਦਾ ਸਿੰਘ ਜੀ ਨਾਲ ਸਰਹਿੰਦ ਨੂੰ ਜਾਣ ਵਕਤ ਸਿੰਘ ਆਪਣੇ ਭਾਂਡੇ, ਡੰਗਰ ਅਤੇ ਜਮੀਨਾਂ ਵੇਚ ਕੇ ਹਥਿਆਰ, ਘੋੜੇ ਖਰੀਦ ਜੰਗ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਗੁਰੂ ਪਾਤਿਸਾਹ ਨੇ ਸਸ਼ਤਰ ਅਭਿਆਸ ਹਰ ਸਿੱਖ ਲਈ ਜਰੂਰੀ ਕੀਤਾ ਹੈ। ਦਸਵੇਂ ਪਾਤਿਸਾਹ ਵੱਲੋਂ ਪਲੰਘ ਦੇ ਪਾਵੇ 'ਚ ਮਾਰਿਆ ਤੀਰ ਜਦੋਂ ਵਜ਼ੀਰ ਖਾਨ ਨੂੰ ਕਰਾਮਾਤ ਲੱਗਾ ਤਾਂ ਪਾਤਿਸਾਹ ਨੇ ਇਕ ਤੀਰ ਦਰਖਤ ਦੇ ਟਾਹਣ 'ਚ ਮਾਰਿਆ, ਨਾਲ ਚਿੱਠੀ ਸੀ ਜਿਸ ਵਿਚ ਲਿਖਿਆ ਸੀ, ਕਰਾਮਾਤ ਨਹੀਂ ਅਭਿਆਸ। ਇਸੇ ਅਭਿਆਸ ਨੂੰ ਮਹਿਸੂਸ ਕਰਨਾ 'ਹੋਲਾ ਮਹੱਲਾ' ਹੈ।  

ਮਹਾਨ ਕੋਸ਼ ਅਨੁਸਾਰ ‘ਹੋਲੇ’ ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤਰ ਅਤੇ ਯੁੱਧ ਵਿਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ। ਅਸੀਂ ਜਾਣਦੇ ਹਾਂ ਕਿ ਸੰਮਤ 1757 (1700 ਈ.) ਵਿੱਚ ਖਾਲਸਾ ਦਲ ਨੂੰ ਦੋ ਹਿੱਸਿਆਂ ਵਿੱਚ ਕਰ ਕੇ, ਜਿਸ ਵਿੱਚੋਂ ਇੱਕ ਨੇ ਹੋਲਗੜ੍ਹ ਉਤੇ ਮੋਰਚੇ ਲਾਏ ਅਤੇ ਦੂਸਰੇ ਹਿੱਸੇ ਨੇ ਉਹਨਾਂ 'ਤੇ ਧਾਵਾ ਬੋਲਿਆ। ਇਸੇ ਤਰ੍ਹਾਂ ਪਾਤਿਸਾਹ ਦੋਵੇਂ ਪਾਸੇ ਵਾਲਿਆਂ ਨੂੰ ਸ਼ਸਤਰ ਵਿਦਿਆ ਦੇ ਗੁਰ ਦੱਸਦੇ। ਅੱਜ ਵੀ ‘ਮਹੱਲੇ’ ਵਕਤ ਖਾਲਸਾ ਨਿਸ਼ਾਨਾਂ ਦੀ ਤਾਬਿਆ ਇੱਕ ਗੁਰ ਅਸਥਾਨ ਤੋਂ ਦੂਜੇ ਤੱਕ ਜਾਂ ਮੁੜ ਓਸੇ ਅਸਥਾਨ ਤੱਕ ਜਾਂਦਾ ਹੈ। ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਖ਼ਾਲਸਾਈ ਜੌਹਰ - ਸ਼ਸਤ੍ਰਾਂ ਦਾ ਅਭਿਆਸ, ਘੋੜ-ਦੌੜ, ਗੱਤਕਾ, ਨੇਜਾਬਾਜ਼ੀ, ਤੀਰ ਅੰਦਾਜ਼ੀ ਆਦਿ ਦਿਖਾਉਂਦੇ ਹਨ। ਜਿੱਥੇ ਨਿਹੰਗ ਸਿੰਘ ਫੌਜਾਂ ਵੱਲੋਂ 'ਹੋਲੇ-ਮਹੱਲੇ' ਦੀ ਰਵਾਇਤ ਨੂੰ ਕਾਫੀ ਹੱਦ ਤੱਕ ਸਾਂਭਿਆ ਹੋਇਆ ਹੈ ਉੱਥੇ ਹੀ ਬਹੁਤ ਕੁਝ ਅਜਿਹਾ ਵੀ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਮੌਜੂਦਾ ਸਮੇਂ ਵਿੱਚ ਹੋਣ ਕਰਕੇ ਸਾਡੇ ਸਭ ਉੱਤੇ ਸਮੂਹਿਕ ਰੂਪ ਵਿੱਚ ਉਸ ਨੂੰ ਦਰੁੱਸਤ ਕਰਨ ਦੀ ਜਿੰਮੇਵਾਰੀ ਵੀ ਹੈ।

'ਹੋਲੇ-ਮਹੱਲੇ' 'ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਅਤੇ ਉੱਥੋਂ ਆਉਣ ਵਕਤ ਜੋ ਗੰਭੀਰਤਾ ਹੋਣੀ ਚਾਹੀਦੀ ਹੈ, ਨੌਜਵਾਨ ਉਮਰ ਦੇ ਮੁੰਡਿਆਂ ਵਿੱਚ ਉਸ ਦੀ ਬਹੁਤ ਵੱਡੀ ਘਾਟ ਹੈ। ਮੋਟਰਸਾਈਕਲਾਂ, ਟਰੈਕਟਰਾਂ ਦੀ ਰਫਤਾਰ, ਉੱਚੀ ਆਵਾਜ਼ ਵਾਲ਼ੇ ਹਾਰਨ, ਉੱਚੀ ਉੱਚੀ ਲਾਏ ਹੋਏ ਸਪੀਕਰ, ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਵੀ ਸ਼ਰਾਰਤਾਂ ਕਰਨੀਆਂ, ਸ਼ੋਰ ਪਾਉਣਾ, ਹੁਲੜਬਾਜੀ ਕਰਨੀ, ਕਾਰਾਂ, ਜੀਪਾਂ, ਮੋਟਰਸਾਈਕਲਾਂ 'ਤੇ ਗੇੜੇ ਕੱਢਣੇ ਆਦਿ ਹੋਰ ਬਹੁਤ ਸਾਰੇ ਅਮਲ ਸਾਡੇ ਅਹਿਸਾਸ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। ਮਹੱਲਾ ਨਿਕਲਣ ਵਕਤ ਵੀ ਆਮ ਲੋਕਾਂ ਦੇ ਇਕੱਠ ਅਤੇ ਵਾਹਨਾਂ ਕਰਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੂੰ ਰੁਕਣਾ ਪਿਆ, ਜਦੋਂ ਕਿ ਚਾਹੀਦਾ ਇਹ ਹੈ ਕਿ ਆਮ ਲੋਕ ਅਕਾਲ ਪੁਰਖ ਦੀਆਂ ਫੌਜਾਂ ਦੇ ਦਰਸ਼ਨ ਦੀਦਾਰੇ ਕਿਸੇ ਉੱਚੀ ਥਾਂ ਖਲੋ ਕੇ ਹੀ ਕਰਨ ਜਾਂ ਜਿੱਥੇ ਖਾਲਸਿਆਂ ਨੇ ਜੌਹਰ ਵਿਖਾਉਣੇ ਹੁੰਦੇ ਹਨ ਉੱਥੇ ਜਾ ਕੇ ਬੈਠਣ ਅਤੇ ਫੌਜਾਂ ਦੇ ਜੌਹਰ ਵੇਖਣ। ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਟਰੈਕਟਰਾਂ ਵਾਲੇ ਮੁੰਡਿਆਂ ਦੀ ਹਾਮੀ ਭਰਦਿਆਂ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਇਹੀ ਨੌਜਵਾਨ ਕਿਸਾਨਾਂ ਨੂੰ ਦਿੱਲੀ ਲੈ ਕੇ ਗਏ ਸੀ। ਇਹ ਬਹੁਤ ਬਚਕਾਨੀ ਅਤੇ ਖਤਰਨਾਕ ਦਲੀਲ ਹੈ, ਇਸ ਤੋਂ ਜੇਕਰ ਨਾ ਬਚ ਸਕੇ ਤਾਂ ਸਾਡੇ ਅਮੀਰ ਅਹਿਸਾਸ ਵਿੱਚ ਸਦਾ ਲਈ ਬਹੁਤ ਵੱਡਾ ਚਿੱਬ ਪੈ ਜਾਵੇਗਾ। ਇਸ ਤਰ੍ਹਾਂ ਕਿਸੇ ਵੀ ਮਨੁੱਖ ਵੱਲੋਂ ਕਿੰਨੀ ਵੀ ਇਮਾਨਦਾਰੀ ਨਾਲ ਕੀਤਾ ਸਹੀ ਸਹਿਯੋਗ (ਸਿਰਫ) ਉਸ ਨੂੰ ਗੁਰੂ ਖਾਲਸਾ ਪੰਥ ਦੇ ਮਾਮਲਿਆਂ/ਰਵਾਇਤਾਂ ਵਿੱਚ ਦਖਲਅੰਦਾਜੀ/ਗੜਬੜ ਕਰਨ ਦਾ ਅਧਿਕਾਰ ਨਹੀਂ ਦੇ ਸਕਦਾ । ਉਹ ਸਦਾ ਆਪਣੇ ਸਹੀ ਅਮਲ ਲਈ ਸਤਿਕਾਰਤ ਹੀ ਰਹਿਣਗੇ, ਇਸ ਲਈ ਉਹਨਾਂ ਨੂੰ ਆਪਣੀ ਬਣਦੀ ਥਾਂ ਉੱਤੇ ਹੀ ਰਹਿਣਾ ਅਤੇ ਰੱਖਣਾ ਚਾਹੀਦਾ ਹੈ।  

ਅਸਲ ਵਿੱਚ ਇਹ ਸਮੱਸਿਆ ਉਦੋਂ ਹੀ ਵੱਧਦੀ ਹੈ ਜਦੋਂ ਅਸੀਂ ਗੱਲਾਂ ਨੂੰ ਰਲਗੱਡ ਕਰ ਲੈਂਦੇ ਹਾਂ। ਮੌਜੂਦਾ ਸਮੇਂ ਵਿੱਚ ਅਸੀਂ ਗੁਰੂ ਖਾਲਸਾ ਪੰਥ ਨੂੰ ਰਲਗੱਡ ਕਰ ਲਿਆ ਹੈ ਜਿਸ ਕਰਕੇ ਅਸੀਂ ਕਿਸੇ ਵੀ ਕਾਰਜ ਨੂੰ ਹਵਾ 'ਚ ਹੀ (ਬਿਜਲ ਸੱਥ 'ਤੇ) ਪੰਥ ਦੀ ਮੋਹਰ ਬਹੁਤ ਛੇਤੀ ਲਾ ਦਿੰਦੇ ਹਾਂ ਅਤੇ ਇਸੇ ਤਰ੍ਹਾਂ ਸਿੱਖਾਂ ਅਤੇ ਪੰਜਾਬੀਆਂ ਦੇ ਸਭਿਆਚਾਰ ਨੂੰ ਵੀ ਰਲਗੱਡ ਕਰ ਲਿਆ ਹੈ ਜਿਵੇਂ ਜੱਟਾਂ ਅਤੇ ਸਿੱਖਾਂ ਨੂੰ ਰਲਗੱਡ ਕੀਤਾ ਹੋਇਆ ਹੈ, ਜਿਸ ਕਰਕੇ ਅਜਿਹੇ ਦਿਹਾੜਿਆਂ ਉੱਤੇ ਸਾਨੂੰ ਬਹੁਤ ਚੁਣੌਤੀਆਂ ਦਰਪੇਸ਼ ਹਨ। ਸਾਨੂੰ ਇਹ ਨਿਖੇੜਾ ਕਰਨਾ ਬਹੁਤ ਔਖਾ ਹੋਇਆ ਪਿਆ ਹੈ। ਅਸੀਂ, ਜੋ ਮੌਜੂਦਾ ਸਮੇਂ ਵਿੱਚ ਇਹ ਸਭ ਹੁੰਦਾ ਵੇਖ ਰਹੇ ਹਾਂ, ਸਾਡੀ ਜਿੰਮੇਵਾਰੀ ਹੈ ਕਿ ਅਸੀਂ ਇਸ ਨੂੰ ਸੁਧਾਰਨ ਲਈ ਯਤਨਸ਼ੀਲ ਹੋਈਏ। ਗੁਰੂ ਖਾਲਸਾ ਪੰਥ ਕੋਈ ਆਮ ਲੋਕਾਂ ਦਾ ਸਭਿਆਚਾਰ ਨਹੀਂ ਹੈ। ਇਸ ਦੀ ਅਮੀਰੀ ਤਾਂ ਆਮ ਲੋਕਾਂ ਦੇ ਸਮਝ ਤੋਂ ਵੀ ਪਾਰ ਦੀ ਗੱਲ ਹੈ। ਪੰਥ ਦੀ ਸੇਵਾ ਵਿੱਚ ਤਿਲਫੁਲ ਯੋਗਦਾਨ ਪਾ ਰਹੇ ਸਾਰੇ ਹੀ ਆਮ ਖ਼ਾਸਾਂ ਨੂੰ ਇਸ ਦਰਪੇਸ਼ ਚੁਣੌਤੀ ਦੇ ਮੱਦੇਨਜ਼ਰ ਇਹਨਾਂ ਦਿਹਾੜਿਆਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।  

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼