ਬੜੀ ਖ਼ਤਰਨਾਕ ਹੈ ਫ਼ਿਲਮਾਂ ਰਾਹੀਂ ਸਿੱਖ ਪੰਥ ਦੀ ਸਿਧਾਂਤਕ ਘੇਰਾਬੰਦੀ 

ਬੜੀ ਖ਼ਤਰਨਾਕ ਹੈ ਫ਼ਿਲਮਾਂ ਰਾਹੀਂ ਸਿੱਖ ਪੰਥ ਦੀ ਸਿਧਾਂਤਕ ਘੇਰਾਬੰਦੀ 

                                        ਭੱਖਦਾ ਮੱਸਲਾ                                               

ਖ਼ਾਲਸੇ ਦੀ ਪੂਜਣਯੋਗ ਮਾਤਾ ਮਾਤਾ ਸਾਹਿਬ ਕੌਰ ਜੀਬਾਰੇ ਬਣੀ ਫ਼ਿਲਮ ਮਦਰਹੁੱਡਸਿਨੇਮਿਆਂ ਚ ਲੱਗਣ ਜਾ ਰਹੀ ਹੈ, ਜਿਸ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਵਿਚਾਲੇ ਹੀਰ-ਰਾਂਝਿਆਂਵਾਗੂੰ ਇਸ਼ਕ ਮਿਜਾਜ਼ੀ ਵਾਲੇ ਨਿਹਾਇਤ ਘਟੀਆ ਵਾਰਤਾਲਾਪ ਦਿਖਾ ਕੇ ਸਿੱਖਾਂ ਦੀ ਸੁਰਤ ਨੂੰ ਉੱਚੇਰੇ ਇਸ਼ਕ ਹਕੀਕੀ ਦੇ ਗਗਨ ਮੰਡਲਾਂ ਤੋਂ ਉਤਾਰ ਕੇ ਲੈਲਾ-ਮਜਨੂੰਆਂ ਵਾਲੇ ਇਸ਼ਕ ਮਿਜਾਜ਼ੀ ਦੇ ਕੱਚੇ ਰੰਗਾਂ ਨਾਲ ਬਦਰੰਗ ਕਰਨ ਦੀ ਹਿਮਾਕਤ ਕੀਤੀ ਜਾ ਰਹੀ ਹੈ, ਜਿਸ ਬਾਰੇ ਅਸੀਂ ਅਜੇ ਤੱਕ ਬਿਲਕੁਲ ਅਚੇਤ ਅਵਸਥਾ 'ਚ ਹਾਂ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਫ਼ਿਲਮ ਦੀ ਸਕਰਿਪਟ ਨੂੰ ਵੇਖਣ ਤੋਂ ਬਾਅਦ ਸਖ਼ਤ ਸਿਧਾਂਤਕ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਮਨਜ਼ੂਰੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਪਰ ਇਸ ਦੇ ਬਾਵਜੂਦ ਇਸ ਫ਼ਿਲਮ ਨੂੰ ਬਣਾਉਣ ਵਾਲੀ ਸੰਸਥਾ ਆਪਣੀ ਜ਼ਿੱਦ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਉਤਾਰੂ ਹੋਈ ਪਈ ਹੈ। 

ਦਰਅਸਲ ਇਕੀਵੀਂ ਸਦੀ 'ਚ ਖ਼ਾਲਸਾ ਪੰਥ ਨੂੰ ਖ਼ਤਮ ਕਰਨ 'ਤੇ ਤੁਲੀਆਂ ਬਿਪਰਵਾਦੀ ਤਾਕਤਾਂ ਵਲੋਂ ਬੜੇ ਸੂਖ਼ਮ ਅਤੇ ਕਾਮਯਾਬ ਘਾੜਤ ਸ਼ਕਤੀ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ। ਸਿੱਖ ਨਿਆਰੇਪਨ ਨੂੰ ਜਜ਼ਬ ਕਰਨ ਦੇ ਮਨੋਰਥ 'ਤੇ ਆਧਾਰਤ ਇਨ੍ਹਾਂ ਖ਼ਤਰਨਾਕ ਅਤੇ ਬਹੁਪਰਤੀ ਹਮਲਿਆਂ ਦਾ ਮੁੱਢਲਾ ਨਿਸ਼ਾਨਾ ਸਿੱਖ ਦੀ ਉਸ ਰੂਹਾਨੀ ਪ੍ਰੇਰਨਾ ਅਤੇ ਸੁਰਤ ਦੀ ਇਕਾਗਰਤਾ ਨੂੰ ਭੰਗ ਕਰਨਾ ਹੈ, ਜਿਹੜੀ ਦਸ ਗੁਰੂ ਸਾਹਿਬਾਨ ਦੇ ਸਰੀਰਕ ਜਾਮੇ ਵਿਚੋਂ ਚਲੇ ਜਾਣ ਤੋਂ ਬਾਅਦ ਵੀ ਸਿੱਖਾਂ ਨੂੰ ਅਠ੍ਹਾਰਵੀਂ ਸਦੀ ਦੇ ਘੱਲੂਘਾਰਿਆਂ ਦੌਰਾਨ, ਬੰਦ-ਬੰਦ ਕਟਵਾਉਂਦਿਆਂ, ਚਰਖੜ੍ਹੀਆਂ 'ਤੇ ਚੜ੍ਹਦਿਆਂ, ਆਰਿਆਂ ਨਾਲ ਸਰੀਰ ਚਿਰਵਾਉਂਦਿਆਂ, ਖੋਪਰ ਲੁਹਾਉਂਦਿਆਂ, ਦੇਗ਼ਾਂ 'ਚ ਉਬਾਲੇ ਖਾਂਦਿਆਂ, ਪੁੱਠੀਆਂ ਖਲ਼ਾਂ ਲੁਹਾਉਂਦਿਆਂ ਅਤੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਸਿੱਖ ਮਾਵਾਂ ਦੁਆਰਾ ਗਲ਼ਾਂ ਵਿਚ ਹਾਰ ਪਵਾਉਂਦਿਆਂ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਅਸਹਿ ਤੇ ਅਕਹਿ ਤਸੀਹੇ ਝੱਲ ਕੇ ਹੁਣ ਤੱਕ 9 ਲੱਖ ਤੋਂ ਵੱਧ ਹੋਏ ਸ਼ਹੀਦਾਂ-ਮੁਰੀਦਾਂ ਨੂੰ ਸਿੱਖੀ ਸਿਦਕ ਨਿਭਾਉਣ ਦੀ ਤਾਕਤ ਬਖ਼ਸ਼ਦੀ ਰਹੀ ਹੈ। ਸਿੱਖ ਨੂੰ ਉਸ ਰੂਹਾਨੀ ਪ੍ਰੇਰਨਾ ਅਤੇ ਦੈਵੀ ਤਾਕਤ ਤੋਂ ਹੀਣਾ ਕਰਨ ਲਈ ਸਿੱਖ ਦਾ ਸ਼ਬਦ-ਗੁਰੂ ਨਾਲੋਂ ਰਿਸ਼ਤਾ ਤੋੜਨ ਅਤੇ ਗੁਰੂ ਸਾਹਿਬਾਨ ਦੀ ਪੈਗੰਬਰੀ ਸ਼ਾਨ ਅਤੇ ਦੈਵੀ ਬਿੰਬ ਨੂੰ ਸਿੱਖ ਅਵਚੇਤਨ ਵਿਚੋਂ ਮਿਟਾਉਣ ਲਈ ਹੀ ਐਨੀਮੇਟਿਡ/ ਮਨੁੱਖੀ ਕਿਰਦਾਰਾਂ ਵਾਲੀਆਂ ਧਾਰਮਿਕ ਫ਼ਿਲਮਾਂ ਦਾ ਸਹਾਰਾ ਲਿਆ ਜਾ ਰਿਹਾ ਹੈ। 

ਸਿੱਖ ਕੌਮ ਅਥਵਾ ਖ਼ਾਲਸਾ ਪੰਥ ਦੀ ਅੱਡਰੀ ਹੋਂਦ-ਹਸਤੀ ਨੂੰ ਜਜ਼ਬ ਕਰਨ ਜਾਂ ਹਿੰਦੂਤਵ ਵਿਚ ਤਬਦੀਲ ਕਰਨ ਲਈ ਸਿੱਖ ਅਵਚੇਤਨ ਨੂੰ ਗੁਰੂ ਦੀ ਚੇਤਨਾ ਨਾਲੋਂ ਤੋੜਨਾ ਸਭ ਤੋਂ ਜ਼ਰੂਰੀ ਹੈ ਅਤੇ ਇਸੇ ਨਾਪਾਕ ਕਾਰਜ ਲਈ ਹੀ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰਾਂ 'ਤੇ ਬਣ ਰਹੀਆਂ ਐਨੀਮੇਟਿਡ ਅਤੇ ਉਸ ਤੋਂ ਅਗਾਂਹ ਗੁਰੂ ਸਾਹਿਬਾਨ ਦੇ ਮਨੁੱਖੀ ਕਿਰਦਾਰਾਂ ਵਾਲੀਆਂ ਫ਼ਿਲਮਾਂ ਸਹਾਈ ਹੋ ਰਹੀਆਂ ਹਨ। ਭਾਵੇਂਕਿ ਸਿੱਖ ਇਤਿਹਾਸ 'ਤੇ ਐਨੀਮੇਟਿਡ ਫ਼ਿਲਮਾਂ ਨੂੰ ਪਹਿਲਾਂ-ਪਹਿਲ ਬਣਾਉਣ ਵਾਲੇ ਨਿਰੋਲ ਧਾਰਮਿਕ ਸ਼ਰਧਾ ਤਹਿਤ ਹੀ ਫ਼ਿਲਮਾਂ ਬਣਾ ਰਹੇ ਹੋਣਗੇ, ਪਰ ਉਹ ਅਚੇਤ ਰੂਪ ਵਿਚ ਸਿੱਖ ਵਿਰੋਧੀ ਤਾਕਤਾਂ ਦੇ ਸਿੱਖਾਂ ਦੀ ਵੱਖਰੀ ਤੇ ਨਿਰਾਲੀ ਹੋਂਦ ਨੂੰ ਜਜ਼ਬ ਕਰਨ ਵਾਲੇ ਸਿਧਾਂਤਕ ਹਮਲੇ ਦਾ ਰਾਹ ਹੀ ਪੱਧਰਾ ਕਰਦੇ ਸਾਬਤ ਹੋਏ ਹਨ। ਇਹ ਫ਼ਿਲਮਾਂ ਸਿੱਖਾਂ ਦੀ ਅਗਲੀ ਪੀੜ੍ਹੀ ਦੇ ਕੋਮਲ ਮਨਾਂ 'ਚ ਇਹ ਗੱਲ ਪੱਕੀ ਕਰ ਰਹੀਆਂ ਹਨ ਕਿ ਗੁਰੂ ਸਾਹਿਬ ਦੀ ਮੂਰਤੀ ਵੀ ਬਣਾਈ ਜਾ ਸਕਦੀ ਹੈ ਅਤੇ ਕੰਪਿਊਟਰ ਗ੍ਰਾਫਿਕਸ ਦੇ ਜ਼ਰੀਏ ਇਕ ਜਿਊਂਦੇ-ਜਾਗਦੇ ਇਨਸਾਨ ਵਾਂਗ ਗੁਰੂ ਸਾਹਿਬ ਦੇ ਜਿਸਮ ਦੀ ਘਾੜਤ ਵੀ ਘੜੀ ਜਾ ਸਕਦੀ ਹੈ। ਫਿਰ ਇਕ ਦਿਨ ਐਸਾ ਵੀ ਆਵੇਗਾ ਜਦੋਂ ਇਸ ਤਰ੍ਹਾਂ ਦੇ ਵਿਗੜੇ ਹੋਏ ਸਿੱਖ ਅਵਚੇਤਨ ਨੂੰ, ਸਿਰਸੇ ਵਾਲੇ ਪਖੰਡੀ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਦੀ ਕੀਤੀ ਗਈ ਨਾਪਾਕ ਕੋਸ਼ਿਸ਼ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ ਜਾਪੇਗੀ, 1978 ਦੀ ਵਿਸਾਖੀ ਵਾਲੇ ਦਿਨ ਨਕਲੀ ਨਿਰੰਕਾਰੀਆਂ ਦਾ ਵਿਰੋਧ ਕਰਦੇ ਹੋਏ ਸ਼ਹੀਦ ਸਿੰਘਾਂ ਦੀ ਪਵਿੱਤਰ ਕੁਰਬਾਨੀ ਵੀ ਗ਼ੈਰ-ਵਾਜਬ ਜਾਪੇਗੀ, ਕਿਉਂਕਿ ਹਕੀਕੀ ਤੌਰ 'ਤੇ ਇਨ੍ਹਾਂ ਸਿੱਖ ਬੱਚਿਆਂ ਦਾ ਸਿੱਖ ਅਵਚੇਤਨ, ਹਿੰਦੂ ਅਵਚੇਤਨ 'ਚ ਤਬਦੀਲ ਹੋ ਚੁੱਕਿਆ ਹੋਵੇਗਾ, ਕਿਉਂਕਿ ਹਿੰਦੂ ਅਵਚੇਤਨ, ਹਿੰਦੂ ਅਵਤਾਰਾਂ ਦੇ ਆਮ ਬੰਦਿਆਂ ਵਲੋਂ ਕਿਰਦਾਰ ਨਿਭਾਉਣ 'ਤੇ ਕੋਈ ਤਕਲੀਫ਼ ਮਹਿਸੂਸ ਨਹੀਂ ਕਰਦਾ, ਸਗੋਂ ਹਿੰਦੂ ਧਰਮ ਵਿਚ ਤਾਂ ਹਿੰਦੂ ਅਵਤਾਰਾਂ ਦੇ ਕਿਰਦਾਰ, ਕਸਬੇ-ਸ਼ਹਿਰਾਂ 'ਚ ਨਾਟਕਾਂ ਤੋਂ ਲੈ ਕੇ ਫ਼ਿਲਮਾਂ ਤੱਕ ਬੜੇ ਸ਼ੌਂਕ ਨਾਲ ਕੀਤੇ ਅਤੇ ਕਰਵਾਏ ਜਾਂਦੇ ਹਨ। 

ਕੁਝ ਸਮਾਂ ਪਹਿਲਾਂ ਨਾਨਕ ਸ਼ਾਹ ਫ਼ਕੀਰ' ਫ਼ਿਲਮ ਵਿਚ ਮਹਾਂਪਾਪ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ, ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ, ਭੈਣ ਬੇਬੇ ਨਾਨਕੀ ਜੀ, ਭਾਈ ਮਰਦਾਨਾ ਜੀ, ਰਾਇ ਬੁਲਾਰ ਜੀ ਆਦਿ ਦੇ ਮਨੁੱਖੀ ਕਿਰਦਾਰ ਨਿਭਾਉਣ ਕਾਰਨ, ਸਿੱਖ ਪੰਥ ਦਾ ਰੋਹ ਅਤੇ ਰੋਸ ਸੱਤਵੇਂ ਅਸਮਾਨ ਤੇ ਚਲਾ ਗਿਆ ਸੀ, ਕਿਉਂਕਿ ਸਿੱਖ ਅਵਚੇਤਨ ਅਜੇ ਤੱਕ ਸ਼ਬਦ-ਗੁਰੂ-ਪਿਆਰ ਨਾਲ ਲਬਰੇਜ਼ ਹੈ। ਬੇਸ਼ੱਕ ਉਹ ਵਿਵਾਦਗ੍ਰਸਤ ਫਿਲਮ ਸਿੱਖਾਂ ਦੇ ਸਿੱਖਰਾਂ ਦੇ ਗੁੱਸੇ ਨੂੰ ਵੇਖਦਿਆਂ ਚਲਾਈ ਨਹੀਂ ਜਾ ਸਕੀ ਪਰ ਬਹੁਪਰਤੀ ਵਿਉਂਤਬੰਦੀ ਨਾਲ ਸਿੱਖਾਂ ਦੇ ਅਵਚੇਤਨ ਨੂੰ ਹਿੰਦੂ ਅਵਚੇਤਨ ਦੇ ਵਿਚ ਬਦਲਣ ਲਈ ਜੋ ਸੂਖ਼ਮ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ ਹੈ, ਉਸ ਨੂੰ ਸਮਝਣ ਦੀ ਇਸ ਵੇਲੇ ਬਹੁਤ ਲੋੜ ਹੈ, ਕਿਉਂਕਿ ਇਕ ਪਾਸੇ ਅਸੀਂ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦਾ ਪੁਰਜ਼ੋਰ ਵਿਰੋਧ ਕਰਦੇ ਰਹੇ ਹਾਂ, ਪਰ ਦੂਜੇ ਪਾਸੇ ਪਿਛਲੇ ਸਮੇਂ ਦੌਰਾਨ ਐਨੀਮੇਟਿਡ ਫ਼ਿਲਮ 'ਚਾਰ ਸਾਹਿਬਜ਼ਾਦੇ' ਨੂੰ ਲੈ ਕੇ ਜਜ਼ਬਾਤੀ ਉਲਾਰਵਾਦੀ ਵੀ ਹੋਏ ਅਤੇ ਧੜਾਧੜ ਇਕ-ਦੂਜੇ ਨੂੰ ਇਹ ਫ਼ਿਲਮ ਵੇਖਣ ਦੇ ਸਿੱਖਾਂ ਨੇ ਮੋਬਾਇਲ ਫ਼ੋਨਾਂ 'ਤੇ ਇਕ-ਦੂਜੇ ਨੂੰ ਸੁਨੇਹੇ ਵੀ ਘੱਲੇ ਸਨ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰਅਤੇ ਭਾਈ ਤਾਰੂ ਸਿੰਘਵਰਗੇ ਲਾਸਾਨੀ ਸ਼ਹੀਦਾਂ ਬਾਰੇ ਬੜੇ ਦੁਨਿਆਵੀ ਤੇ ਭੌੰਤਿਕ ਪੱਧਰ ਦੇ ਖਿਆਲਾਂ ਵਿਚ ਗੁਆਉਣ ਵਾਲੀਆਂ ਐਨੀਮੇਟਿਡ ਫ਼ਿਲਮਾਂ ਆਈਆਂ।

ਖ਼ਾਲਸਾ ਜੀ! ਫ਼ਿਲਮਾਂ ਭਾਵੇਂ ਐਨੀਮੇਟਿਡ ਹੋਣ ਜਾਂ ਫਿਰ ਮਨੁੱਖੀ ਕਿਰਦਾਰਾਂ ਵਲੋਂ ਬਣਾਈਆਂ, ਫ਼ਿਲਮਾਂ ਭਾਵੇਂ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਹੋਣ ਜਾਂ ਫਿਰ ਮਹਾਨ ਸੂਰਬੀਰ ਸਿੱਖ ਸ਼ਹੀਦਾਂ ਨਾਲ ਸਬੰਧਤ, ਸਿਧਾਂਤਕ ਤੌਰ 'ਤੇ ਇਹ ਜਾਣੇ-ਅਨਜਾਣੇ 'ਚ ਸਿੱਖਾਂ ਦੇ ਅਵਚੇਤਨ ਨੂੰ ਤਬਾਹ ਕਰਨ ਦਾ ਕਾਰਜ ਕਰਨ ਵਿਚ ਹੀ ਲੱਗੀਆਂ ਹੋਈਆਂ ਹਨ। ਸਿਧਾਂਤਕ ਤੌਰ 'ਤੇ ਇਹ ਸਾਡੇ ਨਿਰਾਲੇਪਨ ਨੂੰ ਖ਼ਤਮ ਕਰਨ ਦਾ ਹੀ ਰਾਹ ਪੱਧਰਾ ਕਰ ਰਹੀਆਂ ਹਨ। ਇਸ ਵੇਲੇ ਫ਼ਿਲਮਾਂ ਰਾਹੀਂ ਧਰਮ ਪ੍ਰਚਾਰ ਦੀ ਤਰਫ਼ਦਾਰੀ ਕਰਨ ਵਾਲਿਆਂ ਨੂੰ ਭੁਲੇਖੇ ਵਿਚੋਂ ਨਿਕਲਣਾ ਚਾਹੀਦਾ ਹੈ, ਕਿਉਂਕਿ ਫ਼ਿਲਮਕਾਰੀ ਰਾਹੀਂ ਧਰਮ ਪ੍ਰਚਾਰ ਦੀਆਂ ਗੱਲਾਂ ਰੋਮਾਂਟਿਕ ਵਿਚਾਰਵਾਦ ਤੋਂ ਵੱਧ ਕੁਝ ਨਹੀਂ ਹਨ। 

ਇਸ ਸੰਦਰਭ ਵਿਚ ਇਕ ਵਾਰੀ ਸਾਨੂੰ ਆਪਣਾ ਮੁਖ ਗੁਰੂ-ਸਿਧਾਂਤ ਅਤੇ ਗੁਰ-ਇਤਿਹਾਸ ਵੱਲ ਕਰਨ ਦੀ ਲੋੜ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸੰਗਤਾਂ ਨੇ ਗੁਰੂ ਸਾਹਿਬ ਦੇ ਸਨਮੁਖ ਇਕ ਵਾਰ ਇਹ ਵਿਚਾਰ ਰੱਖਿਆ ਕਿ ਆਪ ਪੰਥ ਦੇ ਰੂਹਾਨੀ ਮੁਖੀ ਹੋਣ ਦੇ ਨਾਲ-ਨਾਲ ਪੰਥ ਦੇ ਸੰਸਾਰਕ ਮੁਖੀ ਵੀ ਹੋ। ਇਸ ਲਈ ਆਪ ਦੇ ਸਰੂਪ ਨੂੰ ਹੂ-ਬ-ਹੂ ਬਿਆਨ ਕਰਦਾ ਹੋਇਆ ਚਿੱਤਰ ਤਿਆਰ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਆਪਣੀ ਪਾਵਨ ਰਸਨਾ ਨਾਲ ਰੱਦ ਕਰ ਦਿੱਤਾ ਸੀ ਅਤੇ ਸੰਗਤਾਂ ਨੂੰ ਇਕ ਵਾਰ ਫਿਰ ਦ੍ਰਿੜ੍ਹ ਕਰਵਾਇਆ ਸੀ ਕਿ ਸ਼ਬਦ ਹੀ ਗੁਰੂ ਹੈ। ਭਾਈ ਗੁਰਦਾਸ ਜੀ ਦਾ ਫ਼ਰਮਾਨ ਹੈ: 

ਗੁਰ ਮੂਰਤਿ ਗੁਰ ਸਬਦੁ ਹੈ, ਸਾਧਸੰਗਤਿ ਸਮਸਰਿ ਪਰਵਾਣਾ।

ਸਿੱਖ ਪੰਥ ਨੂੰ ਇਸ ਸਾਖੀ ਵਿਚਲੀ ਦੈਵੀ ਸਿੱਖਿਆ ਨੂੰ ਸਮਝਣ ਅਤੇ ਅਪਨਾਉਣ ਦੀ ਲੋੜ ਹੈ। ਜੇਕਰ ਤਸਵੀਰਾਂ ਰਾਹੀਂ ਹੀ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਹੁੰਦਾ ਤਾਂ ਇਹ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੀ ਸ਼ੁਰੂ ਹੋ ਜਾਣਾ ਸੀ ਅਤੇ ਹਰ ਗੁਰੂ ਸਾਹਿਬ ਦਾ ਚਿੱਤਰ, ਗੁਰੂ ਸਾਹਿਬਾਨ ਦੇ ਵਕਤ ਹੀ ਤਿਆਰ ਹੋ ਜਾਣਾ ਸੀ। ਪਰ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਦਸ ਪਾਤਿਸ਼ਾਹੀਆਂ ਨੇ ਪੰਥ ਦੇ ਅੰਦਰ ਸ਼ਬਦ-ਗੁਰੂ ਦਾ ਹੀ ਪ੍ਰਕਾਸ਼ ਕੀਤਾ ਅਤੇ ਸਿੱਖਾਂ ਨੂੰ ਅਮਲੀ ਜੀਵਨ ਦੀ ਜੁਗਤ ਦਿੱਤੀ।ਜਿੱਥੋਂ ਤੱਕ ਗੱਲ ਹੈ ਸਾਡੇ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਨਾਟਕਾਂ-ਫ਼ਿਲਮਾਂ ਰਾਹੀਂ ਪਹੁੰਚਾਉਣ ਅਤੇ ਨਵੀਂ ਪੀੜ੍ਹੀ ਨੂੰ ਸਿੱਖੀ ਮੁੱਖ ਧਾਰਾ ਨਾਲ ਜੋੜਨ ਦੀ, ਇਕ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਫ਼ਿਲਮਾਂ ਧਰਮ ਪ੍ਰਚਾਰ ਕਰਨ ਜਾਂ ਸਿੱਖ ਇਤਿਹਾਸ ਦਾ ਪ੍ਰਭਾਵ ਬਿਹਤਰੀਨ ਤਰੀਕੇ ਨਾਲ ਛੱਡਣ ਦਾ, ਸਿੱਖ ਸਾਖ਼ੀ ਪਰੰਪਰਾ ਤੋਂ ਵਧੇਰੇ ਚੰਗਾ ਜ਼ਰੀਆ ਹੁੰਦੀਆਂ ਤਾਂ ਹੁਣ ਤੱਕ ਦੀ ਸਿੱਖ ਇਤਿਹਾਸ 'ਤੇ ਬਣੀ ਸਭ ਤੋਂ ਚਰਚਿਤ ਫ਼ਿਲਮ 'ਚਾਰ ਸਾਹਿਬਜ਼ਾਦੇ' ਨੂੰ ਬਣਾਉਣ ਵਾਲੇ ਡਾਇਰੈਕਟਰ, ਪ੍ਰੋਡਿਊਸਰ ਕਿਉਂ ਨਹੀਂ ਸਿੱਖ ਸਜ ਸਕੇ? ਕੀ ਅੱਜ ਤੱਕ ਕੋਈ ਇਕ ਵੀ ਅਜਿਹਾ ਸਿੱਖ ਵਿਖਾਇਆ ਜਾ ਸਕਦਾ ਹੈ, ਜਿਹੜਾ ਕਿਸੇ ਧਾਰਮਿਕ ਫ਼ਿਲਮ ਤੋਂ ਪ੍ਰਭਾਵਿਤ ਹੋ ਕੇ ਸਿੱਖ ਰੂਹਾਨੀ ਚੇਤਨਾ ਦੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਸਕਿਆ ਹੋਵੇ? ਅਜੋਕੇ ਸਮੇਂ 'ਚ ਫ਼ਿਲਮਾਂ-ਨਾਟਕਾਂ ਜ਼ਰੀਏ ਸਿੱਖੀ ਦਾ ਪ੍ਰਚਾਰ ਕਰਨ ਦੇ ਤਰਫ਼ਦਾਰਾਂ ਦੀਆਂ ਦਲੀਲਾਂ ਦਾ ਗੁਰਮਤਿ ਦੇ ਨਜ਼ਰੀਏ ਤੋਂ ਖੰਡਨ ਕਰਨ ਲਈ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਚਿੱਤਰ ਨਾਟਕ ਵਿਚ ਕੀਤਾ ਫ਼ਰਮਾਨ ਬਿਲਕੁਲ ਢੁੱਕਵਾਂ ਹੈ: 

ਨਾਟਕ ਚੇਟਕ ਕੀਏ ਕੁਕਾਜਾ।।ਪ੍ਰਭ ਲੋਗਨ ਕਹ ਆਵਤ ਲਾਜਾ।।

ਭਾਵ; ਧਰਮ ਕਰਮ ਕਰਨ ਲਈ ਜੋ ਸਾਧਕ ਨਾਟਕ ਅਤੇ ਚੇਟਕ ਕਰਦੇ ਹਨ, ਅਜਿਹੇ ਪ੍ਰਪੰਚਾਂ ਨੂੰ ਵੇਖ ਕੇ ਪਰਮਾਤਮਾ ਦੇ ਸੱਚੇ ਭਗਤਾਂ ਨੂੰ ਲੱਜਾ ਆਉਂਦੀ ਹੈ, ਕਿਉਂਕਿ ਅਜਿਹੇ ਵਿਖਾਵੇ ਵਾਹਿਗੁਰੂ ਅਕਾਲ ਪੁਰਖ ਨੂੰ ਨਹੀਂ ਭਾਉਂਦੇ, ਉਸ ਦੇ ਦਰ 'ਤੇ ਸਿਰਫ਼ ਸੱਚੀ ਕਰਨੀ ਹੀ ਸਵੀਕਾਰ ਹੈ, ਉਹ ਸਿਰਫ਼ ਸ਼ੁੱਭ ਜੀਵਨ ਅਮਲਾਂ 'ਤੇ ਹੀ ਰੀਝਦਾ ਹੈ। ਤਾਂਤੇ ਜੇਕਰ ਅਸੀਂ ਵੀ ਆਪਣੇ ਸਿਧਾਂਤਾਂ ਤੋਂ ਓਝੜੇ ਪੈ ਕੇ ਨਾਟਕ-ਚੇਟਕ ਦੀਆਂ ਕੁਰੀਤੀਆਂ-ਕੁਚਾਲਾਂ ਵਿਚ ਫ਼ਸ ਕੇ ਧਰਮ ਪ੍ਰਚਾਰ ਕਰਨ ਦਾ ਭੁਲੇਖਾ ਪਾਲੀ ਬੈਠਾਂਗੇ ਤਾਂ ਫਿਰ ਉਹ ਬੁਨਿਆਦੀ ਸਿਧਾਂਤਾਂ ਅਤੇ ਪਵਿੱਤਰ ਆਦਰਸ਼ਾਂ ਦਾ ਮਹਾਨ ਫ਼ਲਸਫ਼ਾ ਕਿੱਧਰ ਜਾਵੇਗਾ, ਜਿਸ ਨੂੰ ਅਮਲੀ ਜੀਵਨ ਵਿਚ ਨਿਭਾਉਣ ਦੀ ਸਾਡੇ ਅੰਦਰ ਦ੍ਰਿੜ੍ਹਤਾ ਪੱਕੀ ਕਰਨ ਲਈ ਦਸ ਜਾਮਿਆਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 249 ਸਾਲ ਦਾ ਸਮਾਂ ਲਗਾਉਣਾ ਪਿਆ ਸੀ।

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)