ਮਨੁੱਖੀ ਹੱਕਾਂ ਦੀ ਕ੍ਰਾਂਤੀ ਦੇ ਸਿਰਜਕ ਸਤਿਗੁਰੂ ਨਾਨਕ

ਮਨੁੱਖੀ ਹੱਕਾਂ ਦੀ ਕ੍ਰਾਂਤੀ ਦੇ ਸਿਰਜਕ ਸਤਿਗੁਰੂ ਨਾਨਕ

ਪੰਦਰਵੀਂ ਸਦੀ ਤਕ ਸਦੀਆਂ ਦੀ ਗੁਲਾਮੀ ਅਤੇ ਜਾਤ ਪਾਤ ਦੇ ਆਧਾਰ ਉੱਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਭੈੜਾ ਹਾਲ ਸੀ।

ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰ ਕੇ ਲੋਕਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਨੀਵੀਆਂ ਜਾਤੀਆਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਵੇਲੇ ਦੇ ਹਾਕਮਾਂ ਨੇ ਧਰਮ ਦੇ ਠੇਕੇਦਾਰਾਂ ਅਤੇ ਉੱਚੀ ਜਾਤ ਦੇ ਆਗੂਆਂ ਨੂੰ ਖਰੀਦ, ਉਨ੍ਹਾਂ ਦੇ ਹੱਥੋਂ ਹੀ ਇਸ ਵੰਡ ਨੂੰ ਮਜ਼ਬੂਤ ਕਰਵਾਇਆ। ਗਰੀਬ, ਨਿਮਾਣੇ ਅਤੇ ਲਿਤਾੜੇ ਜਾ ਰਹੇ ਲੋਕਾਂ ਦੇ ਦਿਮਾਗ ਵਿਚ ਇਹ ਦ੍ਰਿੜ ਕਰਵਾ ਦਿੱਤਾ ਗਿਆ ਕਿ ਤੁਹਾਡੀ ਦੁਰਦਸ਼ਾ ਤੁਹਾਡੇ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਕਰ ਕੇ ਹੈ। ਅਗਲੇ ਜਨਮ ਵਿਚ ਭਲੇ ਦਿਨ ਦੇਖਣ ਲਈ ਉੱਚੀਆਂ ਜਾਤਾਂ ਦੀ ਸੇਵਾ ਕਰੋ, ਦੇਵੀ ਦੇਵਤਿਆਂ ਦੀ ਪੂਜਾ ਕਰੋ। ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਨੀਚ ਅਤੇ ਅਛੂਤ ਸਮਝੇ ਜਾਂਦੇ ਲੋਕਾਂ ਲਈ ਵਿਦਿਆ ਦੀ ਪ੍ਰਾਪਤੀ, ਚੰਗੇ ਕਪੜੇ ਪਹਿਨਣ ਅਤੇ ਧਾਰਮਿਕ ਸਥਾਨ ਉੱਤੇ ਜਾਣ ਦਾ ਮਨਾਹੀ ਕੀਤੀ ਹੋਈ ਸੀ। ਧਾੜਵੀਆਂ ਦੇ ਹਮਲਿਆਂ ਅਤੇ ਵਿਦੇਸ਼ੀਆਂ ਦੀ ਗੁਲਾਮੀ ਨੇ ਲੋਕਾਂ ਵਿਚੋਂ ਸਵੈਮਾਣ ਖਤਮ ਕਰ ਦਿੱਤਾ ਸੀ। ਧਾੜਵੀ ਆਉਂਦੇ, ਲੁੱਟ ਮਚਾਉਂਦੇ, ਲੋਕਾਂ ਉੱਤੇ ਜ਼ੁਲਮ ਕਰਦੇ, ਇਥੋਂ ਤੱਕ ਕਿ ਲੁੱਟੇ ਮਾਲ ਦੇ ਨਾਲ ਨਾਲ ਔਰਤਾਂ ਨੂੰ ਵੀ ਆਪਣੇ ਨਾਲ ਲੈ ਜਾਂਦੇ। ਇਸ ਜ਼ੁਲਮ ਵਿਰੁਧ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮਾਂ ਨੂੰ ਲਲਕਾਰਿਆਂ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਵਾਸਤੇ ਜੂਝਣ ਲਈ ਵੰਗਾਰਿਆ। ਉਨ੍ਹਾਂ ਨੇ ਨਿਮਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ ਆਪ ਨੂੰ ਖੜ੍ਹਾ ਕੀਤਾ ਅਤੇ ਉਨ੍ਹਾਂ ਦਾ ਸਾਥ ਦਿੱਤਾ। ਕਿਰਤੀਆਂ ਨੂੰ ਮਾਣ ਬਖਸ਼ਿਆ ਅਤੇ ਗਿਆਨ ਦੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹੇ:

ਜੇ ਜੀਵੈ ਪਤਿ ਲਥੀ ਜਾਇ॥

ਸਭੁ ਹਰਾਮੁ ਜੇਤਾ ਕਿਛੁ ਖਾਇ॥ (142)

ਗੁਰੂ ਜੀ ਨੇ ਕੇਵਲ ਲੋਕਾਂ ਵਿਚ ਚੇਤਨਾ ਹੀ ਨਹੀਂ ਜਗਾਈ ਸਗੋਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਘੋਲ ਕਰਨ ਲਈ ਵੀ ਪ੍ਰੇਰਿਆ। ਉਦੋਂ ਸ਼ਾਹੀ ਜ਼ੁਲਮ ਅਤੇ ਜਬਰ ਆਪਣੀ ਸਿਖਰ ਉੱਤੇ ਸੀ। ਉਸ ਸਮੇਂ ਦੀ ਹਾਲਤ ਦੇਖ ਗੁਰੂ ਜੀ ਨੇ ਆਖਿਆ ਸੀ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ

ਚੜਿਆ॥ (145)

ਧਰਮ ਲੋਕਾਂ ਵਿਚ ਗਿਆਨ ਦਾ ਚਾਨਂਣ ਕਰਨ ਦੀ ਥਾਂ ਉਨ੍ਹਾਂ ਨੂੰ ਅੰਧ-ਵਿਸ਼ਵਾਸ ਦੇ ਹਨੇਰੇ ਵਿਚ ਸੁੱਟ ਰਿਹਾ ਸੀ। ਆਪਣੀ ਹੋਣੀ ਨੂੰ ਪਿਛਲੇ ਕਰਮਾਂ ਦਾ ਫਲ ਮੰਨ, ਸਿਰ ਨੀਵਾਂ ਕਰ ਕੇ ਜ਼ੁਲਮ ਸਹਿਣ ਦਾ ਲੋਕਾਂ ਨੂੰ ਪਾਠ ਪੜ੍ਹਾਇਆ ਜਾਂਦਾ ਸੀ। ਗੁਰੂ ਜੀ ਦਾ ਕਥਨ ਹੈ:

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ

ਵੇ ਲਾਲੋ॥

ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ (722)

ਉਸ ਸਮੇਂ ਦੇ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂ ਲੋਕਾਂ ਦੀ ਅਗਵਾਈ ਕਰਨ ਦੀ ਥਾਂ ਸ਼ਾਹੀ ਜ਼ੁਲਮ ਦੇ ਭਾਈਵਾਲ ਬਣ ਕੇ ਲੋਕਾਂ ਉੱਤੇ ਜ਼ੁਲਮ ਢਾਹ ਰਹੇ ਸਨ। ਗੁਰੂ ਜੀ ਨੇ ਇਨ੍ਹਾਂ ਆਗੂਆਂ ਨੂੰ ਫਿਟਕਾਰਿਆ:

ਅੰਧਾ ਆਗੂ ਜੇ ਥੀਐ ਕਿਉ ਪਾਧਰੂ ਜਾਣੈ॥

ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ (767)

ਇੰਝ ਸਮਾਜ ਵਿਚ ਨਿਮਾਣਿਆਂ, ਨਿਤਾਣਿਆਂ ਅਤੇ ਬੇਆਸਰਿਆਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਗੁਰੂ ਜੀ ਨੇ ਦਲੇਰੀ ਨਾਲ ਲੋਟੂ ਟੋਲੇ ਨੂੰ ਵੰਗਾਰਿਆ ਅਤੇ ਲੁੱਟੀ ਜਾ ਰਹੀ ਲੋਕਾਈ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਲੜਨ ਵਾਸਤੇ ਤਿਆਰ ਕੀਤਾ।

ਗੁਰੂ ਜੀ ਦਾ ਜਨਮ 1469 ਈਸਵੀ ਨੂੰ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਰਾਇ ਭੋਇੰ ਦੀ ਤਲਵੰਡੀ (ਨਾਨਕਾਣਾ ਸਾਹਿਬ) ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਬਾਬਾ ਕਾਲੂ ਜੀ ਸੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ। ਗੁਰੂ ਜੀ ਮੁੱਢ ਤੋਂ ਹੀ ਦੁਨਿਆਵੀ ਕਾਰਜਾਂ ਨਾਲੋਂ ਵਧੇਰੇ ਰੂਹਾਨੀਆਤ ਵੱਲ ਧਿਆਨ ਦਿੰਦੇ ਸਨ। ਗੁਰੂ ਜੀ ਨੇ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਦੀ ਪੜ੍ਹਾਈ ਕੀਤੀ। ਬਚਪਨ ਵਿਚ ਜਦੋਂ ਉਨ੍ਹਾਂ ਨੂੰ ਜਨੇਊ ਪਹਿਨਾਉਣ ਲਈ ਪੰਡਤ ਜੀ ਆਏ ਤਾਂ ਗੁਰੂ ਜੀ ਨੇ ਆਖਿਆ, ਤੁਸੀਂ ਮੈਨੂੰ ਉਹ ਜਨੇਊ ਦੇਵੋਂ ਜੋ ਆਤਮਾ ਦੇ ਕੰਮ ਆਵੇ। ਜਿਹੜਾ ਜਨੇਊ ਤੁਸੀਂ ਮੈਨੂੰ ਦੇ ਰਹੇ ਹੋ ਇਹ ਤਾਂ ਧਾਗੇ ਦਾ ਹੈ:

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ (471)

ਆਪ ਹਮੇਸ਼ਾ ਇਹ ਸੋਚਦੇ ਰਹਿੰਦੇ ਸਨ ਕਿ ਸਮਾਜ ਵਿਚ ਨਾ ਬਰਾਬਰੀ, ਛੂਤ ਛਾਤ ਅਤੇ ਲੁੱਟ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਆਖਿ਼ਰ ਆਪ ਆਪਣੇ ਬਚਪਨ ਦੇ ਸਾਥੀ ਨੀਵੀਂ ਜਾਤ ਦੇ ਸਮਝੇ ਜਾਂਦੇ ਮਰਦਾਨਾ ਨੂੰ ਨਾਲ ਲੈ ਕੇ ਆਪਣੇ ਮਿਸ਼ਨ ਉੱਤੇ ਘਰੋਂ ਨਿਕਲ ਤੁਰੇ। ਭਾਈ ਮਰਦਾਨੇ ਨੂੰ ਸਾਥੀ ਬਣਾਉਣਾ ਆਪਣੇ ਆਪ ਵਿਚ ਇਲਕਲਾਬੀ ਕਦਮ ਸੀ। ਮਰਦਾਨੇ ਦੀ ਰਬਾਬ ਉੱਤੇ ਹੀ ਆਪ ਨੇ ਬਹੁਤੀ ਬਾਣੀ ਉਚਾਰਨ ਕੀਤੀ। ਉਨ੍ਹਾਂ ਨੀਵੇਂ ਸਮਝੇ ਜਾਂਦੇ ਲੋਕਾਂ ਨੂੰ ਆਖਿਆ ਕਿ ਸੰਸਾਰ ਵਿਚ ਸਾਰੇ ਬਰਾਬਰ ਹਨ। ਸਾਰਿਆਂ ਵਿਚ ਇੱਕ ਜੋਤਿ ਹੈ, ਤੁਹਾਨੂੰ ਨੀਚ ਕੇਵਲ ਲੋਟੂ ਟੋਲੇ ਨੇ ਹੀ ਬਣਾਇਆ ਹੋਇਆ ਹੈ।

ਗੁਰੂ ਜੀ ਨੇ ਮਜ਼ਲੂਮਾਂ ਨੂੰ ਆਖਿਆ ਕਿ ਮੈਂ ਤੁਹਾਡੇ ਨਾਲ ਹਾਂ। ਤੁਸੀ ਡਰ ਤਿਆਗੋ, ਸੱਚ ਅਤੇ ਹੱਕ ਦੀ ਰਾਖੀ ਲਈ ਸੰਘਰਸ਼ ਕਰੋ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (15)

ਗੁਰੂ ਜੀ ਨੂੰ ਯਕੀਨ ਸੀ ਕਿ ਲੋਕਾਂ ਦੀਆਂ ਮੁਸੀਬਤਾਂ ਦੀ ਜੜ੍ਹ ਅਗਿਆਨਤਾ ਹੈ। ਇਨ੍ਹਾਂ ਨੂੰ ਗੁਮਰਾਹ ਕਰਕੇ ਲਿਤਾੜਿਆ ਜਾ ਰਿਹਾ ਹੈ।ਗੁਰੂ ਜੀ ਦਾ ਫਰਮਾਨ ਹੈ:

ਜਹ ਗਿਆਨ ਪ੍ਰਗਾਸ ਅਗਿਆਨੁ ਮਿਟੰਤੁ ॥ (791)

ਇਸ ਕਰ ਕੇ ਉਨ੍ਹਾਂ ਆਮ ਲੋਕਾਂ ਲਈ ਗਿਆਨ ਦੇ ਬੂਹੇ ਖੋਲ੍ਹੇ। ਆਪਣੀ ਬਾਣੀ ਲੋਕਾਂ ਦੀ ਭਾਸ਼ਾ ਵਿਚ ਉਚਾਰੀ। ਖੋਟ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਲੋਕਾਂ ਨੂੰ ਪ੍ਰੇਰਿਆ। ਉਨ੍ਹਾਂ ਨੇ ਲੋਕਾਈ ਨੂੰ ਵਹਿਮਾਂ, ਭਰਮਾਂ ਅਤੇ ਅੰਧ ਵਿਸ਼ਵਾਸ ਵਿਚੋਂ ਕੱਢ, ਇਕ ਰੱਬ ਉਤੇ ਯਕੀਨ ਕਰਨਾ ਸਿਖਾਇਆ। ਉਨ੍ਹਾਂ ਦੱਸਿਆ ਕਿ ਜਨਮ ਤੋਂ ਕੋਈ ਚੰਗਾ ਬੁਰਾ ਨਹੀਂ ਹੁੰਦਾ। ਬੁਰੇ ਬੰਦੇ ਦੇ ਕਰਮ ਹੁੰਦੇ ਹਨ। ਬੁਰੇ ਨੀਚ ਜਾਤੀਆਂ ਵਾਲੇ ਨਹੀਂ ਹਨ ਸਗੋਂ ਨੀਚ ਉਹ ਹਨ ਜਿਹੜੇ ਨਿਮਾਣਿਆਂ ਉਤੇ ਜ਼ੁਲਮ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ਮਾਰਦੇ ਹਨ। ਉਨ੍ਹਾਂ ਲੋਕਾਂ ਦੇ ਮਨਾਂ ਵਿਚੋਂ ਤਾਕਤ ਦੇ ਭੈਅ ਨੂੰ ਦੂਰ ਕਰਕੇ ਸੱਚ ਅਤੇ ਹੱਕ ਦੀ ਰਾਖੀ ਲਈ ਤਿਆਰ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸੰਸਾਰ ਨੂੰ ਲੋਕ ਰਾਜ ਅਤੇ ਸਮਾਜਵਾਦ ਦੇ ਫਲਸਫੇ ਦੀ ਬਖਸ਼ਿਸ਼ ਕੀਤੀ। ਗੁਰੂ ਜੀ ਨੇ ਨਿਮਾਣੇ ਅਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਦੀ ਸੋਝੀ ਕਰਵਾ ਕੇ ਅਜਿਹੀ ਜੋਤ ਜਗਾਈ ਜਿਹੜੀ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣ ਗਈ। ਯੁੱਗ ਪੁਰਸ਼ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਇੱਕ ਨਵੇਂ ਇਨਕਲਾਬ ਦੀ ਨੀਂਹ ਰੱਖੀ। ਲੋਕਾਂ ਨੇ ਆਪਣੇ ਹੱਕਾਂ ਦੀ ਲੜਾਈ ਸ਼ੁਰੂ ਕੀਤੀ ਜਿਸ ਸਦਕਾ ਅੱਜ ਸਾਰੇ ਸੰਸਾਰ ਵਿਚ ਲੋਕਰਾਜ ਦਾ ਬੋਲਬਾਲਾ ਹੈ।

ਗੁਰੂ ਜੀ ਨੇ ਸੰਚਾਰ ਤੇ ਪ੍ਰਚਾਰ ਦਾ ਅਨੋਖਾ ਅਤੇ ਪ੍ਰਭਾਵਸ਼ਾਲੀ ਢੰਗ ਅਪਣਾਇਆ। ਉਨ੍ਹਾਂ ਕਿਸੇ ਨੂੰ ਮੰਦਾ ਨਹੀਂ ਆਖਿਆ। ਉਨ੍ਹਾਂ ਆਖਿਆ- ਸੱਚੀ ਅਤੇ ਸੁੱਚੀ ਕਿਰਤ ਕਰਨੀ, ਉਸ ਨੂੰ ਵੰਡ ਛਕਣਾ ਅਤੇ ਰੱਬ ਦਾ ਨਾਮ ਜਪਣਾ ਹੀ ਧਰਮ ਹੈ। ਉਨ੍ਹਾਂ ਨੇ ਤਰਕ ਅਤੇ ਦਲੀਲਾਂ ਨਾਲ ਕੁਰਹਿਤਾਂ ਦਾ ਖੰਡਨ ਕੀਤਾ ਅਤੇ ਬਿਨਾ ਵਾਦ ਵਿਵਾਦ ਵਿਚਾਰ ਰਾਹੀਂ ਸਾਰਿਆਂ ਨੂੰ ਸੱਚ ਦਾ ਰਾਹ ਦਿਖਾਇਆ। ਉਨ੍ਹਾਂ ਚਾਰ ਉਦਾਸੀਆਂ ਰਾਹੀਂ 24 ਸਾਲ ਪੈਦਲ ਯਾਤਰਾ ਕਰ ਕੇ ਸਾਰੇ ਏਸ਼ੀਆ, ਅਫਰੀਕਾ, ਤੇ ਯੂਰੋਪ ਦਾ ਭ੍ਰਮਣ ਕੀਤਾ ਤੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਤਿਆਰ ਕੀਤਾ।

 

ਡਾ. ਰਣਜੀਤ ਸਿੰਘ