ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਸਿੱਖ ਜਥੇਬੰਦੀਆਂ ਵੱਲੋਂ ਜਬਰਦਸਤ ਵਿਰੋਧ

ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਸਿੱਖ ਜਥੇਬੰਦੀਆਂ ਵੱਲੋਂ ਜਬਰਦਸਤ ਵਿਰੋਧ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ 16 ਦੋਸ਼ੀਆਂ ਉੱਤੇ ਪਰਚਾ ਦਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਵੱਲੋਂ ਲਾਇਆ ਮੋਰਚਾ 15ਵੇਂ ਦਿਨ ਵੀ ਜਾਰੀ ਰਿਹਾ। 

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਮੌਕੇ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ ਝਬਾਲ, ਭਾਈ ਬਲਜਿੰਦਰ ਸਿੰਘ ਪਰਵਾਨਾ, ਭਾਈ ਲਖਬੀਰ ਸਿੰਘ ਮਹਾਲਮ, ਭਾਈ ਤਰਲੋਚਨ ਸਿੰਘ ਸੋਹਲ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਲਜਿੰਦਰ ਸਿੰਘ, ਦਲ ਪੰਥ ਅਰਬਾਂ ਖਰਬਾਂ ਦੇ ਮੁਖੀ ਬਾਬਾ ਰਾਜਾ ਰਾਜ ਸਿੰਘ ਨਿਹੰਗ, ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਨਰੈਣ ਸਿੰਘ ਨਿਹੰਗ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ ਅਤੇ ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਮੁਖੀ ਭਾਈ ਪ੍ਰਦੀਪ ਸਿੰਘ ਇਆਲੀ ਅਤੇ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦਾ ਜਬਰਦਸਤ ਵਿਰੋਧ ਕੀਤਾ। 

ਨੌਜਵਾਨਾਂ ਦੇ ਹੱਥਾਂ ਵਿੱਚ ਤਖ਼ਤੀਆਂ ਸਨ ਜਿਨ੍ਹਾਂ ਉੱਤੇ ਲਿਖਿਆਂ ਸੀ ਕਿ "ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰੋ ਸ਼ਰਮ ਕਰੋ, ਜਿਹੜੇ ਗੁਰੂ ਦੇ ਨਹੀਂ ਹੋਏ ਉਹ ਅੱਜ ਵੀ ਮੋਏ ਤੇ ਕੱਲ੍ਹ ਵੀ ਮੋਏ, 328 ਸਰੂਪ ਲਾਪਤਾ ਕਰਨ ਵਾਲੇ ੧੬ ਦੋਸ਼ੀ ਅਧਿਕਾਰੀਆਂ ਉੱਤੇ ਪਰਚਾ ਦਰਜ ਕਰੋ, ਕਿੱਥੇ ਹਨ 328 ਪਾਵਨ ਸਰੂਪ, ਸ਼੍ਰੋਮਣੀ ਕਮੇਟੀ ਗਲਤ ਹੱਥਾਂ ਵਿੱਚ ਆਦਿ। ਦੋਹਾਂ ਧਿਰਾਂ ਵਿੱਚ ਟਕਰਾਅ ਵਾਲੀ ਸਥਿਤੀ ਨਾ ਬਣੇ ਇਸ ਕਰਕੇ ਦਫ਼ਤਰ ਦੇ ਅੰਦਰ-ਬਾਹਰ ਭਾਰੀ ਪੁਲਿਸ ਫ਼ੋਰਸ ਤਾਇਨਾਤ ਸੀ। ਸ਼੍ਰੋਮਣੀ ਕਮੇਟੀ ਨੇ ਟਾਸਕ ਫ਼ੋਰਸ ਵੀ ਵੱਡੀ ਗਿਣਤੀ ਵਿੱਚ ਲਾਈ ਹੋਈ ਸੀ। 

ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਸਤੀਫ਼ਾ ਦੇਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਹਲੂਣਿਆ ਕਿ ਦੋਸ਼ੀਆਂ 'ਤੇ ਪਰਚਾ ਦਰਜ ਕਰਵਾਉਣ ਲਈ ਇਜਲਾਸ 'ਚ ਆਵਾਜ਼ ਬੁਲੰਦ ਕਰੋ ਜਿਸ ਮਗਰੋਂ 15 ਕਮੇਟੀ ਮੈਂਬਰਾਂ ਨੇ ਮੋਰਚੇ ਦਾ ਸਮਰਥਨ ਕੀਤਾ ਅਤੇ ਕਈ ਇਜਲਾਸ ਦਾ ਬਾਈਕਾਟ ਕਰਕੇ ਬਾਹਰ ਆ ਗਏ। ਸਾਰਾ ਦਿਨ ਮਾਹੌਲ ਤਣਾਅ-ਪੂਰਨ ਬਣਿਆ ਰਿਹਾ। 

ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਤਕ ਦੋਸ਼ੀਆਂ ਉੱਤੇ ਪਰਚੇ ਨਹੀਂ ਦਰਜ ਹੁੰਦੇ, ਇਹ ਮੋਰਚਾ ਜਾਰੀ ਰਹੇਗਾ। ਇਸ ਮੌਕੇ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ, ਗਿਆਨੀ ਦਿਲਬਾਗ ਸਿੰਘ ਵਲਟੋਹਾ ਝਾੜ ਸਾਹਿਬ, ਭਾਈ ਗੁਰਸੇਵਕ ਸਿੰਘ ਭਾਣਾ, ਭਾਈ ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਜਸਵੀਰ ਸਿੰਘ ਖੰਡੂਰ, ਭਾਈ ਜਗਜੀਤ ਸਿੰਘ ਖੋਸਾ, ਬਾਬਾ ਸ਼ਿੰਦਰ ਸਿੰਘ ਸਭਰਾਵਾਂ, ਢਾਡੀ ਫ਼ੌਜਾ ਸਿੰਘ ਸਾਗਰ, ਭਾਈ ਬਲਦੇਵ ਸਿੰਘ, ਭਾਈ ਮਲਕੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।