ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ 

ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ 

ਪੰਜਾਬ ਅਤੇ ਹਰਿਆਣਾ ਵਿਚਾਲੇ ਬਣੀ ਸਹਿਮਤੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ- ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਰੇੜਕਾ ਹੁਣ ਖ਼ਤਮ ਹੋ ਗਿਆ । ਇਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਸਹਿਮਤੀ ਬਣ ਗਈ ਹੈ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨਾਲ ਇਸ ਮਸਲੇ 'ਤੇ ਮੀਟਿੰਗ ਕੀਤੀ ਜੋ ਕਿ ਸਿਰੇ ਚੜ੍ਹ ਗਈ । ਮੀਟਿੰਗ ਦੌਰਾਨ ਹੋਈ ਚਰਚਾ ਮਗਰੋਂ ਦੋਵਾਂ ਰਾਜਾਂ ਵਿਚਾਲੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂਅ 'ਤੇ ਸਹਿਮਤੀ ਬਣ ਗਈ । ਦੱਸਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਦੁਸ਼ਿਅੰਤ ਚੌਟਾਲਾ ਨੇ ਹਵਾਈ ਅੱਡੇ ਦੇ ਨਾਂਅ ਵਿਚ ਪੰਚਕੂਲਾ ਦਾ ਨਾਂਅ ਜੋੜਨ ਦੀ ਸਿਫ਼ਾਰਸ਼ ਵੀ ਕੀਤੀ ਸੀ ਪਰ ਅਖੀਰ ਵਿਚ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੀ ਸਹਿਮਤੀ ਬਣੀ ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲਦਾ ਰਿਹਾ ਸੀ । ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਕਿਹਾ ਸੀ ਪਰ ਹਰਿਆਣਾ ਸਰਕਾਰ ਨੇ ਸਹਿਮਤੀ ਨਹੀਂ ਜਤਾਈ ਅਤੇ ਹਵਾਈ ਅੱਡੇ ਦਾ ਨਾਂਅ ਮੰਗਲ ਸੈਨ ਦੇ ਨਾਂਅ 'ਤੇ ਰੱਖਣ ਦੀ ਤਜਵੀਜ਼ ਰੱਖੀ ਸੀ ਪਰ ਉਸ ਵੇਲੇ ਪੰਜਾਬ ਅਤੇ ਹਰਿਆਣਾ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਸੀ ।

ਸਾਲ 2007 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਸਮਾਰੋਹ ਮੌਕੇ ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਐਲਾਨ ਕੀਤਾ ਸੀ ਪਰ ਹਰਿਆਣਾ ਨੇ ਸਹਿਮਤੀ ਨਹੀਂ ਜਤਾਈ ਅਤੇ ਦੋਵਾਂ ਸੂਬਿਆਂ ਵਿਚਾਲੇ ਫਸਿਆ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਸੀ ਫਿਰ ਇਸ ਮਸਲੇ 'ਤੇ ਦੋਵਾਂ ਰਾਜਾਂ ਨੂੰ ਮਿਲ-ਬੈਠ ਕੇ ਸੁਲਝਾਉਣ ਦੀ ਹਦਾਇਤ ਮਿਲੀ ਸੀ ।ਦੱਸਣਯੋਗ ਹੈ ਕਿ ਦੋਵੇਂ ਰਾਜਾਂ ਦੀਆਂ ਸਰਕਾਰਾਂ ਨੂੰ ਇਸ ਹਵਾਈ ਅੱਡੇ ਦਾ ਨਾਮ ਚੰਡੀਗੜ੍ਹ ਹਵਾਈ ਅੱਡਾ ਰੱਖਣ 'ਤੇ ਵੀ ਇਤਰਾਜ਼ ਸੀ । ਦੋਵੇਂ ਰਾਜਾਂ ਦੀਆਂ ਸਰਕਾਰਾਂ ਨੇ ਆਪਣੀਆਂ ਵਿਧਾਨ ਸਭਾਵਾਂ ਵਿਚ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਕਈ ਮਤੇ ਵੀ ਪਾਸ ਕੀਤੇ । ਦੋਵਾਂ ਰਾਜਾਂ ਵਿਚਾਲੇ ਇਸ ਹਵਾਈ ਅੱਡੇ ਦੇ ਨਾਂਅ ਨੂੰ ਲੈ ਕੇ ਸਹਿਮਤੀ ਬਣਨ ਮਗਰੋਂ ਇਸ ਸੰਬੰਧੀ ਮਤਾ ਜਲਦ ਕੇਂਦਰ ਨੂੰ ਭੇਜਿਆ ਜਾਵੇਗਾ ।