ਅਮਰੀਕਾ ਵਿਚ ਇਕ ਜੱਜ ਨੇ ਸਕੂਲ ਡਰੈਸ ਕੋਡ ਨੂੰ ਜਾਇਜ ਕਰਾਰ ਦਿੱਤਾ

ਅਮਰੀਕਾ ਵਿਚ ਇਕ ਜੱਜ ਨੇ ਸਕੂਲ ਡਰੈਸ ਕੋਡ ਨੂੰ ਜਾਇਜ ਕਰਾਰ ਦਿੱਤਾ
ਕੈਪਸ਼ਨ ਅਦਾਲਤ ਦੇ ਫੈਸਲੇ ਉਪਰੰਤ ਵਿਦਿਆਰਥੀ ਡੈਰੀਲ ਜਾਰਜ ਹੋਰਨਾਂ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਇਕ ਜੱਜ ਨੇ ਸੁਣਾਏ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਕੂਲ ਡਰੈਸ ਕੋੋਡ ਨਜਾਇਜ ਨਹੀਂ ਹੈ ਤੇ ਸਕੂਲ ਡਿਸਟ੍ਰਿਕਟ ਕਿਸੇ ਵਿਦਿਆਰਥੀ ਦੇ ਵਾਲਾਂ ਦੀ ਲੰਬਾਈ ਬਾਰੇ ਕੋਈ ਨਿਰਨਾ ਲੈਣ ਲਈ ਆਜਾਦ ਹੈ। ਇਸ ਫੈਸਲੇ ਕਾਰਨ ਹੋਸਟਨ ਖੇਤਰ ਦੇ ਇਕ ਹਾਈ ਸਕੂਲ ਦੇ  ਵਿਦਿਆਰਥੀ ਡੈਰੀਲ ਜਾਰਜ ਨੂੰ ਧੱਕਾ ਵੱਜਾ ਹੈ ਜਿਸ ਨੂੰ ਉਸ ਦੇ ਵਾਲਾਂ ਦੇ ਖਾਸ ਅੰਦਾਜ ਕਾਰਨ ਸਕੂਲ ਵਿਚੋਂ ਮੁਅਤਲ ਕਰ ਦਿੱਤਾ ਸੀ। ਇਸ ਮੁਅਤਲੀ ਤੋਂ ਬਾਅਦ ਡੈਰੀਲ ਜਾਰਜ ਨੇ ਬਾਰਬਰਸ ਹਿਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਜਾਰਜ ਪਰਿਵਾਰ ਦੇ ਵਕੀਲਾਂ ਨੇ ਕਿਹਾ ਹੈ ਕਿ ਉਹ ਫੈਸਲੇ ਵਿਰੁੱਧ ਅਪੀਲ ਕਰਨਗੇ। ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟ ਗਰੇਗ ਪੂਲ ਨੇ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨੇ ਸਾਡੇ ਫੈਸਲੇ ਦੀ ਪੁਸ਼ਟੀ ਕੀਤੀ ਹੈ ਕਿ ਡਰੈਸ ਕੋਡ 'ਕਰਾਊਨ ਐਕਟ' ਦੀ ਉਲੰਘਣਾ ਨਹੀਂ ਕਰਦਾ ਤੇ ਕਰਾਊਨ ਐਕਟ ਵਿਦਿਆਰਥੀਆਂ ਨੂੰ ਅਸੀਮਤ ਸਵੈ ਪ੍ਰਗਟਾਵੇ ਦੀ ਆਜਾਦੀ ਨਹੀਂ ਦਿੰਦਾ। ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਰਜ ਪਰਿਵਾਰ ਦੇ ਬੁਲਾਰੇ ਕੈਨਡਾਈਸ ਮੈਥੀਊ ਨੇ ਕਿਹਾ ਕਿ ਫੈਸਲੇ ਉਪਰੰਤ ਪਰਿਵਾਰ ਨਿਰਾਸ਼ ਤੇ ਸ਼ਸ਼ੋਪੰਜ ਵਿਚ ਹੈ।

ਕੈਪਸ਼ਨ ਅਦਾਲਤ ਦੇ ਫੈਸਲੇ ਉਪਰੰਤ ਵਿਦਿਆਰਥੀ ਡੈਰੀਲ ਜਾਰਜ ਹੋਰਨਾਂ ਨਾਲ