ਖੇਤੀ ਸਬੰਧੀ ਤਿੰਨਾਂ ਕਾਨੂੰਨਾਂ ਦੀ ਵਾਪਸੀ, ਮੋਦੀ ਭਗਤ ਤੇ ਗੋਦੀ ਮੀਡੀਆ     

ਖੇਤੀ ਸਬੰਧੀ ਤਿੰਨਾਂ ਕਾਨੂੰਨਾਂ ਦੀ ਵਾਪਸੀ, ਮੋਦੀ ਭਗਤ ਤੇ ਗੋਦੀ ਮੀਡੀਆ     

   ਭਖਦਾ ਮਸਲਾ 

“ਗੁਰਮੀਤ ਸਿੰਘ ਪਲਾਹੀ"

ਭਾਰਤ ਦੇ ਕੇਂਦਰੀ ਮੰਤਰੀ ਸਾਬਕਾ ਜਨਰਲ ਵੀ.ਕੇ. ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਉਪਰੰਤ ਸਵਾਲ ਖੜ੍ਹਾ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿੱਚ ਸਿਵਾਏ ਕਾਲੀ ਸਿਆਹੀ ਦੇ ਕਾਲਾ ਕੀ ਸੀ? ਭਾਜਪਾ ਮੈਂਬਰ ਪਾਰਲੀਮੈਂਟ ਸਵਾਮੀ ਸਚਿਦਾਨੰਦ ਹਰੀ ਸਾਕਸ਼ੀ ਜੀ ਮਹਾਰਾਜ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਇੱਕ ਦਿਨ ਬਾਅਦ ਇੱਕ ਗੰਭੀਰ ਚਿੰਤਾਜਨਕ ਬਿਆਨ ਦਿੱਤਾ, “ਬਿੱਲ ਤਾਂ ਬਣਦੇ ਰਹਿੰਦੇ ਹਨ, ਵਿਗੜਦੇ ਰਹਿੰਦੇ ਹਨ, ਵਾਪਸ ਆ ਜਾਣਗੇ, ਦੋਬਾਰਾ ਬਣ ਜਾਣਗੇ, ਕੋਈ ਦੇਰ ਨਹੀਂ ਲਗਦੀ।ਹੋਰ ਵੀ ਕਈ ਭਾਜਪਾ ਨੇਤਾਵਾਂ ਤੇ ਮੋਦੀ ਭਗਤਾਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਉੱਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਪਰ ਮੁੱਢ ਤੋਂ ਕਿਸਾਨ ਹਿਮਾਇਤੀ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਿਕ ਨੇ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਨੂੰ ਪ੍ਰਧਾਨ ਮੰਤਰੀ ਦਾ ਸਿਆਣਪ ਭਰਿਆ ਫ਼ੈਸਲਾ ਕਰਾਰ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਅੱਗੋਂ ਕਦਮ ਵਧਾਕੇ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਕੀਮਤ ਨਿਰਧਾਰਤ ਕਰਨ ਅਤੇ ਹੋਰ ਮੰਗਾਂ ਮੰਨਣ ਦੀ ਸਲਾਹ ਦਿੱਤੀ ਹੈ।ਕਿਸਾਨਾਂ ਦੇ ਖਿਲਾਫ਼ ਨਫ਼ਰਤ ਅਤੇ ਝੂਠੇ ਇਲਜ਼ਾਮ ਫੈਲਾਉਣ ਵਿੱਚ ਪ੍ਰਧਾਨ ਮੰਤਰੀ ਦੇ ਭਗਤਾਂ ਦੀ ਟੋਲੀ ਸਭ ਤੋਂ ਅੱਗੇ ਸੀ। ਕਿਸਾਨ ਅੰਦੋਲਨ ਨੂੰ ਲੈ ਕੇ ਜਿੰਨਾ ਜ਼ਹਿਰ ਭਗਤਾਂ ਨੇ ਉਗਲਿਆ, ਹੈਰਾਨੀਜਨਕ ਸੀ। ਇਸ ਭਗਤਾਂ ਦੀ ਟੋਲੀ ਵਿੱਚ ਉਹੀ ਚਿਹਰੇ ਗੋਦੀ ਮੀਡੀਆ ਉੱਤੇ, ਟੀ.ਵੀ. ਚੈਨਲਾਂ ਉੱਤੇ ਦਿਖਾਈ ਦਿੰਦੇ ਹਨ। ਇਹਨਾਂ ਵਿੱਚ ਨਾ ਕੋਈ ਨਵਾਂ ਚਿਹਰਾ ਦਿਸਦਾ ਹੈ ਅਤੇ ਨਾ ਹੀ ਉਹਨਾਂ ਵੱਲੋਂ ਕੋਈ ਨਵੀਂ ਗੱਲ ਸੁਣਨ ਨੂੰ ਮਿਲਦੀ ਹੈ। ਬੱਸ ਸੁਣਾਈ ਦਿੰਦਾ ਹੈ, ਇੱਕ ਭੰਡੀ ਪ੍ਰਚਾਰ। ਕਿਸਾਨਾਂ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀ ਆਖਿਆ, ਖੇਤੀ ਕਾਨੂੰਨਾਂ ਨੂੰ ਸਹੀ ਗਰਦਾਨਿਆ, ਪ੍ਰਧਾਨ ਮੰਤਰੀ ਦੀ ਪੂਰੀ ਟੀਮ ਨੇ ਕਿਸਾਨ ਭੰਡ ਮੁਹਿੰਮਨੂੰ ਇਲੈਕਟ੍ਰੌਨਿਕ ਮੀਡੀਆ, ਇੰਸਟਾਗ੍ਰਾਮ, ਫੇਸਬੁੱਕ, ਟਵਿਟਰ ਉੱਤੇ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ।

ਪ੍ਰਧਾਨ ਮੰਤਰੀ ਦੇ ਭਗਤਾਂ ਵਿੱਚ ਕਈ ਇਹੋ ਜਿਹੇ ਲੋਕ ਹਨ, ਜਿਹਨਾਂ ਨੂੰ ਰਾਜਨੀਤੀ ਦੀ ਨਾ ਸਮਝ ਹੈ, ਨਾ ਆਰਥਿਕ ਮੁੱਦਿਆਂ ਦੀ। ਇਸ ਲਈ ਜਦ ਉਹ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਵੀ ਕਰਦੇ ਹਨ ਤਾਂ ਉਹ ਵੀ ਇਸ ਤਰ੍ਹਾਂ ਜਿਵੇਂ ਉਹਨਾਂ ਨੂੰ ਕਿਸੇ ਨੇ ਹੁਕਮ ਚਾੜ੍ਹਿਆ ਹੋਵੇ ਉੱਪਰ ਤੋਂ ਢੰਡੋਰਾ ਪਿੱਟਣ ਦਾ। ਅਦਾਕਾਰ ਕੰਗਣਾ ਰਣੌਤ ਦੀ ਉਦਾਹਰਣ ਲੈ ਲਉ, ਉਹ ਨਿੱਤ ਨਵੇਂ ਵਿਵਾਦਤ ਬਿਆਨ ਦੇ ਰਹੀ ਹੈ, ਸਮਝ ਰਹੀ ਹੈ ਕਿ ਉਹ ਨਰੇਂਦਰ ਮੋਦੀ ਦੇ ਹੱਕ ਵਿੱਚ ਖੜ੍ਹੀ ਹੈ, ਉਸਦੀ ਪ੍ਰਸ਼ੰਸਾ ਕਰਦੀ ਹੈ, ਪਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਉਹ ਨਰੇਂਦਰ ਮੋਦੀ ਤੇ ਭੜਕ ਪਈ ਅਤੇ ਉਸਦੀ ਆਲੋਚਨਾ ਕੀਤੀ। ਉਸਨੇ ਲਿਖਿਆ ਹੈ, “ਇਹ ਕਾਨੂੰਨ ਵਾਪਸ ਲੈਣਾ ਦੁਖਦਾਈ ਹੈ, ਸ਼ਰਮਨਾਕ ਅਤੇ ਬਿਲਕੁਲ ਗੈਰਵਾਜਬ ਹੈ। ਜੇਕਰ ਸੰਸਦ ਵਿੱਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ ਉੱਤੇ ਲੋਕਾਂ ਨੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਇਹ ਇੱਕ ਜਿਹਾਦੀ ਰਾਸ਼ਟਰ ਹੈ। ਉਹਨਾਂ ਸਾਰਿਆਂ ਨੂੰ ਵਧਾਈ ਜੋ ਇੰਜ ਚਾਹੁੰਦੇ ਹਨ।ਪਿਛਲੇ ਲੰਬੇ ਅਰਸੇ ਤੋਂ ਮੋਦੀ ਭਗਤਾਂ ਨੇ ਕਦੇ ਨਰੇਂਦਰ ਮੋਦੀ ਨੂੰ ਦੇਸ਼ ਲਈ ਅੱਛਾ ਅਤੇ ਅਤਿ-ਲਾਭਦਾਇਕ ਸੁਝਾਅ ਨਹੀਂ ਦਿੱਤਾ। ਉਹਨਾਂ ਦਾ ਬਿਆਨ ਤਾਂ ਹਿੰਦੂਤਵਬਚਾਉਣ ਅਤੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਅਰੇ ਤਕ ਸੀਮਤ ਸੀ। ਨਰੇਂਦਰ ਮੋਦੀ ਨੇ ਨੋਟਬੰਦੀ ਕੀਤੀ, ਮੋਦੀ ਭਗਤਾਂ ਨੇ ਉਹਨਾਂ ਦੇ ਗੁਣ ਗਾਏ। ਗੋਦੀ ਮੀਡੀਆ ਨੇ ਇਸਦੇ ਫ਼ਾਇਦੇ ਗਿਣਨ ਵਿੱਚ ਕਸਰ ਨਹੀਂ ਛੱਡੀ। ਕਸ਼ਮੀਰ ਵਿੱਚ 370 ਧਾਰਾ ਲਾਗੂ ਕਰਨ ਦੇ ਕਸ਼ਮੀਰੀਆਂ ਵਿਰੋਧੀ ਕੰਮ ਨੂੰ ਉਹਨਾਂ ਪ੍ਰਚਾਰਿਆ। ਜੀ.ਐੱਸ.ਟੀ. ਕਾਹਲੀ ਨਾਲ ਲਾਗੂ ਕੀਤੀ, ਜਿਸ ਵਿੱਚ ਬਾਅਦ ਵਿੱਚ ਸੈਂਕੜੇ ਸੋਧਾਂ ਹੋਈਆਂ, ਨੂੰ ਸਟੀਕ ਕਾਨੂੰਨ ਗਰਦਾਨਿਆ। ਕਰੋਨਾ ਕਾਲ ਵਿੱਚ ਮੋਦੀ ਹੈ ਤਾਂ ਮੁਮਕਿਨ ਹੈਦਾ ਨਾਅਰਾ ਲਾਇਆ, ਹਾਲਾਂਕਿ ਇਸ ਸਮੇਂ ਦੇਸ਼ ਵਾਸੀਆਂ ਦੀ ਜੋ ਹਾਲਤ ਹੋਈ, ਉਹ ਕਿਸੇ ਤੋਂ ਲੁਕੀ-ਛੁਪੀ ਨਹੀਂ। ਖੇਤੀ ਕਾਨੂੰਨਾਂ ਦੇ ਹੱਕ ਵਿੱਚ ਤਾਂ ਇਸ ਟੀਮ ਨੇ ਕਿਸਾਨਾਂ ਨੂੰ ਖਾਲਿਸਤਾਨੀ, ਨਕਸਲੀ, ਅੰਦੋਲਨਜੀਵੀ ਤਕ ਕਹਿਣ ਵਿੱਚ ਕੋਈ ਕਸਰ ਨਹੀਂ ਛੱਡੀ।

ਜਦੋਂ ਭਾਜਪਾ ਖੇਤੀ ਅੰਦੋਲਨ ਦੌਰਾਨ ਪੱਛਮੀ ਬੰਗਾਲ ਹਾਰੀ, ਹਰਿਆਣਾ, ਹਿਮਾਚਲ ਤੇ ਹੋਰ ਰਾਜਾਂ ਵਿੱਚ ਖਾਲੀ ਵਿਧਾਨ ਸਭਾ ਚੋਣਾਂ ਵਿੱਚ ਉਸਦੀ ਹਾਰ ਹੋਈ ਤਾਂ ਆਉਂਦੀਆਂ ਪੰਜ ਰਾਜਾਂ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਉਸ ਨੂੰ ਆਪਣੀ ਹਾਰ ਦਿਸਣ ਲੱਗੀ। ਅਤਿ ਗੁਪਤ ਪ੍ਰਾਪਤ ਸੂਚਨਾਵਾਂ ਅਨੁਸਾਰ ਜਦੋਂ ਸੁਪਰੀਮ ਕੋਰਟ ਵੱਲੋਂ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਸੰਬੰਧੀ ਕਿਸਾਨਾਂ ਦੇ ਹੱਕ ਵਿੱਚ ਫ਼ੈਸਲੇ ਦਾ ਭੇਦ ਕੇਂਦਰ ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਨਰੇਂਦਰ ਮੋਦੀ ਨੂੰ, ਜਿਹੜਾ ਅੱਜ ਤਕ ਦਾ ਸਭ ਤੋਂ ਵੱਡਾ ਜ਼ਿੱਦੀ, ਹੈਂਕੜਬਾਜ਼, ਡਿਕਟੇਟਰਾਨਾ ਰੁਚੀਆਂ ਵਾਲਾ ਪ੍ਰਧਾਨ ਮੰਤਰੀ ਸੀ, ਉਸ ਨੂੰ ਕਿਸਾਨਾਂ ਦੀ ਮੰਗ ਅੱਗੇ ਗੋਡੇ ਟੇਕਣੇ ਪਏ, ਉਹਨਾਂ ਤੋਂ ਮੁਆਫ਼ੀ ਮੰਗਣੀ ਪਈ। ਪ੍ਰਧਾਨ ਮੰਤਰੀ ਦੇ ਉਹ ਆਲੋਚਕ, ਜੋ ਆਪਣੇ ਵੱਲੋਂ ਵਾਰ-ਵਾਰ ਪ੍ਰਧਾਨ ਮੰਤਰੀ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਵਿੱਚ ਉਹਨਾਂ ਦਾ ਧਿਆਨ ਖਿੱਚਦੇ ਰਹੇ, ਪਰ ਉਹਨਾਂ ਦੀ ਗੱਲ ਵੱਲ ਕਿਸੇ ਧਿਆਨ ਨਹੀਂ ਦਿੱਤਾ। ਆਲੋਚਕ ਬਹੁਤ ਪਹਿਲਾਂ ਤੋਂ ਹੀ ਕਹਿੰਦੇ ਆਏ ਹਨ ਕਿ ਜੇਕਰ ਕਿਸਾਨ ਮਹੀਨਿਆਂ ਤੋਂ ਉਹਨਾਂ ਦਾ ਵਿਰੋਧ ਕਰਦੇ ਆ ਰਹੇ ਹਨ ਤਾਂ ਉਹਨਾਂ ਦੀ ਗੱਲ ਵਿੱਚ ਦਮ ਹੋਏਗਾ। ਪਰ ਉਹਨਾਂ ਦੀ ਸੁਣਨ ਦੀ ਬਜਾਏ ਪ੍ਰਧਾਨ ਮੰਤਰੀ ਨੇ ਭਗਤਾਂ ਤੇ ਗੋਦੀ ਮੀਡੀਆ ਦੀ ਸੁਣੀ ਜੋ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਦੇ ਰਹੇ। ਪ੍ਰਧਾਨ ਮੰਤਰੀ ਇਹ ਸਮਝ ਹੀ ਨਹੀਂ ਸਕੇ ਕਿ ਉਹਨਾਂ ਦੇ ਦੁਸ਼ਮਣ ਕੌਣ ਹਨ ਅਤੇ ਦੋਸਤ ਕੌਣ ਹਨ।ਉਦੋਂ ਜਦੋਂ ਪੰਜਾਬ ਵਿੱਚ ਭਾਜਪਾ ਦੀ ਸਫ ਵਲੇਟੀ ਗਈ। ਹਰਿਆਣਾ ਵਿੱਚ ਭਾਜਪਾ ਦਾ ਬੋਰੀਆ ਬਿਸਤਰਾ ਗੋਲ ਹੋਣ ਤੇ ਆ ਗਿਆ। ਪੱਛਮੀ ਯੂਪੀ ਵਿੱਚ ਖ਼ਾਸ ਕਰਕੇ ਭਾਜਪਾ ਦੀ ਯੋਗੀ ਸਰਕਾਰ ਨੂੰ ਸੇਕ ਲੱਗਿਆ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੋਦੀ ਸਰਕਾਰ ਦੀ ਭਰਪੂਰ ਬਦਨਾਮੀ ਹੋ ਗਈ ਤਾਂ ਉਸ ਨੂੰ ਕਿਸਾਨ ਅੰਦੋਲਨਆਪਣੀ ਹਾਰ ਦਿਸਣ ਲੱਗਾ। ਉਸ ਨੂੰ ਆਪਣਾ ਸੁਭਾਅ, ਜ਼ਿੱਦ ਅਤੇ ਵਤੀਰਾ ਬਦਲਣ ਲਈ ਮਜਬੂਰ ਹੋਣਾ ਪਿਆ ਹੈ।

ਪ੍ਰਧਾਨ ਮੰਤਰੀ ਆਪਣੇ ਰਾਸ਼ਟਰੀ ਪੱਧਰ ਤੇ ਡਿਗ ਰਹੇ ਗ੍ਰਾਫ਼ ਨੂੰ ਥਾਂ ਸਿਰ ਕਰਨ ਲਈ ਕਦਮ ਚੁੱਕਣ ਲੱਗੇ ਹਨ। ਦੇਸ਼ ਦੇ ਵਿਕਾਸ ਦੀ ਗੱਲ ਕਰਨ ਲੱਗੇ ਹਨ। ਉਹਨਾਂ ਦੇ ਬਿਆਨ ਦਰਸਾਉਣ ਲੱਗੇ ਹਨ ਕਿ ਉਹ ਚਾਹੁੰਦੇ ਹਨ ਵਿਕਾਸ ਦੀ ਰਫ਼ਤਾਰ ਵਧੇ ਤੇ ਇਸ ਵਿੱਚ ਜੋ ਅਟਕਲਾਂ ਹਨ, ਉਹਨਾਂ ਨੂੰ ਉਹ ਦੂਰ ਕਰਨਗੇ। ਫੈਲਾਈਆਂ ਜਾ ਰਹੀਆਂ ਗਲਤਫਹਿਮੀਆਂ ਨੂੰ ਵਿਰਾਮ ਦੇਣ ਲਈ ਕੇਂਦਰੀ ਮੰਤਰੀ ਮੰਡਲ ਵੱਲੋਂ 24 ਨਵੰਬਰ 2021 ਨੂੰ ਖੇਤੀ ਕਾਨੂੰਨ ਵਾਪਸੀ ਉੱਤੇ ਮੋਹਰ ਲੱਗੇਗੀ। 29 ਨਵੰਬਰ 2021 ਨੂੰ ਸ਼ੁਰੂ ਹੋ ਕੇ ਸੰਸਦ ਇਜਲਾਜ਼ ਵਿੱਚ ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਿਕ ਖੇਤੀ ਕਾਨੂੰਨ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋ ਜਾਏਗੀ।ਇਸੇ ਦੌਰਾਨ ਭਾਵੇਂ ਕਿਸਾਨ ਜਥੇਬੰਦੀਆਂ ਨੇ ਨਰੇਂਦਰ ਮੋਦੀ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਪਰ ਉਦੋਂ ਤਕ ਦਿੱਲੀ ਦੀਆਂ ਬਰੂਹਾਂ ਤੋਂ ਵਾਪਸੀ, ਅਤੇ ਪਹਿਲਾਂ ਨਿਰਧਾਰਤ ਐਲਾਨੇ ਸੰਘਰਸ਼ ਨੂੰ ਲਾਗੂ ਰੱਖਣ ਦਾ ਫ਼ੈਸਲਾ ਲਿਆ ਹੈ, ਜਿਸ ਵਿੱਚ ਲਖਨਊ ਵਿਖੇ ਮਹਾਂ ਪੰਚਾਇਤ ਅਤੇ ਪਾਰਲੀਮੈਂਟ ਤਕ 29 ਨਵੰਬਰ ਦਾ ਟਰੈਕਟਰ ਮਾਰਚ ਸ਼ਾਮਾਲ ਹੈ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਭੇਜੀਆਂ ਹਨ ਅਤੇ ਗੱਲਬਾਤ ਕਰਨ ਦੀ ਮੰਗ ਰੱਖੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ-

ਪਹਿਲਾ -- ਖੇਤੀ ਦੀ ਸੰਪੂਰਨ ਲਾਗਤ ਉੱਤੇ ਅਧਾਰਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਸਾਰੀ ਖੇਤੀ ਉੱਤੇ ਸਾਰੇ ਕਿਸਾਨਾਂ ਦਾ ਕਾਨੂੰਨੀ ਹੱਕ ਬਣਾ ਦਿੱਤਾ ਜਾਏ ਤਾਂ ਕਿ ਦੇਸ਼ ਦੇ ਹਰ ਕਿਸਾਨ ਨੂੰ ਆਪਣੀ ਪੂਰੀ ਫ਼ਸਲ ਸਰਕਾਰ ਵੱਲੋਂ ਘੋਸ਼ਿਤ ਘੱਟੋ-ਘੱਟ ਮੁੱਲ ਉੱਤੇ ਖ਼ਰੀਦ ਦੀ ਗਰੰਟੀ ਹੋ ਸਕੇ।

ਦੂਜਾ - ਸਰਕਾਰ ਵੱਲੋਂ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2020/2021 ਵਾਪਸ ਲਿਆ ਜਾਵੇ।

ਤੀਜਾ - ਰਾਸ਼ਟਰੀ ਰਾਜਧਾਨੀ ਦੇ ਖੇਤਰ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਹਵਾ ਗੁਣਵਤਾ ਦੇ ਲਈ ਆਯੋਗ ਅਧਿਨਿਯਮ 2021 ਵਿੱਚ ਜੋ ਕਿਸਾਨਾਂ ਨੂੰ ਸਜ਼ਾ ਦੇਣ ਦਾ ਪ੍ਰਵਾਧਾਨ ਕੀਤਾ ਹੈ, ਉਸ ਨੂੰ ਹਟਾਇਆ ਜਾਵੇ।

ਚੌਥਾ - ਦਿੱਲੀ ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਹੋਰ ਅਨੇਕਾਂ ਰਾਜਾਂ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਇਸ ਅੰਦੋਲਨ ਦੌਰਾਨ (ਜੂਨ 2020 ਤੋਂ ਹੁਣ ਤਕ) ਸੈਂਕੜੇ ਮੁਕੱਦਮਿਆਂ ਵਿੱਚ ਫਸਾਇਆ ਗਿਆ ਹੈ, ਇਹਨਾਂ ਕੇਸਾਂ ਨੂੰ ਤੁਰੰਤ ਵਾਪਸ ਲਿਆ ਜਾਵੇ।

ਪੰਜਵਾਂ - ਲਖੀਮਪੁਰ ਖੀਰੀ ਹੱਤਿਆਕਾਂਡ ਦੇ ਸੂਤਰਧਾਰ ਅਤੇ ਸੈਕਸ਼ਨ 120 ਬੀ ਦੇ ਅਭਿਯੁਕਤ ਅਜੈ ਮਿਸ਼ਰਾ ਅੱਜ ਵੀ ਖੁੱਲ੍ਹੇ ਆਮ ਘੁੰਮ ਰਹੇ ਹਨ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਬਣੇ ਹੋਏ ਹਨ। ਉਹਨਾਂ ਨੂੰ ਬਰਖਾਸਤ ਅਤੇ ਗ੍ਰਿਫਤਾਰ ਕੀਤਾ ਜਾਵੇ।

ਛੇਵਾਂ - ਇਸ ਅੰਦੋਲਨ ਦੌਰਾਨ ਹੁਣ ਤਕ ਲਗਭਗ 700 ਕਿਸਾਨ ਸ਼ਹਾਦਤ ਦੇ ਚੁੱਕੇ ਹਨ। ਉਹਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਅਤੇ ਪੁਨਰਵਾਸ ਦੀ ਵਿਵਸਥਾ ਹੋਵੇ। ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਇੱਕ ਸ਼ਹੀਦ ਸਮਾਰਕ ਬਣਾਉਣ ਲਈ ਸਿੰਘੂ ਬਾਰਡਰ ਤੇ ਜ਼ਮੀਨ ਦਿੱਤੀ ਜਾਵੇ।

ਕਿਸਾਨ ਅੰਦੋਲਨ ਨੇ ਪੜਾਅ ਦਰ ਪੜਾਅ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬ ਤੋਂ ਇਹ ਅੰਦੋਲਨ ਉੱਠਿਆ, ਦਿੱਲੀ ਵੱਲ ਕਿਸਾਨਾਂ ਕੂਚ ਕੀਤਾ, ਪੁਲਿਸ ਨਾਲ ਟੱਕਰ ਲਈ। ਕੇਂਦਰ ਸਰਕਾਰ ਨਾਲ ਗੱਲਬਾਤ ਦੇ ਗਿਆਰਾਂ ਨਾਕਾਮ ਗੇੜ ਹੋਏ। 26 ਜਨਵਰੀ 2021 ਦੀ ਟਰੈਕਟਰ ਪਰੇਡ ਸਮੇਂ ਹਿੰਸਾ ਦਾ ਅੰਦੋਲਨ ਨੇ ਸਾਹਮਣਾ ਕੀਤਾ। ਬਦਨਾਮੀ ਝੱਲੀ। ਅੰਦੋਲਨ ਖ਼ਤਮ ਹੁੰਦਾ ਹੁੰਦਾ ਰਕੇਸ਼ ਟਿਕੈਤ ਨੇ ਆਪਣੇ ਹੰਝੂਆਂ ਨਾਲ ਮੁੜ ਥੰਮ੍ਹ ਲਿਆ। ਸਰਕਾਰ ਦੇ ਜ਼ਿੱਦੀ ਰਵੱਈਏ ਕਾਰਨ ਕਿਸਾਨ ਤਿੱਖੇ ਸੰਘਰਸ਼ ਲਈ ਮਜਬੂਰ ਹੋਏ। ਉਹਨਾਂ ਕਿਸਾਨ ਪੰਚਾਇਤਾਂ ਅਤੇ ਭਾਜਪਾ ਦੀ ਵੋਟ ਉੱਤੇ ਚੋਟ ਦਾ ਰਾਹ ਫੜਿਆ। ਭਾਜਪਾ ਤੇ ਉਸਦੇ ਸਾਥੀਆਂ ਦਾ ਵਿਰੋਧ ਕੀਤਾ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਤਿੰਨ ਕਿਸਾਨ ਕਾਨੂੰਨਾਂ ਤੇ ਯੂ ਟਰਨ ਲੈਣਾ ਪਿਆ। ਲਖੀਮਪੁਰ ਖੀਰੀ ਤੇ ਸਿੰਘੂ ਬਾਰਡਰ ਨਿਹੰਗ ਕਾਂਡ ਨੇ ਇਸ ਅੰਦੋਲਨ ਵਿੱਚ ਵੱਖਰਾ ਮੋੜ ਲਿਆਂਦਾ।ਇਸ ਸਭ ਕੁਝ ਦੌਰਾਨ ਕੇਂਦਰ ਸਰਕਾਰ ਦੀ ਨੀਂਦ ਕਿਸਾਨ ਅੰਦੋਲਨ ਨੇ ਹਰਾਮ ਕੀਤੀ ਰੱਖੀ। ਸੰਗਠਿਤ ਸੰਯੁਕਤ ਮੋਰਚੇ ਦੀ ਇਹ ਵੱਡੀ ਪ੍ਰਾਪਤੀ ਸੀ। ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨ ਹਿਮਾਇਤੀ ਸੋਸ਼ਲ ਮੀਡੀਆ, ਟੀ.ਵੀ. ਅਤੇ ਅਖਬਾਰਾਂ ਨੇ ਕਿਸਾਨ ਅੰਦੋਲਨ ਦਾ ਪੱਖ ਰੱਖਣ ਲਈ ਵੱਡੀ ਭੂਮਿਕਾ ਨਿਭਾਈ ਅਤੇ ਇਸ ਤੋਂ ਵੀ ਵੱਡੀ ਭੂਮਿਕਾ ਪ੍ਰਵਾਸੀ ਪੰਜਾਬੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਨੇ ਨਿਭਾਈ।ਪੰਜਾਬ ਵਿੱਚ ਵੱਡੇ ਕਈ ਕਿਸਾਨੀ ਅੰਦੋਲਨ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤਕ ਲੜੇ ਗਏ। ਜਿਹਨਾਂ ਵਿੱਚ ਮੁਜਾਰਾ ਅੰਦੋਲਨ, ਵਿਸਵੇਦਾਰਾਂ ਤੋਂ ਜ਼ਮੀਨ ਦੇ ਹੱਕ ਦੀ ਮਾਲਕੀ ਪ੍ਰਾਪਤ ਕਰਨ ਦਾ ਸੀ। ਮੁਜ਼ਾਰਿਆਂ ਨੇ ਇਹ ਅੰਦੋਲਨ ਜਿੱਤਿਆ।1960ਵਿਆਂ ਵਿੱਚ ਖੁਸ਼ ਹੈਸੀਅਤ) ਟੈਕਸ ਖਿਲਾਫ ਵੱਡਾ ਅੰਦੋਲਨ ਚੱਲਿਆ। ਉਦੋਂ ਮੁੱਖ ਮੰਤਰੀ ਕਾਂਗਰਸੀ ਪ੍ਰਾਪਤ ਕੈਂਰੋ ਸੀ। ਕਿਸਾਨਾਂ ਨੂੰ ਜੇਲ੍ਹ ਜਾਣਾ ਪਿਆ। ਪਰ ਕਿਸਾਨ ਜੇਤੂ ਰਹੇ।

1980ਵਿਆਂ ਵਿੱਚ ਹਰੀ ਕ੍ਰਾਂਤੀ ਤੋਂ ਬਾਅਦ 40 ਹਜ਼ਾਰ ਅੰਦੋਲਨਕਾਰੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਰਾਜਪਾਲ ਦਾ ਘਿਰਾਓ ਕੀਤਾ। ਇਸ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਫੈਸਲੇ ਹੋਏ ਅਤੇ ਰਿਆਇਤਾਂ ਮਿਲੀਆਂ। ਪਰ 2020 ਵਿੱਚ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਆਰੰਭਿਆ ਕਿਸਾਨ ਅੰਦੋਲਨ, ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਅਤੇ ਕਾਰਪੋਰੇਟਾਂ ਵੱਲੋਂ ਸਰਕਾਰ ਦੀ ਮਿਲੀ ਭੁਗਤ ਕਾਰਨ ਕਿਸਾਨੀ ਜ਼ਮੀਨੀ ਹਥਿਆਉਣ ਦੀ ਕੋਸ਼ਿਸ਼ ਨੂੰ ਅਸਫਲ ਬਣਾ ਗਿਆ।ਭਾਵੇਂ ਕਿ ਦੇਸ਼ ਭਰ ਵਿੱਚ ਆਜ਼ਾਦੀ ਤੋਂ ਪਹਿਲਾਂ ਕਈ ਕਿਸਾਨੀ ਸੰਘਰਸ਼ ਲੜੇ ਗਏ, ਪਰ ਪੰਜਾਬ ਤੋਂ ਉੱਠਿਆ ਪਹਿਲਾ ਆਧੁਨਿਕ ਸੰਘਰਸ਼ ਪਗੜੀ ਸੰਭਾਲ ਜੱਟਾਸੀ। ਇਸ ਤੋਂ ਬਾਅਦ ਚੰਧਾਰਨ ਸਤਿਆਗ੍ਰਹਿ, ਤੇਲੰਗਾਨਾ ਦਾ ਖੇਤੀ ਸੰਘਰਸ਼ ਵਿੱਢੇ ਜਾਂਦੇ ਰਹੇ ਪਰ ਮੌਜੂਦਾ ਕਿਸਾਨੀ ਸੰਘਰਸ਼ ਸਟੇਟ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ, ਜਿਹੜਾ ਕਿਸਾਨਾਂ ਜਥੇਬੰਦੀਆਂ ਨੇ ਇੱਕਮੁੱਠ ਹੋ ਕੇ ਗੋਦੀ ਮੀਡੀਆ ਦੇ ਕੂੜ ਪ੍ਰਚਾਰ, ਮੋਦੀ ਭਗਤਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਜਿੱਤਿਆ ਹੈ।ਗੋਦੀ ਮੀਡੀਆ ਅਤੇ ਮੋਦੀ ਭਗਤ ਪ੍ਰਧਾਨ ਮੰਤਰੀ ਦਾ ਪ੍ਰਚਾਰ ਸੰਭਾਲਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਉਹਨਾਂ ਨੂੰ ਚੰਗੀਆਂ, ਸਵੱਲੀਆਂ ਨਜ਼ਰਾਂ ਨਾਲ ਵੇਖੇ। ਉਹਨਾਂ ਨੂੰ ਵਿਸ਼ਵ ਗੁਰੂ ਸਮਝੇ। ਪਿਛਲੇ ਸਮੇਂ ਵਿੱਚ ਇਹ ਦਿਸਣ ਲੱਗ ਪਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਗਤ ਜਨਤਾ ਦੀ ਕਥਿਤ ਸੇਵਾ ਬਦਲੇ ਵਿੱਚ ਮੋਦੀ ਨੂੰ ਇੱਕ ਸਮਰਾਟ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਸਨ। ਇਸੇ ਕਰਕੇ ਪ੍ਰਧਾਨ ਮੰਤਰੀ ਦੀ ਛਵ੍ਹੀ, ਸ਼ਖਸੀਅਤ ਇੱਕ ਰਾਜਨੇਤਾ ਦੀ ਨਹੀਂ ਇੱਕ ਮਹਾਰਾਜਾ ਦੀ ਬਣ ਗਈ ਸੀ, ਜੋ ਦੇਸ਼ ਲਈ ਵੱਡਾ ਵਿਗਾੜ ਸਾਬਤ ਹੋਈ ਹੈ।