"ਜਾਹਰ ਪੀਰੁ ਜਗਤੁ ਗੁਰ ਬਾਬਾ" ਸ੍ਰੀ ਗੁਰੂ ਨਾਨਕ ਦੇਵ ਜੀ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ।

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ।

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਜ਼ਿਲ੍ਹਾ ਸੇਖੂਪੁਰ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਆਪ ਜੀ ਦੇ ਪਿਤਾ ਮਹਿਤਾ ਕਾਲੂ ਰਾਮ ਜੀ ਸਨ ਜੋ ਕਿੱਤੇ ਵਜੋਂ ਪਟਵਾਰੀ ਸਨ ਅਤੇ ਆਪ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ। ਆਪ ਦੀ ਇਕਲੌਤੀ ਭੈਣ ਦਾ ਨਾਮ ਨਾਨਕੀ ਸੀ, ਜੋ ਆਪ ਜੀ ਤੋਂ ਉਮਰ ਵਿੱਚ ਪੰਜ ਸਾਲ ਵੱਡੇ ਸਨ।

ਗੁਰੂ ਨਾਨਕ ਦੇਵ ਜੀ ਦਾ ਬਚਪਨ ਤਲਵੰਡੀ ਵਿੱਚ ਹੀ ਬੀਤਿਆ। ਗੁਰੂ ਜੀ ਬਚਪਨ ਵਿਚ ਸਧਾਰਨ ਬੱਚਿਆਂ ਵਾਂਗ ਨਹੀਂ ਸਨ। ਉਨ੍ਹਾਂ ਦੀ ਬੁੱਧੀ ਬਹੁਤ ਹੀ ਤੇਜ਼, ਬਹੁਤ ਘੱਟ ਖਾਂਦੇ, ਬਹੁਤ ਘੱਟ ਸੌਂਦੇ, ਸਦਾ ਹੀ ਆਤਮ-ਚਿੰਤਨ ਵਿਚ ਮਗਨ ਰਹਿੰਦੇ ਸਨ। ਪ੍ਰਬੁੱਧ ਸਿੱਖ ਚਿੰਤਕ ਡਾ. ਸਰਬਜਿੰਦਰ ਸਿੰਘ ਜੀ ਲਿਖਦੇ ਹਨ, ਸੱਤ ਸਾਲ ਦੀ ਉਮਰ ਵਿੱਚ ਆਪ ਨੂੰ ਪਿੰਡ ਦੇ ਦੂਸਰੇ ਬਾਲਕਾਂ ਨਾਲ ਸਕੂਲ ਭੇਜਿਆ ਗਿਆ ਜਿਥੇ ਪੰਡਤ ਗੋਪਾਲ ਕੋਲੋਂ ਹਿੰਦੀ, ਪੰਡਤ ਬ੍ਰਿਜ ਲਾਲ ਕਲੋਂ ਸੰਸਕ੍ਰਿਤ ਅਤੇ ਮਦਰੱਸੇ ਦੇ ਮੌਲਵੀ ਜੀ ਕੋਲੋਂ ਫਾਰਸੀ ਦੀ ਸਿੱਖਿਆ ਗ੍ਰਹਿਣ ਕਰਨ ਲੱਗੇ ਪਰ ਇਹ ਬਾਲਕ ਸਧਾਰਨ ਨਹੀਂ ਸੀ ਉਹ ਤਾਂ ਪਰਮਾਤਮਾ ਦਾ ਰੂਪ ਸੀ। ਉਨ੍ਹਾਂ ਨੇ ਆਪਣੀ ਤਰਕ ਅਤੇ ਸੂਝ ਨਾਲ, ਸਭ ਅਧਿਆਪਕ ਹੈਰਾਨ ਕਰ ਦਿੱਤੇ। ਇਸ ਸਬੰਧੀ ਅਨੇਕਾਂ ਘਟਨਾਵਾਂ ਦਾ ਵਰਨਣ ਮਿਲਦਾ ਹੈ, ਜਿਨ੍ਹਾਂ ਵਿੱਚੋਂ ਇਕ ਮਹੱਤਵਪੂਰਨ ਘਟਨਾ ਅਧਿਆਪਕਾਂ ਦੇ ਸਾਹਮਣੇ ਪੈਂਤੀ ਦਾ ਨਵਾਂ ਵਿਆਖਿਆ ਸ਼ਾਸਤਰ ਖੜ੍ਹਾ ਕਰਨਾ ਸੀ। ਗੁਰੂ ਜੀ ਦਾ ਕੇਵਲ ਦਿਮਾਗ ਹੀ ਰੌਸ਼ਨ ਨਹੀਂ ਸੀ, ਸਗੋਂ ਉਨ੍ਹਾਂ ਨੂੰ ਆਤਮਿਕ ਜੀਵਨ ਦੀ ਬੜੀ ਸੂਝ ਸੀ। ਸਭ ਤੋਂ ਪਹਿਲਾਂ ਗੁਰੂ ਜੀ ਨੂੰ ਭੈਣ ਨਾਨਕੀ ਹੀ ਸਮਝ ਸਕੀ। ਰਾਇ ਬੁਲਾਰ ਦਾ ਇਹ ਅਟੁੱਟ ਵਿਸ਼ਵਾਸ ਸੀ ਕਿ ਗੁਰੂ ਜੀ ਉੱਤੇ ਅੱਲਾ ਦੀ ਖਾਸ ਰਹਿਮਤ ਹੈ।

     ਧਾਰਮਿਕ ਰਵਾਇਤਾਂ ਅਨੁਸਾਰ ਜਦ ਆਪ ਨੌਵੇਂ ਸਾਲ ਵਿੱਚ ਦਾਖਲ ਹੋਏ ਤਾਂ ਘਰ ਵਿੱਚ ਰਿਸ਼ਤੇਦਾਰਾਂ ਅਤੇ ਭਾਈਚਾਰੇ ਦਾ ਵੱਡਾ ਇਕੱਠ ਕੀਤਾ ਗਿਆ। ਬਾਲ ਨਾਨਕ ਵੱਡਾ ਹੋ ਗਿਆ ਸੀ ਇਸ ਲਈ ਜਨੇਊ ਦੀ ਪਵਿੱਤਰ ਰਸਮ ਦੀ ਪੂਰਤੀ ਕਰ ਲਈ ਜਾਵੇ। ਸੂਤਰ ਨੂੰ ਵੱਟ ਕੇ, ਤੀਹਰਾ ਕਰਕੇ ਇਕ ਡੋਰ (ਜਨੇਊ) ਵੱਟਣੀ ਹੁੰਦੀ ਹੈ ਅਤੇ ਇਸ ਡੋਰ ਨੂੰ ਗੱਲ ਵਿਚ ਪਾ ਕੇ ਖੱਬੇ ਮੋਢੇ ਤੋਂ ਪਹਿਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ। ਇਸ ਰਸਮ ਤੋਂ ਬਾਅਦ ਉਸ ਦਾ ਆਪਣੇ ਪਿਤਰੀ ਧਰਮ ਵਿਚ ਪ੍ਰਵੇਸ਼ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਮਰਿਆਦਾ ਅਨੁਸਾਰ ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ। ਜਦੋਂ ਇਹ ਰਸਮ ਕਰਨੀ ਹੁੰਦੀ ਹੈ ਤਾਂ ਘਰ ਵਿਚ ਬਹੁਤ ਖੁਸ਼ੀਆਂ ਕੀਤੀਆਂ ਜਾਂਦੀਆਂ ਹਨ। ਸਾਰੇ ਹੀ ਅੰਗਾਂ ਸਾਕਾਂ ਨੂੰ ਬੁਲਾਇਆ ਜਾਂਦਾ ਹੈ। ਬਾਬਾ ਕਾਲੂ ਜੀ ਨੇ ਵੀ ਬਹੁਤ ਸਾਰੇ ਰਿਸ਼ਤੇਦਾਰ ਬੁਲਾਏ। ਪੂਰੀਆਂ ਖੁਸ਼ੀਆਂ ਕੀਤੀਆਂ ਗਈਆਂ ਪਰ ਜਦੋਂ ਹਰਦਿਆਲ ਪੰਡਿਤ ਅੱਗੇ ਹੋ ਕੇ ਜਨੇਊ ਗਲ ਵਿਚ ਪਾਉਣ ਲੱਗਾ ਤਾਂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੁਰੂ ਜੀ ਬੋਲੇ, ਜਨੇਊ ਨੂੰ ਤੁਸੀਂ ਪਵਿੱਤਰ ਧਾਰਮਿਕ ਰਸਮ ਕਹਿੰਦੇ ਹੋ ਪਰ ਜਨੇਊ ਪਾਉਣ ਵੇਲੇ ਜਾਤੀ ਆਧਾਰ 'ਤੇ ਵਿਤਕਰਾ ਕਰਕੇ ਤੁਸੀਂ ਪਰਮੇਸ਼ਰ ਦੀ ਸਾਜੀ ਇਸ ਸ੍ਰਿਸ਼ਟੀ ਦਾ ਅਪਮਾਨ ਕਰ ਰਹੇ ਹੋ, ਤੁਹਾਨੂੰ ਇਸ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਸ ਸਮੇ ਰਿਵਾਜ ਸੀ ਕਿ ਬ੍ਰਾਹਮਣਾ ਨੂੰ ਤਿੰਨ ਧਾਗਿਆਂ ਦਾ ਜਨੇਊ ਪਾਇਆ ਜਾਂਦਾ ਸੀ, ਖੱਤਰੀਆਂ ਨੂੰ ਦੋ ਧਾਗਿਆਂ ਦਾ, ਵੈਸ਼ਾਂ ਨੂੰ ਇਕ ਧਾਗੇ ਦਾ ਅਤੇ ਸ਼ੂਦਰਾਂ ਨੂੰ ਜਨੇਊ ਪਾਉਣ ਦਾ ਕੋਈ ਹੱਕ ਨਹੀਂ ਸੀ। ਸਾਰੀ ਲੋਕਾਈ ਮੂੰਹ ਵਿੱਚ ਉਂਗਲਾਂ ਪਾਉਣ ਲੱਗੀ। ਨਾਨਕ ਪਾਤਸ਼ਾਹ ਮੁਸਕਰਾਏ ਤੇ ਪਾਂਧੇ ਨੂੰ ਸੰਬੋਧਿਤ ਹੋ ਕੇ ਫੁਰਮਾਇਆ ਕਿ ਜਿਹੜਾ ਜਨੇਊ ਤੁਸੀਂ ਮੈਨੂੰ ਦੇ ਰਹੇ ਹੋ, ਇਹ ਤਾਂ ਕਪਾਹ ਦੇ ਧਾਗੇ ਦਾ ਹੈ। ਇਹ ਮੈਲਾ ਵੀ ਹੋ ਜਾਏਗਾ, ਇਹ ਟੁੱਟ ਵੀ ਜਾਏਗਾ। ਪੰਡਿਤ ਜੀ ਨੇ ਬਹੁਤ ਸਮਝਾਇਆ। ਪਿਤਾ ਜੀ ਨੇ ਪਿਆਰ ਵੀ ਕੀਤਾ ਤੇ ਡਰਾਵੇ ਵੀ ਦਿੱਤੇ ਪਰ ਗੁਰੂ ਜੀ ਕਹਿਣ ਕਿ ਆਤਮਿਕ ਜਨਮ ਲਈ ਆਤਮਿਕ ਜਨੇਊ ਦੀ ਲੋੜ ਹੈ। ਜੇ ਪੰਡਿਤ ਜੀ ਕੋਲ ਉਹ ਜਨੇਊ ਹੈ ਤਾਂ ਅਸੀਂ ਪਾ ਲੈਂਦੇ ਹਾਂ। ਸਾਕ ਸਕੀਰੀ, ਭਾਈਚਾਰਾ ਸਮੇਤ ਪੰਡਿਤ ਹਰਦਿਆਲ ਦੇ ਸਾਰੇ ਲੋਕ ਬੁੜ-ਬੁੜ ਕਰਦੇ ਘਰਾਂ ਨੂੰ ਮੁੜ ਗਏ। ਕਰਮ-ਕਾਂਡ ਦੇ ਕਈ ਸਦੀਆਂ ਦੇ ਬਣੇ ਪੱਕੇ ਭਰਮ-ਗੜ੍ਹ ਉੱਤੇ ਦਸ ਸਾਲਾਂ ਦੇ ਬਾਲਕ (ਗੁਰੂ ਨਾਨਕ ਦੇਵ ਜੀ) ਦੀ ਇਹ ਪਹਿਲੀ ਕਰਾਰੀ ਚੋਟ ਸੀ। ਸਮਾਜ ਸੁਧਾਰ ਵਿੱਚ ਇਹ ਉਨ੍ਹਾਂ ਦੀ ਪਹਿਲੀ ਜਿੱਤ ਸੀ।

     ਬਾਬਾ ਮਹਿਤਾ ਕਾਲੂ ਜੀ ਦੀ ਆਪਣੀ ਵੀ ਕੁੱਝ ਜ਼ਮੀਨ ਸੀ ਪਰ ਉਹ ਜ਼ਿਆਦਾਤਰ ਆਪ ਖੇਤੀ ਕਰਨ ਨਾਲੋਂ ਪਟਵਾਰ ਵੱਲ ਹੀ ਵਧੇਰੇ ਧਿਆਨ ਦਿੰਦੇ ਸਨ। ਉਨ੍ਹਾਂ ਨੂੰ ਰਾਇ ਬੁਲਾਰ ਦੇ ਦਸ ਪਿੰਡਾਂ ਦੀ ਪਟਵਾਰ ਕਰਨੀ ਪੈਂਦੀ ਸੀ। ਖੇਤੀ ਦਾ ਕੰਮ ਜ਼ਿਆਦਾਤਰ ਗਰੀਬ ਕਿਸਾਨਾਂ ਤੋਂ ਹੀ ਕਰਵਾਉਂਦੇ ਸਨ। ਗੁਰੂ ਜੀ ਵੀ ਆਪਣੀ ਜ਼ਮੀਨ ਵੱਲ ਫੇਰਾ ਤੋਰਾ ਰੱਖਦੇ ਸਨ। ਇਕ ਦਿਨ ਮੱਝਾਂ ਚਰਾਉਣ ਚਲੇ ਗਏ। ਉੱਥੇ ਜਾ ਕੇ ਧਿਆਨ ਵਾਹਿਗੁਰੂ ਜੀ ਦੀ ਭਗਤੀ ਵੱਲ ਲੱਗ ਗਿਆ। ਕਿਸੇ ਠੰਡੀ ਜਿਹੀ ਛਾਂ ਥੱਲੇ ਲੇਟ ਗਏ ਨੀਂਦ ਆ ਗਈ। ਮੱਝਾਂ ਰੋਜ਼ ਦਾ ਘਾਹ ਚੁੱਗ-ਚੁੱਗ ਕੇ ਥੱਕ ਗਈਆਂ ਸਨ। ਉਹ ਨਾਲ ਲੱਗਦੀ ਕਿਸੇ ਕਿਸਾਨ ਦੀ ਹਰੀ ਭਰੀ ਫਸਲ ਵਿਚ ਵੜ ਗਈਆਂ। ਉੱਧਰ ਕਿਸਾਨ ਵੀ ਖੇਤਾਂ ਵੱਲ ਫੇਰਾ ਮਾਰਨ ਆ ਗਿਆ। ਉਸਨੇ ਮੱਝਾਂ ਨੂੰ ਫਸਲ ਉਜਾੜਦਿਆਂ ਵੇਖਿਆ। ਗੁਰੂ ਜੀ ਨੂੰ ਰਾਇ ਬੁਲਾਰ ਕੋਲ ਫੜਕੇ ਲੈ ਗਿਆ। ਜਾਂਦੇ-ਜਾਂਦੇ ਗੁਰੂ ਜੀ ਪਿਆਰ ਭਰੀ ਇਕ ਨਜ਼ਰ ਖੇਤਾਂ ਵੱਲ ਮਾਰ ਗਏ। ਖੇਤ ਦੇ ਭਾਗ ਜਾਗ ਗਏ। ਰਾਇ ਬੁਲਾਰ ਨੇ ਬੰਦਾ ਵੇਖਣ ਲਈ ਭੇਜਿਆ। ਉੱਥੇ ਕੋਈ ਨੁਕਸਾਨ ਹੀ ਨਹੀਂ ਹੋਇਆ ਸੀ।

ਬਾਲ ਗੁਰੂ ਜੀ ਜਵਾਨ ਹੋਏ। ਵਿਆਹ ਦੀ ਗੱਲ ਚੱਲਣੀ ਸੁਭਾਵਿਕ ਸੀ। ਗੁਰੂ ਜੀ ਦੀ ਮੰਗਣੀ 1485 ਈ. ਨੂੰ ਹੋਈ, ਉਸ ਵੇਲੇ ਉਨ੍ਹਾਂ ਦੀ ਉਮਰ 16 ਸਾਲ ਦੀ ਸੀ ਅਤੇ ਵਿਆਹ 18 ਸਾਲ ਦੀ ਉਮਰ ਵਿਚ 1487 ਈ. ਨੂੰ ਹੋਇਆ ਸੀ। ਨਗਰ ਵਟਾਲੇ ਦੇ ਰਹਿਣ ਵਾਲੇ ਮੂਲ ਚੰਦ ਜੀ ਨੇ ਆਪਣੀ ਲੜਕੀ ਦਾ ਸਾਕ ਦਿੱਤਾ ਸੀ। ਗੁਰੂ ਪਤਨੀ ਦਾ ਮੂਲ ਨਾਮ ਸੁਲੱਖਣੀ ਸੀ। ਧੂਮ-ਧਾਮ ਨਾਲ ਵਿਆਹ ਹੋਇਆ। ਇਸ ਵਿਆਹ ਵਿੱਚ ਵਿਚੋਲੇ ਦੀ ਭੂਮਿਕਾ ਭਾਈ ਜੈ ਰਾਮ ਨੇ ਨਿਭਾਈ। ਭਾਈ ਜੈ ਰਾਮ ਨਾਨਕੀ ਜੀ ਦੇ ਪਤੀ ਸਨ ਅਤੇ ਮਹਿਕਮਾ ਮਾਲ ਦੇ ਕੰਮ ਦੇ ਸੰਬੰਧ ਵਿੱਚ ਇਸ ਪਿੰਡ ਵਿੱਚ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਸਨ। ਗੁਰੂ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਚੰਦ ਨੇ ਜਨਮ ਲਿਆ। ਹੋਰਨਾ ਕਾਰਜਾਂ ਵਾਂਗ ਵਿਆਹ ਨੇ ਵੀ ਉਨ੍ਹਾਂ ਦੇ ਕਾਰ-ਵਿਹਾਰ ਵਿੱਚ ਕੋਈ ਤਬਦੀਲੀ ਨਾ ਲਿਆਂਦੀ।

     ਪਰਿਵਾਰ ਦੇ ਮੈਂਬਰਾਂ ਨਾਲ ਸੋਚ ਵਿਚਾਰ ਤੋਂ ਬਾਅਦ ਮਹਿਤਾ ਕਾਲੂ ਜੀ ਨੂੰ ਇਕ ਤਰਕੀਬ ਸੁੱਝੀ ਕਿ ਕਿਉਂ ਨਾ ਨਾਨਕ ਨੂੰ ਵਪਾਰ ਵਿੱਚ ਪਾ ਦਿੱਤਾ ਜਾਵੇ। ਸ਼ਾਇਦ ਇਸ ਨੂੰ ਕੋਈ ਦੁਨੀਆਂਦਾਰੀ ਦੀ ਸਮਝ ਲੱਗੇ। ਗੁਰੂ ਜੀ ਨੂੰ ਬਾਬਾ ਕਾਲੂ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਆਖਿਆ। ਉਦੋਂ ਤਲਵੰਡੀ ਦੇ ਲਾਗੇ ਤਿੰਨ ਹੀ ਵੱਡੇ ਨਗਰ ਲੱਗਦੇ ਸਨ ਚੂਹੜਕਾਣਾ, ਸੈਦਪੁਰ, ਲਾਹੌਰ। ਇਹ ਸੰਨ 1503 ਦੀ ਗੱਲ ਹੈ। ਦੇਸ਼ ਵਿਚ ਕਾਲ ਪਿਆ ਹੋਇਆ ਸੀ। ਗੁਰੂ ਜੀ ਦੇ ਨਾਲ ਭਾਈ ਮਰਦਾਨਾ ਵੀ ਸੀ। ਜਦੋਂ ਗੁਰੂ ਜੀ ਚੂਹੜਕਾਣੇ ਗਏ ਤਾਂ ਉੱਥੇ ਕਈ ਭੁੱਖੇ ਸਾਧੂ ਮਿਲ ਗਏ। ਗੁਰੂ ਜੀ ਨੇ ਸਾਰੇ ਹੀ ਪੈਸੇ ਭੁੱਖਿਆਂ ਸਾਧੂਆਂ ਨੂੰ ਖੁਆ ਕੇ, ਕੱਪੜੇ ਲੀੜੇ ਦੁਆ ਕੇ ਸੱਚਾ ਸੌਦਾ ਕਰ ਘਰ ਨੂੰ ਆ ਗਏ। ਜਿਸ ਕਰਕੇ ਪਿਤਾ ਕਾਲੂ ਬਹੁਤ ਨਰਾਜ਼ ਹੋਏ। ਰਾਏ ਬੁਲਾਰ ਜੋ ਉਥੋਂ ਦਾ ਚੌਧਰੀ ਸੀ ਅਤੇ ਹਮੇਸ਼ਾ ਬਾਲ ਗੁਰੂ ਵਿੱਚ ਅੱਲਾ ਦੇ ਦਰਸ਼ਨ ਕਰਦਾ ਸੀ, ਇਸ ਗੱਲ ਨਾਲ ਮਹਿਤਾ ਕਾਲੂ ਜੀ 'ਤੇ ਬਹੁਤ ਨਰਾਜ਼ ਹੋਇਆ। ਨਾਨਕ ਵੱਲੋਂ ਖਰਚੇ ਵੀਹ ਰੁਪਏ ਦੇ ਕੇ ਆਖਿਆ “ਅੱਗੇ ਤੋਂ ਇਸ ਇਲਾਹੀ ਬਾਲ ਨੂੰ ਕੁਝ ਨਾ ਕਿਹਾ ਜਾਵੇ। ਇਹ ਅਸਾਡਾ ਹੁਕਮ ਹੈ। ਕਾਲੂ ਜੀ, ਤੁਹਾਨੂੰ ਪਤਾ ਨਹੀਂ ਨਾਨਕ ਕਰਕੇ ਹੀ ਤਲਵੰਡੀ ਹਰੀ ਭਰੀ ਹੈ, ਨਹੀਂ ਤੇ ਕਦ ਦੀ ਉਜੜ ਜਾਂਦੀ।" ਬਾਲ ਗੁਰੂ ਖੇਤਾਂ ਵਿੱਚ ਘੁੰਮ ਰਹੇ ਸਨ। ਇਤਫ਼ਾਕ ਵਸ ਰਾਏ ਬੁਲਾਰ ਵੀ ਆਪਣੇ ਅਹਿਲਕਾਰਾਂ ਨਾਲ ਘੋੜੀ 'ਤੇ ਚੜ੍ਹਕੇ ਉਧਰ ਨਿਕਲ ਆਇਆ। ਨਾਨਕ ਪਾਤਸ਼ਾਹ ਨੂੰ ਵੇਖਦੇ ਹੀ ਘੋੜੀ ਤੋਂ ਹੇਠਾਂ ਉਤਰਿਆ, ਪੈਰਾਂ ਤੋਂ ਜੁੱਤੀ ਲਾਹੀ ਤੇ ਸਿਜਦਾ ਕੀਤਾ। ਨੰਗੇ ਪੈਰ ਬਾਲ ਗੁਰੂ ਤੱਕ ਗਿਆ, ਫਿਰ ਝੁਕਿਆ ਅਤੇ ਕਿਹਾ "ਅਰਦਾਸ ਕਬੂਲ ਕਰ।" ਬਾਲ ਗੁਰੂ ਮੁਸਕਾਏ ਅਤੇ ਬੋਲੇ "ਅਰਦਾਸ ਕਬੂਲ ਭਈ!" ਮੰਨਿਆ ਜਾਂਦਾ ਹੈ ਕਿ ਇਹ ਅਰਦਾਸ ਕਬੂਲ ਭਈ ਤੋਂ ਬਾਅਦ ਹੀ ਰਾਏ ਬੁਲਾਰ ਦੇ ਘਰ ਬੇਟਾ ਪੈਦਾ ਹੋਇਆ। ਬੇਟਾ ਪੈਦਾ ਹੋਣ ਤੋਂ ਬਾਅਦ ਰਾਏ ਬੁਲਾਰ ਨੇ ਅੱਧੀ ਜ਼ਮੀਨ ਆਪਣੇ ਬੇਟੇ ਦੇ ਨਾਮ ਅਤੇ ਅੱਧੀ ਬਾਲ ਗੁਰੂ ਦੇ ਨਾਮ ਕਰ ਦਿੱਤੀ। 

     ਮਾਤਾ ਪਿਤਾ ਦੀ ਚਿੰਤਾ ਤੇ ਪਰੇਸ਼ਾਨੀ ਨੂੰ ਵੇਖਦੇ ਹੋਏ ਭੈਣ ਨਾਨਕੀ ਨੇ ਆਪ ਨੂੰ ਸੁਲਤਾਨਪੁਰ ਬੁਲਾ ਲਿਆ। ਭਾਈਆ ਜੈ ਰਾਮ ਜੀ ਉੱਥੇ ਨਵਾਬ ਦਾ ਨੌਕਰ ਸੀ। ਉਸ ਨੇ ਨਵਾਬ ਨੂੰ ਕਹਿ ਕੇ ਗੁਰੂ ਜੀ ਨੂੰ ਮੋਦੀ ਖਾਨੇ ਵਿਚ ਨੌਕਰੀ ਦੁਆ ਦਿੱਤੀ। ਇਹ ਉਸ ਵੇਲੇ ਦੀ ਬਹੁਤ ਇੱਜ਼ਤ ਵਾਲੀ ਨੌਕਰੀ ਸੀ। ਉਹ ਪੂਰਾ ਤੋਲਦੇ ਸਨ। ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਮਿੱਠਾ ਬੋਲਦੇ ਸਨ। ਆਪ ਆਪਣੀ ਕਮਾਈ ਗਰੀਬਾਂ ਨੂੰ ਦਾਨ ਪੁੰਨ ਵਿੱਚ ਦੇ ਦਿੰਦੇ ਅਤੇ ਅਨਾਜ ਤੋਲਦੇ ਤੇਰਾਂ 'ਤੇ ਆ ਰੁਕ ਜਾਂਦਾ ਅਤੇ ਫਿਰ ਤੇਰਾ ਤੇਰਾ ਕਰਦਿਆਂ ਪੰਡ ਚੁਕਾ ਦਿੰਦੇ। ਮੋਦੀਖਾਨੇ ਦੇ ਮਾਲਕ ਕੋਲ ਸ਼ਿਕਾਇਤਾਂ ਦੀ ਝੜੀ ਲੱਗ ਗਈ। ਮਾਲਕ ਕ੍ਰੋਧਿਤ ਹੋਇਆ, ਉਸਨੇ ਸੋਚਿਆ ਨਾਨਕ ਨੇ ਮੋਦੀਖਾਨਾ ਤਾਂ ਲੁਟਾ ਹੀ ਦਿੱਤਾ ਹੋਣਾ। ਪੜਤਾਲੀਆ ਕਮੇਟੀ ਬੈਠ ਗਈ। ਪੁੱਛ-ਪੜਤਾਲ ਹੋਈ, ਸਾਰਾ ਹਿਸਾਬ ਕਿਤਾਬ ਠੀਕ ਨਿਕਲਿਆ। ਸ਼ਿਕਾਇਤੀ ਸ਼ਰਮਸਾਰ ਹੋਏ। ਮਾਲਕ ਨੇ ਪਸ਼ਚਾਤਾਪ ਕੀਤਾ।

     ਗੁਰੂ ਜੀ ਰੋਜ਼ ਦੀ ਤਰ੍ਹਾਂ ਵੇਈ ਨਦੀ, ਸੁਲਤਾਨਪੁਰ ਵਿਚ ਇਸ਼ਨਾਨ ਕਰਨ ਗਏ ਪਰ ਨਦੀ ਵਿਚੋਂ ਬਾਹਰ ਨਹੀਂ ਨਿਕਲੇ। ਬੇਬੇ ਨਾਨਕੀ ਸਮੇਤ ਸਾਰਿਆਂ ਨੇ ਸੋਚਿਆ ਕਿ ਗੁਰੂ ਜੀ ਡੁੱਬ ਗਏ ਹਨ ਪਰ ਫਿਰ ਬੇਬੇ ਨਾਨਕੀ ਨੇ ਸੋਚਿਆ ਕਿ ਉਹ ਦੁਨੀਆਂ ਨੂੰ ਤਾਰਨ ਵਾਲਾ ਹੈ, ਆਪ ਕਿਵੇਂ ਡੁੱਬ ਸਕਦਾ ਹੈ। ਉਨ੍ਹਾਂ ਸੋਚਿਆ ਕਿ ਉਹ ਕੋਈ ਕੌਤਕ ਰਚਾ ਰਹੇ ਹਨ। ਸਾਰੇ ਪਾਸੇ ਉਦਾਸੀ ਦਾ ਆਲਮ ਛਾ ਗਿਆ। ਮਾਂ-ਬਾਪ ਨੂੰ ਖ਼ਬਰ ਕਰ ਦਿੱਤੀ ਗਈ। ਕੀ ਮੁਸਲਮਾਨ, ਕੀ ਹਿੰਦੂ, ਸਭ ਦੀ ਅੱਖਾਂ ਵਿੱਚ ਅੱਥਰੂ ਸਨ। ਲੋਕ ਅਜੇ ਉਦਾਸੀ ਦੇ ਆਲਮ ਵਿੱਚ ਹੀ ਸਨ ਕਿ ਖਬਰ ਮਿਲੀ ਕਿ ਨਾਨਕ ਤਾਂ ਸ਼ਮਸ਼ਾਨ ਘਾਟ ਵਿੱਚ ਬੈਠਾ ‘ਨਾ ਕੋ ਹਿੰਦੂ ਨਾ ਮੁਸਲਮਾਨ' ਦਾ ਹੋਕਾ ਦੇ ਰਿਹਾ ਹੈ। ਸਾਰੇ ਹੀ ਸ਼ਹਿਰ ਦੇ ਲੋਕ, ਨਵਾਬ ਤੇ ਕਾਜ਼ੀ ਵੀ ਗੁਰੂ ਜੀ ਕੋਲ ਗਏ। ਬਾਬਾ ਨਿਰੰਤਰ “ਨਾ ਕੋ ਹਿੰਦੂ ਨਾ ਮੁਸਲਮਾਨ' ਦਾ ਹੋਕਾ ਦੇ ਰਹੇ ਸਨ।

ਉਦਾਸੀਆਂ/ਯਾਤਰਾਵਾਂ 

ਗੁਰੂ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਬਾਲ ਬੱਚਿਆਂ ਨੂੰ ਬੇਬੇ ਨਾਨਕੀ ਜੀ ਕੋਲ ਛੱਡ ਦਿੱਤਾ ਅਤੇ ਮਰਦਾਨੇ ਨੂੰ ਨਾਲ ਲੈ ਕੇ 1507 ਈ: ਨੂੰ ਸੁਲਤਾਨਪੁਰ ਤੋਂ ਦੁਨੀਆਂ ਦਾ ਭਲਾ ਕਰਨ ਲਈ ਚੱਲ ਪਏ। “ਚੜਿਆ ਸੋਧਣਿ ਧਰਤਿ ਲੁਕਾਈ”। ਗੁਰੂ ਪਾਤਸ਼ਾਹ ਨੇ ਧਰਤਿ ਲੋਕਾਈ ਸੋਧਿਣ ਹਿਤ ਪੂਰਬ, ਦੱਖਣ, ਉੱਤਰ, ਪੱਛਮ ਚਾਰੇ ਦਿਸ਼ਾਵਾਂ ਵੱਲ ਉਦਾਸੀਆਂ ਕੀਤੀਆਂ। ਉਦਾਸੀਆਂ ਦੇ ਵੇਰਵੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੁਆਰਾ ਪ੍ਰਕਾਸ਼ਿਤ ਸਿੱਖ ਇਤਿਹਾਸ, ਭਾਗ 1, ਪੁਸਤਕ ਨੂੰ ਮੁੱਖ ਸ੍ਰੋਤ ਵਜੋਂ ਲਿਆ ਗਿਆ ਹੈ।

ਗੁਰੂ ਜੀ ਦੀ ਪਹਿਲੀ ਉਦਾਸੀ ਪ੍ਰਸਿੱਧ ਹਿੰਦੂ ਤੀਰਥਾਂ ਵੱਲ ਸੀ। ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਕੁਕਸ਼ੇਤਰ, ਪਾਣੀਪਤ, ਹਰਿਦੁਆਰ, ਗੋਰਖ ਮਤਾ, ਬਨਾਰਸ, ਮਥੁਰਾ, ਕਾਸ਼ੀ, ਗਯਾ, ਪਟਨਾ, ਕਾਮਰੂਪ (ਆਸਾਮ), ਢਾਕਾ, ਚੌਬੀਹ ਪਰਗਨਾ ਤੋਂ ਜਗਨ ਨਾਥ ਪੁਰੀ ਪਹੁੰਚੇ, ਜਿੱਥੇ ਆਪ ਜੀ ਨੇ ਲੋਕਾਂ ਨੂੰ ਝੂਠੇ ਵਹਿਮਾਂ-ਭਰਮਾਂ ਵਿੱਚੋਂ ਕੱਢ ਕੇ ਹੱਕ ਸੱਚ ਦਾ ਰਾਹ ਵਿਖਾਇਆ ਅਤੇ ਵਾਪਿਸ ਸੁਲਤਾਨਪੁਰ ਆ ਗਏ।

ਪਹਿਲੀ ਉਦਾਸੀ ਤੋਂ ਵਾਪਸ ਆ ਕੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦੇ ਕੰਢੇ ’ਤੇ ਇਕ ਪਿੰਡ ਕਰਤਾਰਪੁਰ ਵਸਾਇਆ। ਕੁਝ ਸਮਾਂ ਗੁਰੂ ਜੀ ਨਗਰ ਵਸਾਉਣ ਦੇ ਆਹਰ ਵਿੱਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਗੁਰੂ ਸਾਹਿਬ ਜੀ ਦੂਸਰੀ ਉਦਾਸੀ ਸਮੇਂ ਕਰਤਾਰਪੁਰ ਤੋਂ ਚੱਲ ਕੇ ਧਰਮਕੋਟ, ਭਟਨੇਰ, ਸਰਸਾ, ਅਜਮੇਰ, ਰਾਜਪੂਤਾਨਾ, ਇੰਦੌਰ, ਹੈਦਰਾਬਾਦ, ਗੋਲਕੰਡਾ, ਮਦਰਾਸ, ਪਾਂਡੀਚਰੀ, ਤੰਜੌਰ ਤੋਂ ਸੰਗਲਾਦੀਪ (ਲੰਕਾ) ਪਹੁੰਚੇ ਜੋ ਮੁਸਲਮਾਨਾਂ, ਫਕੀਰਾਂ, ਜੋਗੀਆਂ, ਬੋਧੀਆਂ ਤੇ ਜੈਨੀਆਂ ਦੇ ਪ੍ਰਮੁਖ ਅਸਥਾਨ ਸਨ, ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ, ਉਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਦਾ ਸਹੀ ਰਾਹ ਵਿਖਾਇਆ ਅਤੇ ਵਾਪਸ ਕਰਤਾਰਪੁਰ ਆ ਗਏ।

ਜਿਵੇਂ ਪਹਿਲੀ ‘ਉਦਾਸੀ’ ਸਮੇਂ ਸਤਿਗੁਰੂ ਦੀ ਪੁਰਬਾਂ ਸਮੇਂ ਤੀਰਥਾਂ ਉੱਤੇ ਇਕੱਠੇ ਹੋਏ ਯਾਤਰੂਆਂ ਨੂੰ ਅਧਿਆਤਮਿਕ ਜੀਵਨ ਦਾ ਸਹੀ ਰਸਤਾ ਵਿਖਾਉਣ ਦਾ ਯਤਨ ਕਰਦੇ ਰਹੇ ਸਨ, ਤਿਵੇਂ ਹੀ ਉਨ੍ਹਾਂ ਨੇ ਵੱਖ ਵੱਖ ਅਸਥਾਨਾਂ  ਦੇ ਦਰਸ਼ਨ ਨੂੰ ਜਾ ਰਹੇ ਯਾਤਰੂਆਂ ਨੂੰ ਇਕ ਪਰਮਾਤਮਾ ਦੀ ਭਗਤੀ ਵੱਲ ਪਰੇਰਿਆ। ਇਸ ਉਦਾਸੀ ਸਮੇਂ ਗੁਰੂ ਜੀ ਕਰਤਾਰਪੁਰ ਤੋਂ ਜੰਮੂ, ਕਸ਼ਮੀਰ, ਮਟਨ, ਸ਼ਿਵਾਲਿਕ, ਸਿਰਮੌਰ, ਗੜ੍ਹਵਾਲ, ਨੇਪਾਲ, ਤਿੱਬਤ ਹੁੰਦੇ ਹੋਏ ਭਾਈ ਮਰਦਾਨੇ ਸਮੇਤ ਜਦੋਂ ਸੁਮੇਰ ਪਰਬਤ ਪਹੁੰਚੇ, ਉੱਥੇ ਸਿੱਧਾਂ ਦੀ ਇਕ ਮੰਡਲੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਗੁਰੂ ਜੀ ਨੇ ਸਿਧਾਂ ਨਾਲ ਗੋਸ਼ਟਿ ਕੀਤੀ, ਉਨ੍ਹਾਂ ਨੂੰ ਸਮਝਾਇਆ ਕਿ ਸਮਾਜ ਵਿੱਚ ਰਹਿ ਕੇ ਹੀ ਸਮਾਜ ਸੁਧਾਰਿਆ ਜਾ ਸਕਦਾ ਹੈ। ਸਮਾਜਿਕ ਜੀਵਨ ਛੱਡਣਾ ਸਹੀ ਰਸਤਾ ਨਹੀਂ ਹੈ। ਕਸ਼ਮੀਰ ਵਿਚ ਮਨੁੱਖ ਬੁੱਤ-ਪੂਜਾ, ਮੂਰਤੀ-ਪੂਜਾ ਬਹੁਤ ਸੀ। ਕਸ਼ਮੀਰ ਵਿਦਵਾਨ ਪੰਡਿਤਾਂ ਦੀ ਰਿਹਾਇਸ਼ ਦਾ ਕੇਂਦਰੀ ਅਸਥਾਨ ਸੀ। ਉਨ੍ਹਾਂ ਦੇ ਪ੍ਰਭਾਵ ਹੇਠ ਕਰਮ-ਕਾਂਡ ਤੇ ਵਰਣ-ਵੰਡ ਦੇ ਕਾਰਨ ਸ਼ੂਦਰ-ਅਖਵਾਉਂਦੇ ਲੋਕ ਬਹੁਤ ਔਖੇ ਸਨ। ਗੁਰੂ ਨਾਨਕ ਦੇਵ ਜੀ ਨੇ ਕਰਮ-ਕਾਂਡ ਅਤੇ ਸ਼ੂਦਰਾਂ ਨਾਲ ਹੋ ਰਹੇ ਮਤ-ਭੇਦ ਦਾ ਖੰਡਨ ਕੀਤਾ। ਕਸ਼ਮੀਰ ਤੋਂ ਵਾਪਸ ਕਰਤਾਰਪੁਰ ਆ ਗਏ।

ਚੌਥੀ ਉਦਾਸੀ ਵਿੱਚ ਆਪ ਜੀ ਦਾ ਰੁਖ ਮੁਸਲਮਾਨੀ ਅਸਥਾਨਾਂ ਵੱਲ ਸੀ। ਕਰਤਾਰਪੁਰ ਤੋਂ ਚੱਲ ਕੇ ਤਲਵੰਡੀ, ਸ਼ਕਰਪੁਰ, ਰੁਹਤਾਸ, ਗਾਜ਼ੀ ਖਾਂ, ਸਿੰਧ ਸਮੇਤ ਵੱਖ ਵੱਖ ਥਾਵਾਂ ਨੂੰ ਭਾਗ ਲਾਉਂਦੇ ਮੱਕੇ ਪਹੁੰਚੇ। ਗੁਰੂ ਨਾਨਕ ਦੇਵ ਜੀ ਆਖ਼ਰੀ ਰਾਤ ਨੂੰ ਕਾਅਬੇ ਵੱਲ ਪੈਰ ਕਰਕੇ ਲੇਟ ਗਏ। ਹਿੰਦੁਸਤਾਨੀ ਕਾਫ਼ਲੇ ਦੇ ਇਕ ਹਾਜੀ ਜੀਊਣ ਨੇ ਗੁਰੂ ਨਾਨਕ ਦੇਵ ਜੀ ਨੂੰ ਪਏ ਵੇਖ ਆਖਿਆ ਕਿ ਇਹ ਕੌਣ ਕਾਫ਼ਰ ਹੈ ਖ਼ੁਦਾ ਦੇ ਘਰ ਵਲ ਪੈਰ ਕਰਕੇ ਪਿਆ ਹੈ? ਸਤਿਗੁਰੂ ਜੀ ਨੇ ਧੀਰਜ ਨਾਲ ਉਸ ਨੂੰ ਆਖਿਆ ਕਿ ਮੇਰੇ ਪੈਰ ਉਸ ਪਾਸੇ ਕਰ ਦੇ, ਜਿਧਰ ਖ਼ੁਦਾ ਦਾ ਘਰ ਨਹੀਂ ਹੈ। ਜੀਊਣ ਸਮੇਤ ਸਾਰੇ ਹਾਜੀ ਵੀ ਹੈਰਾਨ ਹੋ ਗਏ। ਇਸ ਤੋਂ ਅੱਗੇ ਗੁਰੂ ਜੀ ਮਦੀਨਾ, ਮਿਸਰ, ਸੁਡਾਰ ਤੋਂ ਤੁਰਕ ਹੁੰਦੇ ਹੋਏ ਹਸਨ ਅਬਦਾਲ (ਪੰਜਾ ਸਾਹਿਬ) ਪਹੁੰਚੇ, ਇਥੇ ਰਹਿਣ ਵਾਲਾ ਪੀਰ ਵਲੀ ਕੰਧਾਰੀ ਹੰਕਾਰ ਵਿੱਚ ਲੋਕਾਂ ਨੂੰ ਤੰਗ ਕਰ ਰਿਹਾ ਸੀ, ਜੋ ਉਸ ਦੀ ਈਨ ਨਹੀਂ ਮੰਨਦੇ ਸਨ। ਗੁਰੂ ਜੀ ਦੀ ਮਿਹਰ ਨਾਲ ਉਹ ਮੋਮ-ਦਿਲ ਹੋ ਗਿਆ ਤੇ ਵਲੀ ਕੰਧਾਰੀ ਗੁਰੂ ਸਾਹਿਬ ਦਾ ਸ਼ਰਧਾਲੂ ਹੋ ਗਿਆ। ਉਥੇ ਸਤਿਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ‘ਪੰਜਾ ਸਾਹਿਬ’ ਹੈ। ਹਸਨ ਅਬਦਾਲ ਤੋਂ ਚਾਲੇ ਪਾ ਗੁਰੂ ਸਾਹਿਬ ਈਰਾਨ, ਕੰਧਾਰ, ਅਫਗਾਨਿਸਤਾਨ ਹੁੰਦੇ ਹੋਏ ਸੈਦਪੁਰ (ਐਮਨਾਬਾਦ) ਆ ਗਏ। ਮੁਸਲਮਾਨ ਸ਼ਾਸ਼ਕ ਬਾਬਰ ਨੇ ਸੈਦਪੁਰ ਤੇ ਹਮਲਾ ਕਰ ਦਿੱਤਾ। ਬਾਬਰ ਦੀ ਜਿੱਤ ਹੋਈ। ਆਮ ਲੋਕਾਂ ਨਾਲ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਨੂੰ ਵੀ ਕੈਦ ਕਰ ਲਿਆ। ਗੁਰੂ ਜੀ ਤੇ ਭਾਈ ਮਰਦਾਨਾ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਚੱਕੀਆਂ ਪੀਂਹਦੇ ਰਹੇ। ਬਾਬਰ ਤੱਕ ਇਹ ਗੱਲ ਪਹੁੰਚ ਗਈ। ਬਾਬਰ ਆ ਕੇ ਗੁਰੂ ਜੀ ਨੂੰ ਮਿਲਿਆ। ਗੁਰੂ ਜੀ ਨੇ ਉਸ ਨੂੰ ਬਿਨਾ ਕਿਸੇ ਭੈਅ ਤੋਂ  ਮਨੁੱਖਤਾ ਦਾ ਰਾਹ ਦੱਸਿਆ। ਬਾਬਰ ਨੇ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਪਰ ਉਹ ਲੋਕ ਸੈਦਪੁਰ ਵੱਲ ਵਾਪਸ ਜਾਣੋ ਡਰਦੇ ਸਨ। ਗੁਰੂ ਜੀ ਉਨ੍ਹਾਂ ਦੇ ਨਾਲ ਆਏ। ਉੱਜੜੇ, ਸਹਿਮੇ, ਡੌਰੇ-ਭੌਰੇ ਹੋਏ ਲੋਕਾਂ ਨੂੰ ਹੌਂਸਲਾ ਦੇਣ ਲਈ ਗੁਰੂ ਨਾਨਕ ਦੇਵ ਜੀ ਕੁਝ ਦਿਨ ਸੈਦਪੁਰ ਰਹੇ। ਫਿਰ ਗੁਰੂ ਜੀ ਕਰਤਾਰਪੁਰ ਆ ਪਹੁੰਚੇ।

        ਗੁਰੂ ਜੀ ਨੂੰ ਕਰਤਾਰਪੁਰ ਵਿੱਚ 9 ਸਾਲ ਹੋ ਗਏ ਸਨ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 61 ਸਾਲ ਸੀ। ਅੱਚਲ ਜੋਗੀਆਂ ਦਾ ਮੰਦਰ ਸੀ। ਗੁਰੂ ਨਾਨਕ ਦੇਵ ਜੀ ਸ਼ਿਵ-ਰਾਤ੍ਰੀ ਸਮੇਂ ਭਾਈ ਮਰਦਾਨਾ ਜੀ ਨਾਲ ਅੱਚਲ ਆਏ। ਲੋਕ ਜੋਗੀਆਂ ਨੂੰ ਛੱਡ ਕੇ ਗੁਰੂ ਜੀ ਕੋਲ ਆ ਗਏ। ਜੋਗੀ ਵੀ ਗੁਰੂ ਜੀ ਕੋਲ ਆ ਕੇ ਲੱਗੇ ਕਰਾਮਾਤਾਂ ਵਿਖਾਉਣ। ਗੁਰੂ ਜੀ ਨੇ ਜੋਗੀਆਂ ਨੁੰ ਸਮਝਾਇਆ ਕਿ ਸਾਧ-ਸੰਗਤ ਕਰਨੀ ਅਤੇ ਨਾਮ ਸਿਮਰਨ ਹੀ ਅਸਲ ਕਰਾਮਾਤ ਹੈ। ਫਿਰ ਜੋਗੀਆਂ ਨਾਲ ਬੜੀ ਚਰਚਾ ਕੀਤੀ। ਗੁਰੂ ਜੀ ਭਾਈ ਮਰਦਾਨੇ ਸਮੇਤ ਅੱਚਲ ਤੋਂ ਮੁਲਤਾਨ ਪਹੁੰਚ ਗਏ। ਜਿਥੇ ਮੁਸਲਮਾਨ ਦੋ ਤਰ੍ਹਾਂ ਦੀਆਂ ਧਾਰਮਿਕ ਉਕਾਈਆਂ ਕਰ ਰਹੇ ਸਨ 1. ਕਬਰ-ਪ੍ਰਸਤੀ 2. ਆਪਣੇ ਆਪ ਨੂੰ ਖ਼ੁਦਾ ਆਖਣਾ। ਸਤਿਗੁਰੂ ਜੀ ਨੇ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੋਹਾਂ ਉਕਾਈਆਂ ਵਲੋਂ ਸੁਚੇਤ ਕੀਤਾ। ਮੁਲਤਾਨ ਤੋਂ ਫਿਰ ਗੁਰੂ ਜੀ ਕਰਤਾਰਪੁਰ ਵਾਪਸ ਆ ਗਏ ਅਤੇ ਇਥੇ ਉਹ ਖੇਤੀਬਾੜੀ ਦੇ ਨਾਲ- ਨਾਲ ਇਕ ਰੱਬ, ਇਕ ਲੋਕਾਈ ਅਤੇ ਇਕ ਸਮਾਜ ਦਾ ਉਪਦੇਸ਼ ਦਿੰਦੇ ਰਹੇ।

ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ ਮੂਲ ਮੰਤਰ, ਚਉਪਦੇ, ਅਸ਼ਟਪਦੀਆਂ, ਪਉੜੀਆਂ, ਸਲੋਕ, ਪਹਰੇ, ਅਲਾਹਣੀਆਂ, ਸੋਲਹੇ ਆਦਿ ਸਿਰੀ, ਮਾਝ, ਗਾਉਤੀ, ਆਸਾ, ਗੂਜਰੀ, ਵਡਹੰਸ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ , ਬਸੰਤ, ਸਾਰਗ, ਮਲਾਰ ਅਤੇ ਪਰਭਾਤੀ ਰਾਗ ਵਿੱਚ ਅੰਕਿਤ ਹਨ। ਇਸ ਤੋਂ ਇਲਾਵਾ ਲੰਮੀਆਂ ਬਾਣੀਆਂ ਵਿੱਚ ਜਪੁ, ਪਹਰੇ, ਵਾਰ ਮਾਝ, ਪਟੀ, ਵਾਰ ਆਸਾ, ਅਲਾਹਣੀਆਂ, ਕੁਚਜੀ-ਸੁਚਜੀ, ਥਿਤੀ, ਉਅੰਕਾਰ, ਸਿਧ ਗੋਸਟਿ, ਬਾਰਹਮਾਹਾ ਅਤੇ ਵਾਰ ਮਲਾਰ ਹਨ।

ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀਆਂ ਬੜੀਆਂ ਕਰੜੀਆਂ ਪ੍ਰੀਖਿਆਵਾਂ ਲਈਆਂ। ਗੁਰੂ ਜੀ ਦੀ ਉਮਰ ਇਸ ਸਮੇਂ ਲਗਭਗ 70 ਸਾਲ ਸੀ। ਗੁਰਿਆਈ ਦੀ ਚੋਣ ਸਮੇਂ ਯੋਗਤਾ ਨੂੰ ਮੁੱਖ ਰਖਦਿਆਂ ਆਪਣੇ ਸਾਹਿਬਜ਼ਾਦਿਆਂ, ਭਾਈ ਲਹਿਣਾ ਤੇ ਸਿੱਖਾਂ ਵਿਚੋਂ ਭਾਈ ਲਹਿਣਾ ਜੀ ਨੂੰ ਹਰ ਤਰ੍ਹਾਂ ਨਾਲ ਯੋਗ ਵੇਖ ਗੁਰਗੱਦੀ ਦੇਣ ਦਾ ਫੈਸਲਾ ਕੀਤਾ, ਸੋ ਉਨ੍ਹਾਂ ਜੂਨ ਸੰਨ 1539 ਈ. ਨੂੰ ਆਪਣੇ ਪ੍ਰੇਮੀ ਬਾਬੇ ਬੁੱਢੇ ਨੂੰ ਬੁਲਾਇਆ। ਆਪ ਜੀ ਨੇ ਪੰਜ ਪੈਸੇ ਤੇ ਨਾਰੀਅਲ ਭਾਈ ਲਹਿਣੇ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਬਾਬੇ ਬੁੱਢੇ ਨੇ ਲਹਿਣਾ ਜੀ ਦੇ ਮੱਥੇ ਤੇ ਤਿਲਕ ਲਗਾਇਆ, ਤੇ ਇਸ ਤਰ੍ਹਾਂ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਗਏ। ਗੁਰਤਾ ਦੇਣ ਵੇਲੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਉਹ ਸਾਰੀ ਪੋਥੀ ਵੀ ਦੇ ਦਿੱਤੀ, ਜਿਸ ਉੱਤੇ ਆਪਣੀ ਸਾਰੀ  ਬਾਣੀ ਲਿਖਦੇ ਰਹੇ ਸਨ। ਸੰਨ 1532 ਤੋਂ ਸੰਨ 1539 ਤੱਕ ਸੱਤ ਸਾਲ ਬਾਬਾ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਹਾਸਲ ਰਹੀ। ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਕੇ ਆਪ 1539 ਈਸਵੀ ਨੂੰ ਜੋਤੀ ਜੋਤਿ ਸਮਾ ਗਏ।

ਵਿਅਕਤਿਤਵ ਅਤੇ ਸਿੱਖਿਆਵਾਂ :

 ਗੁਰੂ ਜੀ ਦਾ ਵਿਅਕਤਿਤਵ ਬੜਾ ਅਦਭੁਤ ਸੀ। ਜਿਸ ਵਾਰੇ ਪ੍ਰਸਿੱਧ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਜੀ ਲਿਖਦੇ ਹਨ ਉਹ ਨੱਬੀ ਵੀ ਸਨ ਅਤੇ ਲੋਕ-ਨਾਇਕ ਵੀ, ਉਹ ਸਾਧਕ ਵੀ ਸਨ ਅਤੇ ਉਪਦੇਸ਼ਕ ਵੀ। ਉਹ ਸ਼ਾਇਰ ਵੀ ਸਨ ਅਤੇ ਈਸ਼ਵਰੀ ਦਰਬਾਰ ਦੇ ਢਾਡੀ ਵੀ । ਉਹ ਗ੍ਰਿਹਸਥੀ ਵੀ ਸਨ ਅਤੇ ਵੈਰਾਗੀ ਵੀ। ਉਨ੍ਹਾਂ ਦੀ ਸਾਧਨਾ ਵਿਚ ਅਪਾਰ ਸ਼ਕਤੀ ਸੀ । ਉਨ੍ਹਾਂ ਨੇ ਬਾਂਹ ਉਠਾ ਕੇ ਅਨਾਚਾਰ ਅਤੇ ਅਧਰਮ ਦੇ ਭਿਆਨਕ ਝਖੜ ਨੂੰ ਰੋਕ ਦਿੱਤਾ ਅਤੇ ਦੁਖਿਆਰੀ ਮਨੁੱਖਤਾ ਨੂੰ ਸ਼ਾਂਤੀ ਪ੍ਰਦਾਨ ਕੀਤੀ।

"ਜਾਹਰ ਪੀਰੁ ਜਗਤੁ ਗੁਰ ਬਾਬਾ" ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਪਰਮਾਤਮਾ ਇਕ ਹੈ ਤੇ ਉਸ ਇਕ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਪਰਮਾਤਮਾ ਹਰ ਜਗ੍ਹਾ ਅਤੇ ਹਰ ਪ੍ਰਾਣੀ 'ਚ ਮੌਜੂਦ ਹੈ। ਸਿੱਖ ਚਿੰਤਕ ਪ੍ਰੋਫੈਸਰ ਕਰਮਜੀਤ ਸਿੰਘ ਜੀ, ਗੁਰੂ ਸਾਹਿਬ ਜੀ ਦੀ ਦੁਆਰਾ ਦਰਸਾਈ ਕਿਰਤ ਦੀ ਮਹੱਤਤਾ ਬਾਰੇ ਲਿਖਦੇ ਹਨ ਕਿ ਕਿਰਤ ਨੂੰ ਸਿਰਫ ਆਰਥਿਕ ਖੁਸ਼ਹਾਲੀ ਦਾ ਆਧਾਰ ਨਹੀਂ ਮੰਨਣਾ ਚਾਹੀਦਾ, ਸਗੋਂ ਸੱਚੀ ਕਿਰਤ ਜਿੱਥੇ ਸਮਾਜ ਦੇ ਵਿਕਾਸ ਦਾ ਮੁੱਖ ਆਧਾਰ ਹੁੰਦੀ ਹੈ, ਉੱਥੇ ਹੀ ਸੱਚ ਦਾ ਮਾਰਗ ਵੀ ਕਿਰਤ ਦੁਆਰਾ ਪਛਾਣਿਆ ਜਾ ਸਕਦਾ ਹੈ। ਗੁਰੂ ਜੀ ਨੇ ਖੁਦ ਮੱਝਾਂ ਚਾਰ ਕੇ, ਮੋਦੀ ਖਾਨੇ ਨੌਕਰੀ ਕਰਕੇ ਤੇ ਖੇਤੀਬਾੜੀ ਦਾ ਕਿੱਤਾ ਕਰਕੇ 'ਕਿਰਤ' ਦੀ ਮਹੱਤਤਾ ਨੂੰ ਦਰਸਾਇਆ ਹੈ ਅਤੇ ਨਾਲ ਹੀ ਈਮਾਨਦਾਰੀ ਦੀ ਕਿਰਤ ਕਮਾਈ ਵਿਚੋਂ ਕੁਝ ਹਿੱਸਾ (ਦਸਵੰਧ) ਲੋੜਵੰਦਾਂ ਨੂੰ ਦਾਨ ਕਰਨਾ ਦਾ ਉਪਦੇਸ਼ ਵੀ ਦਿੱਤਾ ਹੈ। ਗੁਰੂ ਜੀ ਨੇ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਨੂੰ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਕਿਹਾ ਹੈ। ਜਿਨ੍ਹਾਂ ਦਾ ਸੰਗ ਮਨੁੱਖ ਨੂੰ ਉਸ ਦੇ ਜੀਵਨ ਦੇ ਮੂਲ ਉਦੇਸ਼ ਤੋਂ ਦੂਰ ਕਰ ਦਿੰਦਾ ਹੈ। ਗੁਰੂ ਜੀ ਸੱਚ ਨੂੰ ਸਭ ਤੋਂ ਵੱਡਾ ਮੰਨਦੇ ਹਨ ਅਤੇ ਸੱਚੇ-ਸੁੱਚੇ ਜੀਵਨ ਨੂੰ ਉਸ ਤੋਂ ਵੀ ਉੱਚਾ ਕਿਹਾ ਹੈ। ਗੁਰੂ ਜੀ ਨੇ ਮਨੁੱਖ ਨੂੰ ਭਾਣਾ ਮੰਨਣ ਭਾਵ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਉਪਦੇਸ਼ ਦਿੱਤਾ ਹੈ। ਮਨੁੱਖ ਨੂੰ ਹਰ ਸਥਿਤੀ ਵਿੱਚ ਚੜ੍ਹਦੀਕਲਾ ਵਿੱਚ ਰਹਿੰਦੇ ਹੋਏ ਸਰਬੱਤ ਦਾ ਭਲਾ ਮੰਗਣ ਦਾ ਉਪਦੇਸ਼ ਦਿੱਤਾ ਹੈ। ਗੁਰੂ ਜੀ ਦਾ ਸਮਾਜ ਨੂੰ ਉਪਦੇਸ਼ ਹੈ ਕਿ ਵਿਦਿਆ ਪ੍ਰਾਪਤੀ ਦਾ ਇਕੋ ਇਕ ਉਪਦੇਸ਼ ਪਰਉਪਕਾਰ ਹੋਣਾ ਚਾਹੀਦਾ ਹੈ। ਗੁਰਬਾਣੀ ਸਿਧਾਂਤ ਹੈ : ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ ਉਨ੍ਹਾਂ ਨੇ ਮਿੱਠਤ ਤੇ ਨਿਮਰਤਾ ਨੂੰ ਮਨੁੱਖਤਾ ਦਾ ਉੱਤਮ ਗੁਣ ਮੰਨਿਆ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।

 

ਡਾ. ਜਗਜੀਤ ਸਿੰਘ,

ਜਗਤ ਗੁਰੂ ਨਾਨਕ ਦੇਵ

ਪੰਜਾਬ ਸਟੇਟ ਓਪਨ ਯੂਨੀਵਰਸਿਟੀ,

ਪਟਿਆਲਾ