ਵਾਸ਼ਿੰਗਟਨ ਡੀਸੀ ਵਿੱਚ ਸਥਾਪਿਤ ਕੀਤਾ ਗਿਆ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 2020 ਰੈਫਰੇਂਡਮ ਹੈਡਕੁਆਰਟਰ

ਵਾਸ਼ਿੰਗਟਨ ਡੀਸੀ ਵਿੱਚ ਸਥਾਪਿਤ ਕੀਤਾ ਗਿਆ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 2020 ਰੈਫਰੇਂਡਮ ਹੈਡਕੁਆਰਟਰ

ਵਾਸ਼ਿੰਗਟਨ ਡੀ. ਸੀ.: ਪੰਜਾਬ ਦੇ ਭਾਰਤੀ ਪ੍ਰਬੰਧ ਵਾਲੇ ਖਿੱਤੇ ਨੂੰ ਅਜ਼ਾਦ ਕਰਵਾ ਕੇ ਖਾਲਿਸਤਾਨ ਦੀ ਸਥਾਪਤੀ ਲਈ ਸੰਯੁਕਤ ਰਾਸ਼ਟਰ ਦੇ ਨਿਯਮਾਂ ਅਧੀਨ 2020 ਵਿੱਚ ਗੈਰ-ਸਰਕਾਰੀ ਰੈਫਰੈਂਡਮ ਕਰਾਉਣ ਦਾ ਐਲਾਨ ਕਰ ਚੁੱਕੀ ਸੰਸਥਾ ਸਿੱਖਸ ਫਾਰ ਜਸਟਿਸ ਵੱਲੋਂ ਅੱਜ ਵਾਸ਼ਿੰਗਟਨ ਵਿਖੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ 2020 ਰੈਫਰੇਂਡਮ ਹੈਡਕੁਆਰਟਰ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਅੱਜ ਵਾਸ਼ਿੰਗਟਨ ਡੀਸੀ ਦੇ ਪ੍ਰੈੱਸ ਕਲੱਬ ਵਿਖੇ ਇੱਕ ਪੱਤਰਕਾਰ ਮਿਲਣੀ ਕੀਤੀ ਗਈ। ਇਸ ਦੌਰਾਨ ਜਥੇਬੰਦੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਹੋਣ ਵਾਲੇ ਰੈਫਰੈਂਡਮ ਲਈ ਸਾਰੀਆਂ ਕਾਰਵਾਈਆਂ ਵਾਸ਼ਿੰਗਟਨ ਸਥਿਤ ਇਸ ਦਫਤਰ ਤੋਂ ਚਲਾਈਆਂ ਜਾਣਗੀਆਂ ਤੇ ਵੋਟਾਂ ਦੀ ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਸਿੱਖਸ ਫਾਰ ਜਸਟਿਸ ਵੱਲੋਂ ਬੋਲਦਿਆਂ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਪੰਜਾਬ ਦੇ ਮੂਲ ਨਾਲ ਸਬੰਧਿਤ ਸਿੱਖਾਂ ਦੀਆਂ ਰੈਫਰੈਂਡਮ ਲਈ ਵੱਖ-ਵੱਖ ਸਾਧਨਾਂ ਰਾਹੀਂ ਵੋਟਾਂ ਪਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਇਹ ਵੋਟਾਂ ਪਵਾਈਆਂ ਜਾਣਗੀਆਂ ਜਿਸ ਦੇ ਤਰੀਕੇ ਬਾਰੇ ਉਹ ਸਮਾਂ ਆਉਣ 'ਤੇ ਦੱਸਣਗੇ। 

ਹਲਾਂਕਿ ਇਹ ਸਾਫ ਨਹੀਂ ਹੋਇਆ ਹੈ ਕਿ ਇਸ ਰੈਫਰੇਂਡਮ ਵਿੱਚ ਸਿਰਫ ਸਿੱਖਾਂ ਦੀਆਂ ਹੀ ਵੋਟਾਂ ਪਵਾਈਆਂ ਜਾਣਗੀਆਂ ਜਾਂ ਪੰਜਾਬ ਦੇ ਸਾਰੇ ਵਸ਼ਿੰਦਿਆਂ ਨੂੰ ਇਸ ਵੋਟਿੰਗ ਲਈ ਸੱਦਾ ਦਿੱਤਾ ਜਾਵੇਗਾ। 

ਉਹਨਾਂ ਕਿਹਾ ਕਿ ਉਹ ਲੋਕਤੰਤਰਿਕ ਢੰਗ ਨਾਲ ਅਜ਼ਾਦੀ ਦੀ ਗੱਲ ਕਰ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਕਿਸੇ ਵੀ ਲੋਕਤੰਤਰਿਕ ਦੇਸ਼ ਵੱਲੋਂ ਆਪਣਾ ਪ੍ਰਚਾਰ ਕਰਨ ਤੋਂ ਰੋਕਿਆ ਨਹੀਂ ਗਿਆ। 2020 ਰੈਫਰੈਂਡਮ ਮੁਹਿੰਮ ਬਾਰੇ ਭਾਰਤ ਸਰਕਾਰ ਵੱਲੋਂ ਕੀਤੇ ਜਾਂਦੇ ਪ੍ਰਚਾਰ ਕਿ ਇਸ ਪਿੱਛੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦਾ ਹੱਥ ਹੈ, ਸਬੰਧੀ ਜਵਾਬ ਦਿੰਦਿਆਂ ਪਨੂੰ ਨੇ ਕਿਹਾ ਕਿ ਇਸ ਮੁਹਿੰਮ ਦੀਆਂ ਸਾਰੀਆਂ ਕਾਰਵਾਈਆਂ ਅਮਰੀਕਾ, ਕੈਨੇਡਾ ਅਤੇ ਯੂਰਪੀਨ ਮੁਲਕਾਂ ਤੋਂ ਚਲਾਈਆਂ ਗਈਆਂ ਪਰ ਭਾਰਤ ਸਰਕਾਰ ਆਪਣੇ 30 ਸਾਲਾਂ ਤੋਂ ਬਣਾਈ ਨੀਤੀ 'ਤੇ ਚਲਦਿਆਂ ਸਿੱਖ ਅਜ਼ਾਦੀ ਦੀ ਹਰ ਗੱਲ ਨੂੰ ਪਾਕਿਸਤਾਨ ਨਾਲ ਜੋੜਦੀ ਹੈ। 

ਸਿੱਖਸ ਫਾਰ ਜਸਟਿਸ ਨੂੰ ਭਾਰਤ ਵਿੱਚ ਹਿੰਸਕ ਕਾਰਵਾਈਆਂ ਨਾਲ ਜੋੜਨ ਬਾਰੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਸਿੱਖਸ ਫਾਰ ਜਸਟਿਸ ਇਸ ਮੁਹਿੰਮ ਨੂੰ ਪੂਰੇ ਸ਼ਾਂਤੀਪੂਰਵਕ ਤਰੀਕੇ ਨਾਲ ਚਲਾ ਰਹੀ ਹੈ ਤੇ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਥੇਬੰਦੀ 'ਤੇ ਲਾਏ ਗਏ ਝੂਠੇ ਇਲਜ਼ਾਮਾਂ ਸਬੰਧੀ ਉਹਨਾਂ 'ਤੇ ਜਥੇਬੰਦੀ ਵੱਲੋਂ ਕੈਨੇਡਾ ਵਿੱਚ ਮਾਣਹਾਨੀ ਦੇ ਮਾਮਲੇ ਦਰਜ ਕਰਾਏ ਗਏ ਹਨ ਜਿਹਨਾਂ ਦਾ ਉਪਰੋਕਤ ਦੋਵਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ ਸਰਕਾਰ ਦੀ ਸ਼ਹਿ 'ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਸਿੱਖ ਆਪਣੀ ਧਾਰਮਿਕ ਪਛਾਣ ਨੂੰ ਭਾਰਤੀ ਪ੍ਰਬੰਧ ਵਿੱਚ ਖਤਰਾ ਸਮਝਦੇ ਹਨ ਜਿਸ ਕਾਰਨ ਸਿੱਖ ਆਪਣਾ ਵੱਖਰਾ ਦੇਸ਼ 'ਖਾਲਿਸਤਾਨ' ਬਣਾਉਣ ਲਈ ਸਵੈ-ਨਿਰਣੇ ਦੇ ਹੱਕ ਦੀ ਮੰਗ ਕਰਦੇ ਹਨ। ਇਸ ਵੀ ਧਿਆਨਦੇਣ ਯੋਗ ਗੱਲ ਹੈ ਕਿ ਇਤਿਹਾਸਕ ਤੌਰ 'ਤੇ ਅੰਗਰੇਜ਼ਾਂ ਦੇ ਬਸਤੀਵਾਦ ਤੋਂ ਪਹਿਲਾਂ ਦੱਖਣੀ ਏਸ਼ੀਆ ਵਿੱਚ ਸਿੱਖਾਂ ਦਾ ਆਪਣਾ ਅਜ਼ਾਦ ਰਾਜ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।