ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਗੁਰੂਆਂ ਦੀ ਜ਼ੁਬਾਨ ਨੂੰ ਹੀ ਕਸ਼ਮੀਰ ਨਿਕਾਲਾ

ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮੌਕੇ ਗੁਰੂਆਂ ਦੀ ਜ਼ੁਬਾਨ ਨੂੰ ਹੀ ਕਸ਼ਮੀਰ ਨਿਕਾਲਾ

-ਡਾ. ਦਰਸ਼ਨ ਸਿੰਘ ਹਰਵਿੰਦਰ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ 'ਤੇ ਕੀਰਨੇ ਪਾਉਂਦਾ ਸ਼ਾਹ ਮੁਹੰਮਦ ਕਦੇ ਨਹੀਂ ਦਿਲ 'ਚੋਂ ਨਿਕਲਿਆ, ਜਿਸ ਦੀ ਰੂਹ ਕਲਪ ਗਈ ਸੀ ਹਿੰਦੁਸਤਾਨ ਦੇ ਕਪਟ ਪ੍ਰਬੰਧਾਂ ਅੱਗੇ ਪੰਜਾਬੀਆਂ ਦੀ ਪੇਸ਼ ਨਾ ਜਾਂਦੀ ਵੇਖ ਕੇ :

ਜੰਗ ਹਿੰਦ-ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫ਼ੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।

...ਤੇ ਸ਼ਾਹ ਮੁਹੰਮਦ ਦੀ ਰੂਹ ਕਲਪਦੀ ਵੀ ਕਿਉਂ ਨਾ? ਇਹ ਉਹੀ ਮਹਾਰਾਜਾ ਸੀ, ਜਿਸ ਹੁਕਮਰਾਨ ਦੀ ਸਿਫ਼ਤ ਵਿਚ ਉਸ ਨੇ ਅਲੰਕਾਰ 'ਸਰਕਾਰ' ਨਿਵਾਜਿਆ:

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਨਿਵਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਇ ਗਿਆ।
ਹੋਰ ਦੇਸ਼, ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪੱਚਾਸ ਬਰਸਾਂ, ਅੱਛਾ ਰੱਜ ਕੇ ਰਾਜ ਕਮਾਇ ਗਿਆ।

ਇਤਿਹਾਸ ਗਵਾਹ ਹੈ ਕਿ ਉਸੇ ਹੀ ਸਰਕਾਰ ਯਾਨੀ ਮਹਾਰਾਜਾ ਰਣਜੀਤ ਸਿੰਘ ਦੇ ਦੂਰ-ਦੂਰ ਪਸਰੇ ਰਾਜ ਵਿਚ ਪੰਜਾਬ ਤੋਂ ਇਲਾਵਾ ਸਤਲੁਜ ਤੇ ਸਿੰਧ ਦਰਿਆ ਵਿਚਕਾਰਲਾ ਸਾਰਾ ਇਲਾਕਾ, ਜੰਮੂ-ਕਸ਼ਮੀਰ, ਚੀਨ ਦੀ ਸਰਹੱਦ ਤਕ ਲੱਦਾਖ, ਮੌਜੂਦਾ ਸਾਰਾ ਹਿਮਾਚਲ, ਕੈਂਬਲਪੁਰ ਅਟਕ, ਸਿੰਧ ਪਾਰ ਦੇ ਡੇਰਾ ਜਾਤ, ਸੂਬਾ ਪਿਸ਼ਾਵਰ ਤੇ ਅਫ਼ਗਾਨ ਰਾਜ ਦਾ ਦੱਰਾ ਖੈਬਰ ਤਕ ਸ਼ਾਮਲ ਸੀ ਜਿੱਥੇ ਪੰਜਾਬੀ ਜਾਂ ਇਸ ਦੀਆਂ ਉਪ-ਭਾਸ਼ਾਵਾਂ ਦੀ ਸਰਦਾਰੀ ਸੀ। ਵਕਤ ਦਾ ਤਕਾਜ਼ਾ ਵੇਖੋ। ਜੰਗ ਹਿੰਦ- ਪੰਜਾਬ ਦੀ ਵੀ ਕਈ ਇਤਿਹਾਸਕ ਪੜਾਵਾਂ ਵਿਚੋਂ ਗੁਜ਼ਰੀ। ਇਹ ਹੁਣ ਪੰਜਾਬ ਦੀ ਮਾਂ-ਬੋਲੀ ਪੰਜਾਬੀ ਤਕ ਨੂੰ ਵੀ ਨਹੀਂ ਬਖਸ਼ ਰਹੀ। ਸੰਨ 1849 ਤਕ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦਾ ਹਿੱਸਾ ਰਹੇ ਕਸ਼ਮੀਰ ਨੂੰ ਪੰਜਾਬੀ ਭਾਸ਼ਾ ਤੋਂ ਅੱਡ ਕੀਤਾ ਜਾ ਰਿਹਾ ਏ ਤੇ ਫਿਰ ਉਹ ਵੀ ਤਦ ਜਦ ਪੰਜਾਬੀ ਤੇ ਕਸ਼ਮੀਰੀਆਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਸਮੇਂ ਤੋਂ ਬਣੀ ਗੂਹੜੀ ਸਾਂਝ ਬਰਕਰਾਰ ਨਾ ਰਹਿਣ ਦੇ ਮਨਸੂਬੇ ਕਾਮਯਾਬ ਹੋਣ ਲੱਗੇ ਹਨ।

ਹਿੰਦੁਸਤਾਨ ਦੀ ਆਜ਼ਾਦੀ ਸਮੇਂ ਪੰਜਾਬ ਦਾ ਸੀਨਾ ਚੀਰ ਕੇ 1947 ਵਿਚ ਕੀਤੀ ਤਕਸੀਮ ਦਾ ਦਰਦ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਅਜੇ ਤਕ ਵੀ ਨਹੀਂ ਭੁੱਲ ਸਕਿਆ। ਉਦੋਂ ਨਾ ਕੇਵਲ ਲੱਖਾਂ ਪੰਜਾਬੀਆਂ ਦਾ ਘਾਣ ਹੋਇਆ ਸਗੋਂ ਇਹ ਲਹੂ-ਲੁਹਾਨ ਹੋਏ ਪੰਜਾਬੀ ਸੱਭਿਆਚਾਰ ਤੇ ਮਾਂ-ਬੋਲੀ ਪੰਜਾਬੀ 'ਤੇ ਅਜਿਹਾ ਫਿਰਕੂ ਹਮਲਾ ਸੀ ਜਿਸ ਦੇ ਵਾਰ ਕਾਰਨ ਦੋਨੋਂ ਪਾਸੇ ਦੇ ਪੰਜਾਬੀ ਹੁਣ ਤਕ ਇਸ ਮਾਰ ਨੂੰ ਝੱਲਦੇ ਆ ਰਹੇ ਹਨ। ਹਿੰਦੁਸਤਾਨ ਨਾਲੋਂ ਵੱਢ ਕੇ ਬਣਾਏ ਪਾਕਿਸਤਾਨ ਵਿਚ ਰਹਿ ਗਏ ਪੰਜਾਬ ਵਿਚ ਪੰਜਾਬੀ ਨਾਲ ਹੋ ਰਹੇ ਧੱਕੇ ਬਾਰੇ ਚਰਚਾ ਕਦੇ ਫਿਰ ਸਹੀ, ਹਿੰਦੁਸਤਾਨ ਦੀ ਸਰਕਾਰ ਨੇ ਤਾਂ ਜੰਮੂ-ਕਸ਼ਮੀਰ ਵਿਚ ਹੀ ਪੰਜਾਬੀ ਨੂੰ ਜਲਾਵਤਨ ਕਰਨ ਦਾ ਮੰਦਭਾਗਾ ਕਦਮ ਚੁੱਕ ਲਿਆ ਹੈ। ਕਸ਼ਮੀਰ 'ਚੋਂ ਲੱਦਾਖ ਛਾਂਗ ਕੇ ਜੰਮੂ-ਕਸ਼ਮੀਰ ਨੂੰ ਵੀ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਹੁਣ ਉੱਥੋਂ ਦੀਆਂ ਭਾਸ਼ਾਵਾਂ 'ਚੋਂ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਜਦਕਿ ਉਰਦੂ, ਡੋਗਰੀ, ਕਸ਼ਮੀਰੀ, ਪਹਾੜੀ, ਲੱਦਾਖੀ, ਬਾਲਤੀ, ਗੋਜਰੀ ਤੇ ਦਰੀ ਧਰਤੀ 'ਤੇ ਜਾਣੀ ਜਾਂਦੀ ਇਸ ਜੰਨਤ ਦਾ 'ਸ਼ਿੰਗਾਰ' ਰਹਿਣਗੀਆਂ।

ਸਿਤਮ ਇਹ ਹੈ ਕਿ ਹਿੰਦੁਸਤਾਨ ਦੀ ਮਰਕਜ਼ ਨੇ ਜੰਮੂ-ਕਸ਼ਮੀਰ ਨੂੰ ਲੱਦਾਖ ਨਾਲੋਂ ਅੱਡ ਕਰ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਜਿਸ ਵਿਤਕਰੇ ਨਾਲ ਬਰਾਸਤਾ ਕਸ਼ਮੀਰ ਪ੍ਰਸ਼ਾਸਨ ਪੰਜਾਬੀ ਨੂੰ ਸਰਕਾਰੀ ਭਾਸ਼ਾ ਦੀ ਸੂਚੀ 'ਚੋਂ ਬਾਹਰ ਕੀਤਾ ਹੈ, ਉਸ ਨਾਲ ਜੰਮੂ-ਕਸ਼ਮੀਰ ਵਿਚ ਵਸਦੇ ਪੰਜਾਬੀਆਂ ਤੋਂ ਲੈ ਕੇ ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਵਿਚ ਤਾਂ ਵਿਆਪਕ ਰੋਸ ਹੈ ਹੀ, ਮੀਆਂ ਮੁਹੰਮਦ ਬਖ਼ਸ਼ ਦੀ ਰੂਹ ਵੀ ਕੁਰਲਾਈ ਹੋਵੇਗੀ। ਸਾਡੀ ਅਮੀਰ ਪੰਜਾਬੀ ਜ਼ੁਬਾਨ ਨਾਲ ਲਬਰੇਜ਼ ਹਿੰਦੁਸਤਾਨ ਦੀ ਤਕਸੀਮ ਤੋਂ ਪਹਿਲਾਂ ਵਾਲਾ ਇਹ ਉਹੀ ਕਸ਼ਮੀਰ ਹੈ ਜਿਸ ਦੇ ਖਿੱਤੇ ਮੀਰਪੁਰ ਵਿਚ ਪੈਦਾ ਹੋਇਆ ਵਿਸ਼ਵ ਪ੍ਰਸਿੱਧ ਸੂਫੀ ਸ਼ਾਇਰ ਮੀਆਂ ਮੁਹੰਮਦ ਬਕਸ਼ ਤਾਂ 'ਜ਼ੰਨਤ' ਵਿਚ ਪੰਜਾਬੀ ਜ਼ੁਬਾਨ ਦੀਆਂ ਡੂੰਘੀਆਂ ਜੜ੍ਹਾਂ ਦੀ ਗਵਾਹੀ ਹੈ :

ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਵੇ,
ਮਾਲਕ ਦਾ ਕੰਮ ਫ਼ਲ ਲਾਉਣਾ ਲਾਵੇ ਯਾ ਨਾ ਲਾਵੇ।

ਪਰ ਦੁੱਖ ਇਸ ਗੱਲ ਦਾ ਹੈ ਕਿ ਹੁਣ ਵਾੜ ਹੀ ਖੇਤ ਨੂੰ ਖਾਣ ਲੱਗੀ ਹੈ। ਮਾਲਕ ਨੂੰ ਫ਼ਲ ਲਾਉਣ ਦਾ ਮੌਕਾ ਤਾਂ ਹੀ ਮਿਲੂ ਜੇ ਉਹਦੇ ਮਾਲੀ ਇਮਾਨਦਾਰ ਹੋਣ। ਸਾਡੀ ਮਾਦਰੀ ਜ਼ੁਬਾਨ 'ਤੇ ਟਕੂਆ ਚਲਾਉਣ ਲਈ ਕਾਹਲੇ ਇਨ੍ਹਾਂ ਮਾਲੀਆਂ ਦੇ ਹੇਜ ਤੇ ਪਿਆਰ ਵਿਚਲਾ ਫ਼ਰਕ ਤਕ ਵੀ 'ਮਾਲਕ' ਨਹੀਂ ਸਮਝ ਰਿਹਾ।

ਅੱਧੀ ਸਦੀ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਸ਼ਿੰਗਾਰ ਰਹੇ ਧਰਤੀ 'ਤੇ ਜੰਨਤ ਕਸ਼ਮੀਰ ਵਿਚ ਤਕਰੀਬਨ ਹਰ ਸ਼ਖ਼ਸ ਪੰਜਾਬੀ ਬੋਲਦਾ ਅਤੇ ਸਮਝਦਾ ਹੈ। ਜੰਮੂ-ਕਸ਼ਮੀਰ ਵਿਚ 20 ਲੱਖ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਚੁੱਕੀ ਇਸ ਰਿਆਸਤ ਦੀ 33 ਫ਼ੀਸਦੀ ਆਬਾਦੀ ਪੰਜਾਬੀਆਂ ਦੀ ਹੈ। ਇੱਥੇ ਪੰਜਾਬੀ ਉਰਦੂ ਵਾਂਗ ਲਾਜ਼ਮੀ ਤੌਰ 'ਤੇ ਪੜ੍ਹਾਈ ਜਾਣ ਕਾਰਨ ਯੂਨੀਵਰਸਿਟੀ ਤਕ ਪੰਜਾਬੀ ਦਾ ਆਪਣਾ ਵਿਭਾਗ ਹੈ, ਪੰਜਾਬੀ 'ਚ ਡਾਕਟਰੇਟ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਸਦਰ-ਏ-ਰਿਆਸਤ ਕਸ਼ਮੀਰ ਵਿਚੋਂ ਆਰਟੀਕਲ 370 ਖ਼ਤਮ ਕਰ ਕੇ ਇਹ ਰਾਜ ਸਿੱਧਾ ਮਰਕਜ਼ (ਕੇਂਦਰ) ਦੇ ਕੰਟਰੋਲ ਹੇਠ ਆਉਣ ਕਾਰਨ ਸਾਰਾ ਕੇਂਦਰੀ ਫੋਕਸ ਪੰਜਾਬੀ 'ਤੇ ਕੁਹਾੜਾ ਚਲਾਉਣ 'ਤੇ ਟਿਕ ਗਿਆ ਹੈ। ਇਹ ਪ੍ਰਦੇਸ਼ ਪੰਜਾਬੀ ਦੀਆਂ ਉਪ ਭਾਸ਼ਾਵਾਂ ਨੂੰ ਤਾਂ ਮਾਨਤਾ ਦੇ ਕੇ ਸਹਿਣ ਨੂੰ ਤਿਆਰ ਹੈ ਪਰ 'ਮਾਲੀ' ਆਪਣੇ ਮਾਲਕ ਨੂੰ ਭਰਮਾਉਣ ਵਿਚ ਸਫਲ ਹੋ ਗਏ ਹਨ। ਇਸ ਦਾ ਉਹਲਾ ਰੱਖ ਕੇ ਕਿ ਦੱਰਾ ਖ਼ੈਬਰ ਤੋਂ ਲੈ ਕੇ ਜੰਮੂ ਤਕ ਲਹਿੰਦੀ ਜ਼ੁਬਾਨ ਦੀ ਚੜ੍ਹਤ ਰਹੀ ਹੈ। ਇਸ ਦੀ ਸ਼ਾਹਦੀ ਮੁਹੰਮਦ ਬਖ਼ਸ਼ ਦੀਆਂ ਸ਼ਾਹਕਾਰ ਰਚਨਾਵਾਂ ਹਨ।

ਦਰਅਸਲ ਹਕੂਮਤ-ਏ-ਹਿੰਦ ਨੂੰ ਤਾਂ ਕਦੇ ਵੀ ਫ਼ਰਕ ਨਹੀਂ ਪੈਂਦਾ, ਪੰਜਾਬ ਦੀ ਸਰਕਾਰ ਵੀ ਪੰਜਾਬੀ ਨੂੰ ਪਟਰਾਣੀ ਬਣਾਉਣ ਤੋਂ ਟਾਲਾ ਵੱਟੀ ਬੈਠੀ ਹੈ। ਸੰਨ 1967-68 ਵਿਚ ਪੰਜਾਬ ਦੇ ਹੁਕਮਰਾਨ ਲਛਮਣ ਸਿੰਘ ਗਿੱਲ ਨੇ ਜ਼ਰੂਰ ਇਸ ਨੂੰ ਆਪਣੀਆਂ ਪਲਕਾਂ 'ਤੇ ਬਿਠਾਇਆ ਸੀ ਪਰ ਉਹਦੇ ਅੱਖਾਂ ਮੀਟਦਿਆਂ ਹੀ ਹੁਣ ਤਕ ਅਜਿਹਾ ਮਾਣ-ਸਨਮਾਨ ਪੰਜਾਬੀ ਨੂੰ ਕਦੇ ਵੀ ਹਾਸਲ ਨਹੀਂ ਹੋ ਸਕਿਆ।

ਪੁਆੜੇ ਦੀ ਜੜ੍ਹ ਸਾਂਝੇ ਚੰਡੀਗੜ੍ਹ ਵਾਂਗ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਵੀ ਉਰਦੂ ਦੇ ਬਰਾਬਰ ਪੰਜਾਬੀ ਸਾਂਝੀ ਦੂਜੀ ਭਾਸ਼ਾ ਹੈ ਜਦਕਿ ਵਿਦੇਸ਼ਾਂ ਵਿਚ ਪੰਜਾਬੀ ਦੀ ਚੜ੍ਹਤ-ਬੜ੍ਹਤ ਤੇ ਬੜ੍ਹਕ ਬਰਕਰਾਰ ਹੈ। ਇਹੋ ਵਜ੍ਹਾ ਹੈ ਕਿ ਆਪਣਿਆਂ ਵੱਲੋਂ ਹੀ ਆਪਣੀ ਮਾਂ-ਬੋਲੀ ਨੂੰ ਆਪਣੇ ਹੀ ਮੁਲਕ ਵਿਚ ਟਿੱਚ ਸਮਝਣ ਕਾਰਨ ਇਹਦਾ ਕਸ਼ਮੀਰ ਵਿਚ ਮਾੜਾ ਹਸ਼ਰ ਸਹਿਣ ਕਰਨਾ ਪੈ ਰਿਹਾ ਹੈ। ਹਿੰਦੁਸਤਾਨ ਦੇ ਮੌਜੂਦਾ ਹੁਕਮਰਾਨਾਂ ਜਿਨ੍ਹਾਂ ਵਿਚ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹਰਸਿਮਰਤ ਕੌਰ ਬਾਦਲ ਵੀ ਭਾਈਵਾਲ ਸੀ, ਨੇ ਪੰਜਾਬੀ ਤੋਂ ਮੁਕੰਮਲ ਮੁੱਖ ਮੋੜਦਿਆਂ ਜੰਮੂ-ਕਸ਼ਮੀਰ ਵਿਚ ਹਿੰਦੀ, ਕਸ਼ਮੀਰੀ, ਡੋਗਰੀ ਅੰਗਰੇਜ਼ੀ ਤੇ ਉਰਦੁ ਨੂੰ ਅਪਨਾਉਣ ਦੇ ਮਤੇ ਨੂੰ ਅਧਿਕਾਰਤ ਭਾਸ਼ਾਵਾਂ ਦੇ ਰੂਪ ਵਿਚ ਬਰਾਸਤਾ ਕਸ਼ਮੀਰ ਪ੍ਰਸ਼ਾਸਨ ਪਾਸ ਕੀਤਾ ਹੈ। ਪਹਿਲਾਂ ਅਧਿਕਾਰਤ ਭਾਸ਼ਾ ਕੇਵਲ ਉਰਦੂ ਹੋਇਆ ਕਰਦੀ ਸੀ।

ਇਹ ਤਜਵੀਜ਼ ਤਬਦੀਲੀ ਸਤੰਬਰ 2020 ਦੇ ਮੌਨਸੂਨ ਇਜਲਾਸ ਵਿਚ ਪਾਰਲੀਮੈਂਟ ਦੁਆਰਾ ਮਨਜ਼ੂਰ ਕਰ ਲਈ ਗਈ ਹੈ। ਹਾਲਾਂਕਿ ਪੰਜਾਬੀ ਦੇ ਲੰਬਾ ਸਮਾਂ ਹੁਕਮਰਾਨ ਰਹੇ ਬਾਦਲਾਂ ਦੀ ਕਦੇ ਸੱਜੀ ਬਾਂਹ ਬਣੇ ਰਹੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੁਲਕ ਦੇ ਹੁਕਮਰਾਨ ਨਰਿੰਦਰ ਮੋਦੀ ਨੂੰ ਇਸ ਮੰਦਭਾਗੇ ਫ਼ੈਸਲੇ ਦੀ ਸਮੀਖਿਆ ਕਰਨ ਅਤੇ ਪੰਜਾਬੀ ਨੂੰ ਜੰਮੂ ਤੇ ਕਸ਼ਮੀਰ ਦੀਆਂ ਅਧਿਕਾਰਤ ਭਾਸ਼ਾਵਾਂ ਵਿਚ ਸ਼ਾਮਲ ਕਰਨ ਦੀ ਅਪੀਲ ਕਰਨ ਤੋਂ ਇਲਾਵਾ ਸੰਵੇਦਨਸ਼ੀਲ ਮੁੱਦਾ ਇਸ ਇਜਲਾਸ ਦੌਰਾਨ ਸਦਨ ਵਿਚ ਚੁੱਕਣ ਦਾ ਅਹਿਦ ਲਿਆ ਸੀ। ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਗਰਜਵੀਂ ਆਵਾਜ਼ 'ਚ ਜਦਕਿ ਪੰਜਾਬ ਦੇ ਸਾਬਕਾ ਹੁਕਮਰਾਨ ਸੁਖਬੀਰ ਸਿੰਘ ਬਾਦਲ ਮੁਸਕਰਾਹਟ ਭਰੇ ਲਹਿਜ਼ੇ 'ਚ ਪਾਰਲੀਮੈਂਟ ਅੰਦਰ ਜੰਮੂ-ਕਸ਼ਮੀਰ ਸਰਕਾਰ ਦੇ ਇਸ ਪੰਜਾਬੀ ਵਿਰੋਧੀ ਕਾਰੇ ਦੀ ਨਿਖੇਧੀ ਕਰ ਚੁੱਕੇ ਹਨ ਪਰ ਪੰਜਾਬੀ, ਪੰਜਾਬੀ ਦੇ ਸ਼ਰਫ਼ ਸੇਵਕ, ਸਦਾ ਖ਼ੈਰ ਪੰਜਾਬੀ ਦੀ ਮੰਗਣ ਦੇ ਸ਼ੁਦਾਈ ਬਾਬੂ ਫੀਰੋਜ਼ਦੀਨ ਸ਼ਰਫ਼ ਦੇ ਕੀਰਨੇ ਕੌਣ ਸੁਣੇ :

ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਉਫ਼! ਹਾਲਾਤ ਦੀ ਸਿਤਮ-ਜ਼ਰੀਫੀ ਵੇਖੋ ਕਿ ਇਹ ਸਭ ਤਦ ਹੋ ਰਿਹਾ ਹੈ ਜਦ 1675 ਵਿਚ ਕਸ਼ਮੀਰੀ ਪੰਡਿਤਾਂ ਦੀ ਆਬਰੂ ਬਚਾਉਣ ਲਈ ਸ਼ਹਾਦਤ ਦੇਣ ਵਾਲੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਸ਼ਤਾਬਦੀ ਜਸ਼ਨਾਂ ਮੌਕੇ ਗੁਰੂ ਸਾਹਿਬਾਨ ਦੀ ਜ਼ੁਬਾਨ ਨੂੰ ਹੀ ਕਸ਼ਮੀਰ ਨਿਕਾਲਾ ਦਿੱਤਾ ਜਾ ਰਿਹਾ ਹੈ।...ਕਾਸ਼ ਅੱਜ 'ਸਰਕਾਰ' ਹੁੰਦੀ!