ਪੂਛ

ਪੂਛ

ਸਾਹਿਤ, ਹਾਸ ਵਿਅੰਗ

ਜੀਵ ਵਿਗਿਆਨ ਦੱਸਦਾ ਏ ਕਿ ਅਸੀਂ ਬਾਂਦਰ ਤੋਂ ਵਿਕਾਸ ਕਰਦੇ-ਕਰਦੇ ਬੰਦੇ ਬਣ ਗਏ ਹਾਂ, ਪਰ ਇਹ ਗੱਲ ਸਾਡੇ ਗਲੇ ਤੋਂ ਹੇਠਾਂ ਨਹੀਂ ਉਤਰਦੀ। ਉਤਰੇ ਵੀ ਕਿਵੇਂ? ਜੇਕਰ ਇਹੀ ਸੋਲਾਂ ਆਨੇ ਸੱਚ ਹੁੰਦਾ ਤਾਂ ਅਸੀਂ ਕਾਸਤੋਂ ਕਿਸੇ ਨੂੰ ‘ਬੰਦਾ ਬਣਜਾ ਓਏ... ਬੰਦਾ’ ਕਰਦੇ ਫਿਰਦੇ? ਖ਼ੈਰ! ਅਸੀਂ ਬੰਦੇ ਬਣਨਾ ਚਾਹੁੰਦੇ ਵੀ ਨਹੀਂ। ਬੰਦੇ ਬਣ ਕੇ ਸਾਥੋਂ ਕਈ ਕੁਝ ਖੁੱਸ ਜਾਣ ਦਾ ਡਰ ਸਾਡੇ ਸਿਰ ’ਤੇ ਮੰਡਰਾ ਰਿਹਾ। ਆਪਣੇ ਵਜੂਦ ਵੱਲ ਧਿਆਨ ਮਾਰਿਆਂ ਪਤਾ ਲੱਗਦਾ ਏ ਕਿ ਅਸੀਂ ਬਾਂਦਰ ਤੋਂ ਬੰਦੇ ਬਣਦਿਆਂ-ਬਣਦਿਆਂ ਸੱਚਮੁੱਚ ਹੀ ਕੁਝ ਅੰਗ ਗੁਆ ਲਏ ਨੇ। ਗੁਆਚੇ ਅੰਗਾਂ ਦਾ ਖ਼ਿਆਲ ਆਉਂਦਾ ਏ ਤਾਂ ਸਾਡੀ ਸੋਚ ਦੀ ਗਰਾਰੀ ਪੂਛ ’ਤੇ ਜਾ ਕੇ ਘਰੈਂ-ਘਰੈਂ ਕਰਨ ਲੱਗ ਪੈਂਦੀ ਐ।

ਵਿਗਿਆਨ ਨੂੰ ਪੁੱਛਦੇ ਹਾਂ ਤਾਂ ਉਹ ਆਖਦਾ ਏ ਕਿ ਜਿਨ੍ਹਾਂ ਅੰਗਾਂ ਨੂੰ ਤੁਸੀਂ ਵਰਤੋਂ ਵਿੱਚ ਨਹੀਂ ਲਿਆਉਂਦੇ ਜਾਂ ਜਿਨ੍ਹਾਂ ਦੀ ਤੁਹਾਨੂੰ ਲੋੜ ਨਹੀਂ ਰਹਿ ਜਾਂਦੀ; ਕੁਦਰਤ ਉਨ੍ਹਾਂ ਨੂੰ ਸਹਿਜੇ-ਸਹਿਜੇ ਗ਼ਾਇਬ ਕਰ ਦਿੰਦੀ ਹੈ। ਪਰ ਸਾਨੂੰ ਤਾਂ ਵਿਗਿਆਨ ਦੀ ਇਹ ਗੱਲ ਵੀ ਨਿਰਾ ਛਲਾਵਾ ਹੀ ਜਾਪਦੀ ਐ। ਭਲਾ ਕੌਣ ਕਹਿੰਦੈ ਕਿ ਸਾਨੂੰ ਪੂਛ ਦੀ ਲੋੜ ਨਹੀਂ ਰਹੀ? ਪੂਛ ਦੀ ਤਾਂ ਹਰਤੇ-ਕਰਤੇ ਲੋੜ ਰਹਿੰਦੀ ਐ।

ਕੀ ਕਿਹਾ? ਅਸੀਂ ਐਵੇਂ ਉੱਘ ਦੀਆਂ ਪਤਾਲ ਛੱਡੀ ਜਾਂਦੇ ਹਾਂ? ਬਾਦਸ਼ਾਹੋ, ਕਿਹੜੇ ਭੁਲੇਖੇ ਵਿੱਚ ਤੁਰੇ ਫਿਰਦੇ ਓ ਤੁਸੀਂ! ਅੱਜ ਦਾ ਜ਼ਮਾਨਾ ਤਾਂ ਵੇਖੋ! ਜ਼ਮਾਨੇ ਦੇ ਕੰਮ ਵੇਖੋ। ਆਹੋ! ਉਹੀਓ ਕੰਮ, ਜਿਹੜੇ ਲੰਮੇ-ਲੰਮੇ ਹੱਥਾਂ ਤੋਂ ਵੀ ਨੇਪਰੇ ਨਹੀਂ ਚੜ੍ਹਦੇ; ਪੂਛ ਉਨ੍ਹਾਂ ਨੂੰ ਪਲ਼ਾਂ-ਛਿਣਾਂ ਵਿੱਚ ਨੇਪਰੇ ਚਾੜ੍ਹਣ ਦੀ ਤਾਕਤ ਰੱਖਦੀ ਐ। ਬਾ-ਸ਼ਰਤ-ਏ! ਪੂਛ ਹਿਲਾਉਣ ਦੀ ਜਾਚ ਆਉਂਦੀ ਹੋਣੀ ਚਾਹੀਦੀ ਐ।

ਹਾ ਹਾ ਹਾ... ਇਹ ਕਿਤੇ ਕਿੱਡਾ ਕੁ ਮਸਲਾ ਏ! ਕੀ ਹੋਇਆ ਜੇ ਕੁਦਰਤ ਨੇ ਸਾਥੋਂ ਪੂਛ ਖੋਹ ਲਈ ਤਾਂ? ਜੇ ਅਸੀਂ ਨਵੀਂ ਪੂਛ ਹੀ ਨਾ ਤਿਆਰ ਕਰ ਸਕੇ ਤਾਂ ਐਡੇ ਖੋਪੜ ਨੂੰ ਕੀ ਰਗੜ ਕੇ ਫੋੜੇ ’ਤੇ ਲਾਉਣਾ! ਫਿਰ ਜੀ ਪੂਛ ਵੀ ਇੱਕ-ਅੱਧ ਪ੍ਰਕਾਰ ਦੀ ਨਹੀਂ। ਕਈ ਤਰ੍ਹਾਂ ਦੀਆਂ ਪੂਛਾਂ ਤਿਆਰ ਕਰ ਲਈਆਂ ਨੇ ਅਸਾਂ। ਪ੍ਰਧਾਨਗੀ ਦੀ ਪੂਛ, ਮੈਂਬਰੀ ਦੀ ਪੂਛ, ਚੇਅਰਮੈਨੀ ਦੀ ਪੂਛ! ਹੋਰ ਕਿਹੜੀਆਂ-ਕਿਹੜੀਆਂ ਦੱਸਾਂ! ਜੇ ਇਹੀ ਦੱਸਣ ਲੱਗ ਗਏ ਤਾਂ ਪੂਛ ਦੀਆਂ ਕਿਸਮਾਂ ਨੇ ਹੀ ਵਰਕਿਆਂ ਦੇ ਵਰਕੇ ਕਾਲੇ ਕਰ ਸੁੱਟਣੇ ਨੇ।

ਨਾ ਜੀ ਨਾ! ਪਸ਼ੂਆਂ ਦੀ ਪੂਛ ਦਾ ਸਾਡੀ ਪੂਛ ਨਾਲ ਕੀ ਮੇਲ? ਪਸ਼ੂ ਤਾਂ ਪੂਛ ਨਾਲ ਮੱਖੀਆਂ ਉਡਾਉਣ ਤੋਂ ਬਿਨਾਂ ਹੋਰ ਕਰਦੇ ਵੀ ਕੀ ਨੇ ਭਲਾ? ਸਾਡੀ ਪੂਛ ਮੱਖੀਆਂ ਉਡਾਉਣ ਲਈ ਨਹੀਂ ਸਗੋਂ ਮੱਖੀਆਂ ਖਿੱਚਣ ਨੂੰ ਹੁੰਦੀ ਐ। ਜਿੱਡੀ ਵੱਡੀ ਕਿਸੇ ਦੀ ਪੂਛ; ਓਨੀਆਂ ਹੀ ਉਹਦੇ ਦੁਆਲੇ ਮੱਖੀਆਂ। ਲੈ ਦੱਸ! ਬਾਦਸ਼ਾਹੋ ਸਾਡੀ ਸ਼ਖ਼ਸੀਅਤ ਦਾ ਤਾਂ ਪਤਾ ਹੀ ਮੱਖੀਆਂ ਦੀ ਗਿਣਤੀ ਤੋਂ ਲੱਗਦੈ। ਜਿਹਦੇ ਦੁਆਲੇ ਜਿੰਨੀਆਂ ਜ਼ਿਆਦਾ ਮੱਖੀਆਂ; ਓਨਾ ਵੱਡਾ ਸ਼ਖ਼ਸ। ਹਾਂ-ਹਾਂ! ਬਿਲਕੁਲ ਓਵੇਂ ਹੀ! ਓਵੇਂ ਹੀ ਮਾਲਕੋ; ਜਿਵੇਂ ਲੋਕ ਮੱਝਾਂ ਦੀਆਂ ਪੂਛਾਂ ਫੜ੍ਹ ਕੇ ਛੱਪੜਾਂ ’ਚ ਤਾਰੀਆਂ ਲਾਉਣ ਦੇ ਨਜ਼ਾਰੇ ਲੈਂਦੇ ਰਹੇ ਐ; ਸਾਡੀ ਪੂਛ ਫੜ੍ਹ ਕੇ ਵੀ ਨਜ਼ਾਰੇ ਲੈਂਦੇ ਨੇ। ਮਖਿਆ ਛੱਪੜ ਵਿੱਚ ਕਿਹੜੇ ਨਜ਼ਾਰੇ ਹੁੰਦੇ ਨੇ ਜੀ; ਕੋਈ ਪੂਛ ਫੜ੍ਹ ਕੇ ਤਾਂ ਵੇਖੇ! ਪੂਰੇ ਸੰਸਾਰ ਸਮੁੰਦਰ ਵਿੱਚ ਤਾਰੀਆਂ ਲਾਉਣ ਦਾ ਮੌਕਾ ਥਿਆ ਜਾਂਦੈ।

ਹਰਗਿਜ਼ ਨਹੀਂ ਜੀ! ਇਉਂ ਕੋਈ ਖ਼ਤਰਾ ਨਹੀਂ। ਖ਼ਤਰਾ ਬਣੇ ਵੀ ਤਾਂ ਸਾਨੂੰ ਪਤਾ ਲੱਗ ਜਾਂਦੈ ਬਈ ਫਲਾਣਾ ਬੰਦਾ ਸਾਡੀ ਪੂਛ ਦੇ ਸਹਾਰੇ ‘ਪਾਰ ਹੋਣਾ’ ਲੋਚਦਾ ਏ। ਅਸੀਂ ਝਟਪਟ ਉਹਨੂੰ ਵਡਿਆ ਕੇ ਕਿਸੇ ਗੰਦੇ ਜਿਹੇ ਟੋਭੇ ਵਿੱਚ ਲੈ ਜਾਂਦੇ ਹਾਂ; ਟੋਭੇ ਦੇ ਐਨ ਵਿਚਾਲੇ ਜਾ ਕੇ ਐਸਾ ਪਲਸੇਟਾ ਮਾਰੀਦੈ ਕਿ ਅਗਲੇ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ। ਪੂਛ ਨੂੰ ਪਾਏ ਹੱਥ ਅੱਖ ਦੇ ਫੋਰ ਵਿੱਚ ਛੁੱਟ ਜਾਂਦੇ ਨੇ ਤੇ ਉਹ ‘ਵਿਚਾਰਾ’ ਟੁੱਟੀ ਹੋਈ ਪਤੰਗ ਵਾਂਙੂੰ ਗੋਤੇ ਖਾਂਦਾ ਹੇਠਾਂ ਹੀ ਹੇਠਾਂ ਤੁਰਿਆ ਜਾਂਦੈ। ਅਸੀਂ ਦੁੜੰਗੇ ਲਾਉਂਦੇ ਬਾਹਰ ਆ ਕੇ ਆਪਣੀ ਪੂਛ ਨੂੰ ਝਣਕਦੇ ਹੋਏ ਚਿੱਕੜ ਰਹਿਤ ਹੋਣ ਵਿੱਚ ਰੁੱਝ ਜਾਂਦੇ ਹਾਂ।

ਐਡੀ ਕੋਈ ਗੱਲ ਨਹੀਂ ਬਾਦਸ਼ਾਹੋ! ਤੁਹਾਡੇ ਕਹਿਣ ਮੂਜਬ ਜੇ ਅਗਲਾ ਟੋਭੇ ’ਚੋਂ ਨਿਕਲ ਵੀ ਆਵੇ ਤੇ ਮੁੜ ਸਾਡੀ ਪੂਛ ਲਈ ਖ਼ਤਰਾ ਬਣਦਾ ਦਿਸੇ ਤਾਂ ਸਾਡੇ ਅੰਦਰੋਂ ਹੋਰ ਜਨੌਰ ਵੀ ਜਾਗ ਪੈਂਦੇ ਨੇ। ਬਸ ਉਨ੍ਹਾਂ ਦੇ ਜਾਗਣ ਦੀ ਦੇਰ ਐ; ਅਸੀਂ ਅਗਲੇ ਦੇ ਢੁੱਡ ਮਾਰਨ ਲੱਗੇ ਵੇਲਾ ਨਹੀਂ ਖੁੰਝਾਉਂਦੇ।

ਕਿਵੇਂ? ਜੇ ਢੁੱਡ ਨਾਲ ਗੱਲ ਨਾ ਬਣੇ? ਇਹਦੇ ਵਿੱਚ ਚਿੰਤਾ ਵਾਲੀ ਕਿਹੜੀ ਗੱਲ ਐ ਬਾਦਸ਼ਾਹੋ! ਐਹੋ ਜਿਹੀ ਬਿਪਤਾ ਖੜ੍ਹੀ ਹੁੰਦਿਆਂ ਹੀ ਸਾਡੇ ਵਿਚਲੇ ਵੱਡੇ-ਵੱਡੇ ਸਿੰਙਾਂ ਵਾਲੇ ਜਨੌਰ ਟਾਕਰੇ ਲਈ ਸਿਰ ਚੁੱਕ ਲੈਂਦੇ ਨੇ।

ਲੈ ਦੱਸ! ਸਿਰ ’ਤੇ ਸਿੰਙ ਨਾ ਵੇਖ ਕੇ ਮਾਯੂਸ ਕਿਵੇਂ ਹੋ ਜਾਣਗੇ? ਸਿੰਙ ਤਾਂ ਸਾਡੇ ਕੋਲ ਹਰ ਵਕਤ ਮੌਜੂਦ ਹੁੰਦੇ ਨੇ; ਫ਼ਰਕ ਬਸ ਇਹੀ ਐ ਬਈ ਹੁਣ ਸਾਡੇ ਸਿੰਙ ਸਿਰ ਦੀ ਥਾਵੇਂ ਡੱਬ ’ਚ, ਜੇਬ ’ਚ ਜਾਂ ਹੋਰ ਉਰ੍ਹਾਂ-ਪਰ੍ਹਾਂ ਅੜੁੰਗੇ ਹੁੰਦੇ ਨੇ। ਦੂਜੀ ਗੱਲ ਹੈਨ ਵੀ ਇਹ ਕੁਦਰਤੀ ਸਿੰਙਾਂ ਤੋਂ ਕਈ ਗੁਣਾ ਤੇਜ਼ਧਾਰ; ਨੁਕੀਲੇ। ਮਖਿਆ ਜੀ ਵੈਰੀ ਦੇ ਕੋਲ ਜਾਣ ਦੀ ਵੀ ਲੋੜ ਨਹੀਂ; ਦੂਰੋਂ ਹੀ ਅਜਿਹਾ ਵਾਰ ਕਰਦੇ ਨੇ ਕਿ ਅੱਖ ਝਪਕਦਿਆਂ ਅਗਲੇ ਦਾ ਘੋਗਾ ਚਿੱਤ ਹੋ ਜਾਂਦੈ।

ਓ ਕਿਹੜੀਆਂ ਗੱਲਾਂ ਕਰਦੇ ਓ ਮਾਲਕੋ! ਮਨੁੱਖ ਦੀ ਤਰੱਕੀ ਨੇ ਤਾਂ ਕੇਵਲ ਪਸ਼ੂਆਂ ਦੇ ਸਿੰਙ ਦਾਗਣ ਦੇ ਢੰਗ ਤਰੀਕੇ ਹੀ ਈਜਾਦ ਕੀਤੇ ਨੇ, ਸਾਡੇ ਸਿੰਙ ਤਾਂ ਸਗੋਂ ਏਸ ਤਰੱਕੀ ਨਾਲ ਹੋਰ ਨਵੇਂ-ਨਵੇਂ ਡਿਜ਼ਾਈਨਾਂ ਦੇ ਤੇ ਹੋਰ ਦਰਿੰਦਗੀ ਨਾਲ ਮਾਰ ਕਰਨ ਵਾਲੇ ਬਣੇ ਐ।

ਓਹ ਤਾਂ ਫਿਰ ਹੈਗਾ ਈ ਐ ਜੀ! ਤੁਸੀਂ ਵੇਖੋ ਨਾ ਬਈ ਕੋਈ ਬੰਦਾ ਕਾਰ ਲੈ ਆਵੇ ਤੇ ਚਲਾਉਣੀ ਉਹਨੂੰ ਆਉਂਦੀ ਨਾ ਹੋਵੇ; ਸੱਟ-ਫੇਟ ਤਾਂ ਖਾਊ ਹੀ ਖਾਊ ਸਗੋਂ ਜਾਨ ਵੀ ਗੁਆ ਸਕਦਾ। ਇਵੇਂ ਹੀ ਜੀ ਕਈ ਪੂਛ ਤਾਂ ਲੁਆ ਲੈਂਦੇ ਨੇ ਪਰ ਨਾ ਉਨ੍ਹਾਂ ਨੂੰ ਵਿਖਾਉਣੀ ਆਉਂਦੀ ਐ ਤੇ ਨਾ ਘੁਮਾਉਣੀ। ਜਦੋਂ ਅੱਗੋਂ ਓਦੂੰ ਵੱਡੀਆਂ ਪੂਛਾਂ ਵਾਲੇ ਆ ਘੇਰਦੇ ਐ ਤਾਂ ਭੱਜਣ ਨੂੰ ਰਾਹ ਨਹੀਂ ਥਿਆਉਂਦਾ। ਮਖਿਆਂ ਬਾਦਸ਼ਾਹੋ, ਭੱਜਣ ਤੋਂ ਬਿਨਾਂ ਚਾਰਾ ਵੀ ਕੀ ਰਹਿ ਜਾਂਦਾ ਭਲਾ!ਇਹ ਤਾਂ ਤੁਹਾਡੀ ਗੱਲ ਮੰਨਣ ਵਾਲੀ ਐ ਜੀ! ਆਖ਼ਰ ਹਰੇਕ ਚੀਜ਼ ਦੇ ਨਫ਼ੇ ਨੁਕਸਾਨ ਤਾਂ ਹੁੰਦੇ ਹੀ ਹੁੰਦੇ ਨੇ। ਇਸੇ ਪੂਛ ਕਰਕੇ ਜਾਨ ਨੂੰ ਖ਼ਤਰਾ ਤਾਂ ਰਹਿੰਦਾ ਈ ਰਹਿੰਦਾ। ਫਿਰ ਜਿੰਨੀ ਵੱਡੀ ਪੂਛ ਓਨਾ ਵੱਡਾ ਖ਼ਤਰਾ।ਕਿੱਥੇ ਜੀ! ਸਾਡੀ ਜਾਨ ਦੀ ਹਿਫ਼ਾਜ਼ਤ ਵਾਸਤੇ ਕਾਹਨੂੰ ਐ ਇਹ ਸਕਿਓਰਟੀ। ਬਸ ਇਹ ਹੀ ਸਮਝੋ ਬਈ ਇਹ ਤਾਂ ਪੂਛ ਦੇ ਚਿੱਚੜ ਐ। ਇਹੀਓ ਪੂਛ ਜਦ ਟਰਾਂਸਪਲਾਂਟ ਹੋ ਕੇ ਕਿਸੇ ਹੋਰ ਦੇ ਲੱਗ ਜਾਂਦੀ ਐ; ਸਾਰੀ ਦੀ ਸਾਰੀ ਹੇੜ ਓਧਰ ਨੂੰ ਉੱਲਰ ਜਾਂਦੀ ਐ। ਅਖੇ ਜਿੱਧਰ ਗਏ ਬਾਣੀਏ ਤੇ ਓਧਰ ਗਿਆ ਬਾਜ਼ਾਰ!

ਹੂੰਅ...! ਸੁਣਿਆ ਤਾਂ ਅਸੀਂ ਵੀ ਐ ਵਈ ਮੱਝ ਦੀ ਪੂਛ ਨੂੰ ਬਾਮ੍ਹਣੀ ਲੱਗ’ਜੇ ਤਾਂ ਉਹ ਸੁੱਕ ਜਾਂਦੀ ਐ। ਪਰ ਕੀ ਪਤਾ ਸਾਡੀ ਪੂਛ ਨੂੰ ਕਦੋਂ ਲੱਗੂ? ...ਤੇ ਕਦੋਂ ਸਾਨੂੰ ਬੇਰੀ ਦੀ ਮੋਹੜੀ ਵਾਂਙ ਚੁੱਭਦੀ ਪੂਛ ਤੋਂ ਛੁਟਕਾਰਾ ਮਿਲੂ?

 

ਹਰਵਿੰਦਰ ਸਿੰਘ ਰੋਡੇ