ਸੁਮੇਧ ਸੈਣੀ ਦੀ ਮੋਜੂਦਾ ਦਰਜ ਮਾਮਲੇ 'ਚ ਜ਼ਮਾਨਤ ਬਹਾਲ ਰਹੇਗੀ, ਧਾਰਾ 302 ਲੱਗਣ 'ਤੇ ਹੀ ਵਧਣਗੀਆਂ ਮੁਸ਼ਕਿਲਾਂ

ਸੁਮੇਧ ਸੈਣੀ ਦੀ ਮੋਜੂਦਾ ਦਰਜ ਮਾਮਲੇ 'ਚ ਜ਼ਮਾਨਤ ਬਹਾਲ ਰਹੇਗੀ, ਧਾਰਾ 302 ਲੱਗਣ 'ਤੇ ਹੀ ਵਧਣਗੀਆਂ ਮੁਸ਼ਕਿਲਾਂ
ਸੁਮੇਧ ਸੈਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਸਾਬਕਾ ਆਈਏਐੱਸ ਅਫਸਰ ਦੇ ਮੁੰਡੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੁਹਾਲੀ ਅਦਾਲਤ ਨੇ ਝਟਕਾ ਦਿੰਦਿਆਂ ਧਾਰਾ 302 ਵਿੱਚ ਪਹਿਲਾਂ ਮਿਲੀ ਅੰਤ੍ਰਿਮ ਜ਼ਮਾਨਤ ਨੂੰ ਰੱਦ ਕਰ ਦਿੱਤਾ ਹੈ, ਜਦ ਕਿ ਨੌਜਵਾਨ ਨੂੰ ਘਰੋਂ ਅਗਵਾ ਦੇ ਮਾਮਲੇ ਵਿੱਚ ਧਾਰਾ 364 ਵਿੱਚ ਸੈਣੀ ਦੀ ਜ਼ਮਾਨਤ ਬਰਕਰਾਰ ਰੱਖੀ ਗਈ ਹੈ। 

ਅੱਜ ਕੇਸ ਦੀ ਸੁਣਵਾਈ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ, ਸਰਕਾਰੀ ਵਕੀਲ ਸੰਜੀਵ ਬੱਤਰਾ ਸਮੇਤ ਬਚਾਅ ਪੱਖ ਦੇ ਵਕੀਲ ਐੱਚਐੱਸ ਧਨੋਆ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਸਮੇਤ ਜਾਂਚ ਅਧਿਕਾਰੀ ਐੱਸਪੀ ਹਰਮਨਦੀਪ ਸਿੰਘ ਹਾਂਸ ਅਤੇ ਐੱਸਐੱਚਓ ਰਾਜੀਵ ਕੁਮਾਰ ਅਦਾਲਤ ਵਿੱਚ ਹਾਜ਼ਰ ਸਨ।

ਸਬੰਧਿਤ ਖ਼ਬਰ:  ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ

ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਨੇ ਦਲੀਲਾਂ ਨੂੰ ਜਾਇਜ਼ ਮੰਨਦਿਆਂ ਧਾਰਾ 302 ਵਿੱਚ ਮਿਲੀ ਅੰਤ੍ਰਿਮ ਜ਼ਮਾਨਤ ਰੱਦ ਕਰ ਦਿੱਤੀ। ਨਾਲ ਹੀ ਪੁਲੀਸ ਨੂੰ ਆਖਿਆ ਕਿ ਜੇ ਜਾਂਚ ਦੌਰਾਨ ਮੁਲਜ਼ਮ ਖਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਉਸ ਦੀ ਇਤਲਾਹ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਲਾਪਤਾ ਹੋਇਆਂ 29 ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ। ਹੁਣ ਉਪਰੋਕਤ ਮਾਮਲੇ ਵਿਚ ਪੰਜਾਬ ਪੁਲਸ ਸੈਣੀ ਖਿਲਾਫ ਧਾਰਾ 302 ਦਾ ਵਾਧਾ ਕਦੋਂ ਕਰਦੀ ਹੈ, ਇਸ 'ਤੇ ਨਜ਼ਰ ਬਣੀ ਹੋਈ ਹੈ।