84 ਸਿੱਖ ਕਤਲੇਆਮ ਨੂੰ ਵੱਡੇ ਪਰਦੇ ’ਤੇ ਦਿਖਾਉਣਗੇ ਦਿਲਜੀਤ ਦੋਸਾਂਝ

84 ਸਿੱਖ ਕਤਲੇਆਮ ਨੂੰ ਵੱਡੇ ਪਰਦੇ ’ਤੇ ਦਿਖਾਉਣਗੇ ਦਿਲਜੀਤ ਦੋਸਾਂਝ

ਅੰਮ੍ਰਿਤਸਰ ਟਾਈਮਜ਼

ਜਲੰਧਰ: ਪੰਜਾਬੀ ਫ਼ਿਲਮ ਇੰਡਸਟਰੀ ਵਿਚ ਪ੍ਰਸਿੱਧੀ ਖੱਟਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਵਿਚ ਵੀ ਖ਼ਾਸ ਮੁਕਾਮ ਹਾਸਲ ਕਰ ਲਿਆ ਹੈ। ਦਿਲਜੀਤ ਨੇ ਆਪਣੀ ਅਗਲੀ ਹਿੰਦੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਕੁਝ ਘੰਟੇ ਪਹਿਲਾਂ ਹੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ‘ਜੋਗੀ’ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ 1984 ਦੇ ਸਿੱਖ ਕਤਲੇਆਮ 'ਤੇ ਆਧਾਰਿਤ ਹੈ। 

ਦਿਲਜੀਤ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ, "ਮੇਰੇ ਜਨਮ ਦਾ ਸਾਲ ਵੀ 1984 ਹੈ। ਮੈਂ ਉਸ ਦੌਰ ਬਾਰੇ ਅਸਲ ਜ਼ਿੰਦਗੀ ਦੇ ਤਜ਼ਰਬਿਆਂ ਅਤੇ ਕਤਲੇਆਮ ਅਤੇ ਕਹਾਣੀਆਂ ਬਾਰੇ ਸੁਣ ਕੇ ਵੱਡਾ ਹੋਇਆ ਹਾਂ। ਅਸਲ ਵਿਚ ਮੈਂ ਕੁਝ ਸਮਾਂ ਪਹਿਲਾਂ ਪੰਜਾਬ ਵਿਚ 1984 ਵਿਚ ਇੱਕ ਪੰਜਾਬੀ ਫ਼ਿਲਮ ਕੀਤੀ ਸੀ। ਇਸ ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ। ਇਸ ਲਈ ਇਹ ਕੰੰਸੈਪਟ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਅਲੀ ਸਰ ਨੇ ਸਹੀ ਕਹਾਣੀ ਚੁਣੀ ਹੈ।ਦੱਸ ਦਈਏ ਕਿ ਇਹ ਫ਼ਿਲਮ ਸਿੱਧੇ ਨੈੱਟਫਲਿਕਸ 'ਤੇ 16 ਸਤੰਬਰ ਨੂੰ ਰਿਲੀਜ਼ ਹੋਵੇਗੀ। ਦਿਲਜੀਤ ਦਾ ਮੰਨਣਾ ਹੈ ਕਿ ਓਟੀਟੀ ਰਿਲੀਜ਼ਿੰਗ ਲਈ ਸਹੀ ਰਸਤਾ ਹੈ, ਕਿਉਂਕਿ ਇਸ ਪਲੇਟਫ਼ਾਰਮ ਤੋਂ ਤੁਸੀਂ ਸਿੱਧਾ ਪੂਰੀ ਦੁਨੀਆ ਦੇ ਦਰਸ਼ਕਾਂ ਨਾਲ ਜੁੜਦੇ ਹੋ। ਉਨ੍ਹਾਂ ਕਿਹਾ, ''ਸਾਡੇ ਲਈ ਘਟਨਾ ਦੀ ਕਹਾਣੀ ਲੋਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਇਸ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਇਸ ਲਈ ਇੱਕ ਓਟੀਟੀ ਪਲੇਟਫਾਰਮ 'ਤੇ ਆਉਣ ਵਾਲੀ ਇੱਕ ਫ਼ਿਲਮ ਇਸ ਲਈ ਜ਼ਰੂਰੀ ਸੀ ਕਿਉਂਕਿ ਇਸ ਵਿਸ਼ੇ ਦੀ ਅਜੇ ਤੱਕ ਡਿਜੀਟਲ ਸਪੇਸ ਵਿਚ ਖੋਜ ਨਹੀਂ ਕੀਤੀ ਗਈ ਹੈ। ਇਹ ਸਾਡੇ ਲਈ ਕਹਾਣੀ ਸੁਣਾਉਣ ਦਾ ਵਧੀਆ ਮੌਕਾ ਹੈ।" ਦਿਲਜੀਤ ਨੇ ਯਾਦ ਕੀਤਾ ਕਿ ਜਦੋਂ ਉਹ 1984 ਵਿਚ ਪਿੰਡ ਵਿਚ ‘ਪੰਜਾਬ’ ਦੀ ਸ਼ੂਟਿੰਗ ਕਰ ਰਿਹਾ ਸੀ ਤਾਂ ਪਿੰਡ ਵਾਸੀ ਅਕਸਰ ਕਹਿੰਦੇ ਸਨ ਕਿ ਇਹ ਫ਼ਿਲਮ ਨਹੀਂ, ਉਨ੍ਹਾਂ ਦੀ ਜ਼ਿੰਦਗੀ ਹੈ। ਉਨ੍ਹਾਂ ਨੇ ਕਿਹਾ, ''ਇਸ ਵਾਰ ਵੀ ਸਾਡੇ ਨਾਲ ਹਕੀਕਤ ਦਾ ਅਹਿਸਾਸ ਸੀ।'' 

ਦੱਸਣਯੋਗ ਹੈ ਕਿ ਦਿਲਜੀਤ ਦੀ 2020 ਦੀ 'ਸੂਰਜ ਪੇ ਮੰਗਲ ਭਾਰੀ’ ਤੋਂ ਬਾਅਦ ਉਹ ਕਿਸੇ ਵੀ ਹਿੰਦੀ ਫ਼ਿਲਮ ਵਿਚ ਨਜ਼ਰ ਨਹੀਂ ਆਏ। ਆਖਰੀ ਪੰਜਾਬੀ ਫ਼ਿਲਮ 2021 ਦੀ 'ਹੌਂਸਲਾ ਰੱਖ' ਸੀ, ਜਿਸ ਵਿਚ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਨੇ ਵੀ ਅਦਾਕਾਰੀ ਕੀਤੀ ਸੀ।