ਆਲਮੀ ਤਪਸ਼ ਤੋਂ ਛੁਟਕਾਰਾ ਕਿਵੇਂ?

ਆਲਮੀ ਤਪਸ਼ ਤੋਂ ਛੁਟਕਾਰਾ ਕਿਵੇਂ?

ਵਾਤਾਵਰਨ

ਵਿਸ਼ਵ ਪੱਧਰ ’ਤੇ 1974 ਤੋਂ ਵਾਤਾਵਰਨ ਦਿਵਸ ਮਨਾਉਂਦਿਆਂ ਨੂੰ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇਨ੍ਹਾਂ 48 ਸਾਲਾਂ ਦੌਰਾਨ ਮਨੁੱਖੀ ਲਾਲਚ ਨੇ ਪਹਾੜਾਂ, ਜੰਗਲਾਂ, ਦਰਿਆਵਾਂ ਤੇ ਹੋਰ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਤਬਾਹੀ ਕੀਤੀ ਹੈ। ਇਸ ਲਾਲਚ ਨੇ ਹੀ ਮਨੁੱਖ ਅਤੇ ਕੁਦਰਤ ਵਿਚਲੀਆਂ ਦੂਰੀਆਂ ਨੂੰ ਵਧਾਇਆ ਹੈ। ਜਿਵੇਂ-ਜਿਵੇਂ ਇਹ ਪਾੜਾ ਡੂੰਘਾ ਹੁੰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਮਨੁੱਖ ਕੁਦਰਤ ਦੇ ਵਿਰੁੱਧ ਹੋਰ ਤੇਜ਼ੀ ਨਾਲ ਚੱਲਦਾ ਜਾ ਰਿਹਾ ਹੈ। ਮਨੁੱਖ ਦੀ ਲਾਲਚੀ ਸੋਚ ਏਨੀ ਵਧ ਗਈ ਕਿ ਉਸ ਨੇ ਕੁਝ ਕੁ ਪੈਸਿਆਂ ਦੇ ਲਾਲਚ ਤੇ ਐਸ਼ਪ੍ਰਸਤੀ ਲਈ ਆਪਣੇ ਭਵਿੱਖ ਨੂੰ ਖ਼ਤਰੇ ਵਿਚ ਪਾ ਲਿਆ ਹੈ। ਚਾਰ ਦਹਾਕਿਆਂ ਵਿਚ ਹੀ ਅਸੀਂ ਆਪਣੀ ਧਰਤੀ ਮਾਂ ਨੂੰ ਇਕ ਬਲਦੀ ਭੱਠੀ ਵਿਚ ਝੋਕ ਦਿੱਤਾ ਹੈ। ਅੰਮ੍ਰਿਤ ਵਰਗੇ ਵਗਦੇ ਦਰਿਆਵਾਂ ਵਿਚ ਜ਼ਹਿਰਾਂ ਘੋਲ ਦਿੱਤੀਆਂ ਹਨ। ਹਵਾ ਨੂੰ ਸਾਹ ਲੈਣ ਜੋਗੀ ਨਹੀਂ ਛੱਡਿਆ। ਇਸ ਵਰਤਾਰੇ ਨੇ ਜਦੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਤਬਾਹੀ ਦੀ ਦਸਤਕ ਦਿੱਤੀ ਹੈ ਤਾਂ ਜਾ ਕੇ ਮਨੁੱਖ ਥੋੜ੍ਹਾ ਜਿਹਾ ਠਠੰਬਰਿਆ ਹੈ।

ਹਰ ਵਰ੍ਹੇ 5 ਜੂਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਪਰ ਵਾਤਾਵਰਨ ਪੱਖ ਤੋਂ ਦੇਸ਼ ਅੱਜ ਜਿਹੜੇ ਹਾਲਾਤ ਵਿੱਚੋਂ ਲੰਘ ਰਿਹਾ ਹੈ ਉਨ੍ਹਾਂ ਵਿਚ ਇਸ ਦਿਹਾੜੇ ਨੂੰ ਸਿਰਫ਼ ਇਕ ਦਿਨ ਮਨਾਉਣ ਨਾਲ ਇਹ ਮਸਲੇ ਹੱਲ ਨਹੀਂ ਹੋਣ ਵਾਲੇ ਹਨ। ਸਾਲ 2020 ਵਿਚ ਇਸ ਦਿਵਸ ਨੂੰ ਮਨਾਇਆ ਜਾਣਾ ਕੁਝ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਉਸ ਵੇਲੇ ਪੂਰੀ ਦੁਨੀਆ ਕੋਰੋਨਾ ਵਾਇਰਸ ਕਾਰਨ ਬੁਰੀ ਤਰ੍ਹਾਂ ਉਲਝੀ ਹੋਈ ਸੀ। ਹੁਣ ਤਕ ਜੋ ਕੰਮ ਸਰਕਾਰਾਂ ਨਹੀਂ ਸਨ ਕਰ ਸਕੀਆਂ, ਉਹ ਇਕ ਵਾਇਰਸ ਦਾ ਡਰ ਕਰ ਗਿਆ ਸੀ। ਹਵਾ, ਪਾਣੀ ਤੇ ਧਰਤੀ ਨੇ ਲਿਆ ਸੀ ਖੁੱਲ੍ਹ ਕੇ ਸਾਹ! ਕੋਰੋਨਾ ਕਾਲ ਦੌਰਾਨ ਕੀਤੇ ਗਏ ਲਾਕਡਊਨ ਦੌਰਾਨ ਗੰਗਾ ਦੇ ਪਾਣੀ ’ਚ ਸੂਰਜ ਲਿਸ਼ਕਦਾ ਦਿਸ ਰਿਹਾ ਸੀ ਅਤੇ ਸਤਲੁਜ ਦੇ ਪਾਣੀ ’ਚ ਪੂਰਾ ਅਸਮਾਨ। ਘੱਗਰ ਦਾ ਪਾਣੀ ਸ਼ੀਸ਼ੇ ਵਾਂਗ ਚਮਕ ਰਿਹਾ ਸੀ। ਇਸ ਆਦਿੱਖ ਵਾਇਰਸ ਅੱਗੇ ਹਰ ਕੋਈ ਬੇਵੱਸ ਨਜ਼ਰ ਆ ਰਿਹਾ ਹੈ। ਮਹਾਮਾਰੀ ਦੇ ਇਸ ਦੌਰ ਵਿਚ ਜਦੋਂ ਇਨਸਾਨ ਘਰਾਂ ਅੰਦਰ ਕੈਦ ਹੋ ਗਿਆ ਸੀ ਤਾਂ ਸਾਰੇ ਸੰਸਾਰ ਦਾ ਵਾਤਾਵਰਨ ਇਸ ਕਦਰ ਸ਼ੁੱਧ ਹੋ ਗਿਆ ਸੀ ਜਿਹੜਾ ਕਿ ਕਲਪਨਾ ਤੋਂ ਬਾਹਰ ਲੱਗ ਰਿਹਾ ਸੀ। ਭਾਰਤ ਵਿਚ ਜਿਹੜੀਆਂ ਬਹੁਤ ਹੀ ਪ੍ਰਦੂਸ਼ਿਤ ਨਦੀਆਂ ਸਨ ਉਹ ਸਾਫ਼ ਵਗਣ ਲੱਗ ਪਈਆਂ ਸਨ। ਇਨ੍ਹਾਂ ਵਿਚ ਗੰਗਾ ਨਦੀ ਵੀ ਸ਼ਾਮਲ ਹੈ ਜਿਸ ਦੀ ਸਫ਼ਾਈ ’ਤੇ ਹਜ਼ਾਰਾਂ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਕੋਰੋਨਾ ਕਾਰਨ ਹੋਏ ਲਾਕਡਾਊਨ ਨੇ ਇਨ੍ਹਾਂ ਨਦੀਆਂ ਨੂੰ ਜਿਊਣ ਜੋਗਾ ਕਰ ਦਿੱਤਾ ਸੀ। ਪੰਜਾਬ ’ਚੋਂ ਹਿਮਾਲਿਆ ਪਰਬਤ ਦਿਸਣ ਲੱਗ ਪਏ ਸਨ। ਸਾਲ 2019 ਤੇ 2020 ਦੌਰਾਨ ਕੋਰੋਨਾ ਮਹਾਮਾਰੀ ਨੇ ਜੋ ਸਿੱਖਿਆ ਸਾਨੂੰ ਦਿੱਤੀ ਸੀ ਉਸ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਕੁਦਰਤ ਆਪਣੇ-ਆਪ ਨੂੰ ਸਾਫ਼ ਕਰਨ ਦੇ ਸਮਰੱਥ ਹੈ ਜੇਕਰ ਮਨੁੱਖ ਸੁਧਰ ਜਾਵੇ ਤਾਂ। ਇਸ ਵਾਰ ਜਲਵਾਯੂ ਪਰਿਵਰਤਨ ਨੇ ਆਪਣਾ ਰੂਪ ਅਪ੍ਰੈਲ ਮਹੀਨੇ ਦੌਰਾਨ ਹੀ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਦਾ ਤਾਪਮਾਨ ਦੁਬਈ ਵਰਗੇ ਗਰਮ ਦੇਸ਼ਾਂ ਨਾਲੋਂ ਵੱਧ ਹੋ ਗਿਆ ਹੈ। ਪਾਣੀ ਸਾਰਿਆਂ ਦੇ ਸਾਂਝੇ ਹਨ। ਜਿਸ ਧਰਤੀ ਗ੍ਰਹਿ ’ਤੇ ਅਸੀਂ ਰਹਿ ਰਹੇ ਹਾਂ ਇਹੀ ਸਾਡੇ ਜਿਊਣ ਲਈ ਇੱਕੋ-ਇੱਕ ਜਗ੍ਹਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਜਪੁ (ਜੀ)’ ਵਿਚ ਗਲੋਬਲ ਵਾਰਮਿੰਗ ਦਾ ਪੱਕਾ ਹੱਲ ਪੇਸ਼ ਕੀਤਾ ਗਿਆ ਹੈ। ਇਸ ਨੂੰ ਦੁਨੀਆ ਅੱਜ ਮੰਨ ਲਵੇ ਜਾਂ ਕੱਲ੍ਹ ਮੰਨ ਲਵੇ। ਧਰਤੀ ਦਾ ਹਿਰਦਾ ਠਾਰਨ ਲਈ ਇਨ੍ਹਾਂ ਸੱਤਾਂ ਸ਼ਬਦਾਂ ’ਚੋਂ ਦੀ ਹੋ ਕੇ ਹੀ ਲੰਘਣਾ ਪਵੇਗਾ। ਇਸ ਸਲੋਕ ਦੀ ਪਹਿਲੀ ਤੁਕ ਦੇ ਸੱਤ ਸ਼ਬਦ ਇਹ ਹਨ; ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥(ਅੰੰਗ: 8) ਬਾਬੇ ਨਾਨਕ ਦੀ ਬਾਣੀ ਦੇ ਇਸ ਪਹਿਲੇ ਸਲੋਕ ਵਿਚ ਸਾਰੀ ਕਾਇਨਾਤ ਦਾ ਵੀ ਸੱਚ ਹੈ ਤੇ ਇਸ ਸਲੋਕ ਰਾਹੀਂ ਸਾਡੇ ਕੁਦਰਤ ਨਾਲ ਰਿਸ਼ਤੇ ਬਾਰੇ ਵੀ ਖੁੱਲ੍ਹ ਕੇ ਦੱਸਿਆ ਹੈ।ਇਸ ਵਿਚ ਹਵਾ ਨੂੰ ਗੁਰੂ ਮੰਨਿਆ ਹੈ, ਪਾਣੀ ਨੂੰ ਪਿਤਾ ਦੇ ਸਮਾਨ ਦੱਸਿਆ ਹੈ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਸ਼ਬਦਾਂ ਵਿੱਚੋਂ ਦੁਨੀਆ ਦੇ ਵਸਦੇ ਕਿਸੇ ਮਨੁੱਖ ਲਈ ਕੋਈ ਵੀ ਸ਼ਬਦ ਓਪਰਾ ਨਹੀਂ ਹੈ। ਜੇ ਏਨੇ ਸੌਖੇ ਸ਼ਬਦਾਂ ਦੇ ਅਰਥ ਵੀ ਅਸੀਂ ਨਹੀਂ ਸਮਝਾਂਗੇ ਤਾਂ ਫਿਰ ਕੁਦਰਤ ਦੇ ਨਾਲ ਨੇੜਤਾ ਕਿਵੇਂ ਬਣੇਗੀ? ਸਾਨੂੰ ਜਿੱਥੇ ਆਪਣੇ-ਆਪ ਨੂੰ ਕੁਦਰਤ ਨਾਲ ਫਿਰ ਤੋਂ ਜੋੜਨਾ ਪਵੇਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਅਨੁਕੂਲ ਚੱਲਣ ਲਈ ਪ੍ਰੇਰਿਤ ਕਰਨਾ ਪਵੇਗਾ। ਗੁਰੂ ਨਾਨਕ ਦੇਵ ਜੀ ਹੀ ਸਨ ਜਿਨ੍ਹਾਂ ਨੇ ਵਲੀ ਕੰਧਾਰੀ ਦੇ ਹੰਕਾਰ ਨੂੰ ਚੁਣੌਤੀ ਦਿੰਦਿਆਂ ਇਹ ਸੁਨੇਹਾ ਦਿੱਤਾ ਸੀ ਕਿ ਪਾਣੀ ’ਤੇ ਸਭ ਦਾ ਹੱਕ ਹੈ। ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਪਾਣੀਆਂ ’ਤੇ ਏਕਾ-ਅਧਿਕਾਰ ਦਾ ਕਬਜ਼ਾ ਜਮਾਉਣ ਵਾਲਿਆਂ ਲਈ ਵੀ ਇਕ ਸਬਕ ਹੈ ਕਿ ਕੁਦਰਤ ਦੀ ਅਣਮੁੱਲੀ ਦਾਤ ਪਾਣੀ ’ਤੇ ਸਾਰਿਆਂ ਦਾ ਹੱਕ ਹੈ ਤੇ ਇਹ ਸਾਰਿਆਂ ਦੇ ਸਾਂਝੇ ਹਨ। ਬਲਿਹਾਰੀ ਕੁਦਰਤਿ ਵਸਿਆ॥

ਅਸੀਂ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਲਦੇ ਹਾਂ ਉਹ ਕੁਦਰਤ ਵਿਚ ਸਮੋਇਆ ਹੋਇਆ ਹੈ। ਕੁਦਰਤ ਨਾਲ ਇਕ ਸੁਰ ਹੋਣ ਨਾਲ ਹੀ ਕੁਦਰਤ ਵਿਚ ਕੁਦਰਤ ਵਾਲਾ ਦਿਸਦਾ ਹੈ ਪਰ ਅਸੀਂ ਇੱਕੀਵੀਂ ਸਦੀ ਦੇ ਪੜ੍ਹੇ-ਲਿਖੇ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਦੇ ਬਾਵਜੂਦ ਵਿਗਿਆਨਕ ਸੋਚ ਰੱਖਦਿਆਂ ਹੋਇਆਂ ਵੀ ਅਣ-ਮਨੁੱਖੀ ਅਤੇ ਗ਼ੈਰ ਕੁਦਰਤੀ ਢੰਗ ਨਾਲ ਆਪਣੇ ਕੁਦਰਤੀ ਸਰੋਤਾਂ ਨੂੰ ਖ਼ਤਮ ਕਰਦੇ ਜਾ ਰਹੇ ਹਾਂ। ਜੇ ਅਸੀਂ ਗੁਰਬਾਣੀ ਦੇ ਦੱਸੇ ਰਾਹ ’ਤੇ ਚੱਲਦੇ ਹੁੰਦੇ ਤਾਂ ਦੁਨੀਆ ਭਰ ਦੇ ਲੋਕ ਅੱਜ ਪੰਜਾਬ ਦੀ ਧਰਤੀ ’ਤੇ ਸਤਿਗੁਰੂਆਂ ਦੀਆਂ ਕੀਤੀਆਂ ਬਖਸ਼ਿਸ਼ਾਂ ਨੂੰ ਦੇਖਣ ਲਈ ਆਉਂਦੇ ਕਿ ਬਾਬੇ ਨਾਨਕ ਦੀ ਬਾਣੀ ਨੂੰ ਮੰਨਣ ਵਾਲਿਆਂ ਨੇ ਕਿਵੇਂ ਪਾਣੀਆਂ ਨੂੰ ਸੰਭਾਲਿਆ ਹੈ ਪਰ ਦੁੱਖ ਦੀ ਗੱਲ ਹੈ ਕਿ ਇਹ ਸਾਰਾ ਕੁਝ ਨਹੀਂ ਹੋ ਸਕਿਆ ਜੋ ਹੋਣਾ ਚਾਹੀਦਾ ਸੀ। ਅੱਜ ਵੀ ਬਾਣੀ ਦੇ ਦੱਸੇ ਹੋਏ ਰਾਹ ’ਤੇ ਚੱਲ ਕੇ ਦੁਨੀਆ ਲਈ ਵੱਡੀ ਮੁਸੀਬਤ ਗਲੋਬਲ ਵਾਰਮਿੰਗ ਤੋਂ ਛੁਟਕਾਰਾ ਪਾ ਸਕਦੇ ਹਾਂ। ਪਰ ਅਫ਼ਸੋਸ ਦੀ ਗੱਲ ਹੈ ਕਿ 21ਵੀਂ ਸਦੀ ਦੀ ਅਗਾਊਂ ਸੋਚ ਰੱਖਣ ਵਾਲੇ ਇਨਸਾਨ ਨੇ ਨਾ ਤਾਂ ਗੁਰੂ ਦੀ ਮੰਨੀ, ਨਾ ਹੀ ਸੰਵਿਧਾਨ ਦੀ ਤੇ ਨਾ ਹੀ ਵਿਗਿਆਨ ਦੀ।

ਜਿਸ ਘਰ ਵਿਚ ਬੱਚਾ ਖੇਡਦਾ ਹੋਵੇ ਉਹ ਘਰ ਖ਼ੁਸ਼ੀਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਅੱਜ ਪੂਰਾ ਸੰਸਾਰ ਰੋ ਤੇ ਕੁਰਲਾ ਰਿਹਾ ਹੈ। ਸਾਰਾ ਸੰਸਾਰ ਤਦ ਹੀ ਹੱਸੇਗਾ ਤੇ ਖੇਡੇਗਾ ਜਦੋਂ ਉਹ ਕੁਦਰਤ ਦੇ ਨਾਲ ਇਕਮਿਕ ਹੋਵੇਗਾ। ਪਵਿੱਤਰ ਵੇਈਂ, ਜਿਸ ’ਚੋਂ ਬਾਹਰ ਆ ਕੇ ਬਾਬੇ ਨਾਨਕ ਨੇ ਇਲਾਹੀ ਬਾਣੀ ਦਾ ਉਚਾਰਣ ਕੀਤਾ। ਉਸ ਵੇਈਂ ਨੂੰ ਵੀ ਪੂਰੀ ਤਰ੍ਹਾਂ ਪ੍ਰਦੂਸ਼ਤ ਕਰ ਦਿੱਤਾ ਗਿਆ ਸੀ। ਉਸ ਦੇ ਕੰਢੇ ’ਤੇ ਖੜੇ੍ਹ ਹੋਣਾ ਮੁਸ਼ਕਲ ਸੀ। ਸੰਗਤਾਂ ਨੇ ਜੁਲਾਈ 2000 ਤੋਂ ਲਗਾਤਾਰ ਹੱਥੀਂ ਕਾਰ ਸੇਵਾ ਕੀਤੀ ਹੈ। ਗੁਰੂ ਦੀ ਮੇਹਰ ਹੋਈ ਤੇ ਇਹ ਸਾਫ਼ ਹੋਈ ਵੇਈਂ ਸਭ ਲਈ ਇਕ ਮਿਸਾਲ ਬਣ ਗਈ ਹੈ। ਵੇਈਂ ਦੀ ਕਾਰ ਸੇਵਾ ਨੇ ਗੁਰਬਾਣੀ ਦੇ ਇਸ ਮਹਾਵਾਕ ਨੂੰ ਪੂਰੀ ਤਰ੍ਹਾਂ ਨਾਲ ਸਾਰਥਕ ਕਰ ਦਿੱਤਾ ਹੈ ਕਿ; ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ਪਵਿੱਤਰ ਕਾਲੀ ਵੇਈਂ ਦੁਬਾਰਾ ਸਾਫ਼-ਸੁਥਰੀ ਵਗ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਦੇ ਘਰ ਤੋਂ ਹੋਈ ਇਹ ਸ਼ੁਰੂਆਤ ਸਾਰੀ ਦੁਨੀਆ ਦੀਆਂ ਨਦੀਆਂ ਅਤੇ ਦਰਿਆਵਾਂ ਨੂੰ ਸਾਫ਼-ਸੁਥਰਾ ਰੱਖਣ ਲਈ ਰਾਹ-ਦਸੇਰਾ ਬਣ ਗਈ ਹੈ। ਇਸ ਘਟਨਾ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਪਾਣੀ ਦੇ ਕੁਦਰਤੀ ਸਰੋਤਾਂ ਵਿਚ ਕੌਣ ਜ਼ਹਿਰਾਂ ਘੋਲ ਰਿਹਾ ਹੈ ਤੇ ਕੌਣ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਹੀਂ ਨਿਭਾਅ ਰਿਹਾ ਹੈ।

 

ਸੰਤ ਬਲਬੀਰ ਸਿੰਘ ਸੀਚੇਵਾਲ