ਛਿੱਤਰ ਦਿੱਲੀ ਮਾਰੇ ਤੇ ਕੈਪਟਨ ਦਾ ਥੁੱਕ ਪਾਕਿਸਤਾਨ ਵੱਲ

ਛਿੱਤਰ ਦਿੱਲੀ ਮਾਰੇ ਤੇ ਕੈਪਟਨ ਦਾ ਥੁੱਕ ਪਾਕਿਸਤਾਨ ਵੱਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅੱਜ ਜਿੱਥੇ ਇਕ ਪਾਸੇ ਦਿੱਲੀ ਦੇ ਹੱਥੋਂ ਠੱਗੇ ਹੋਏ ਪੰਜਾਬ ਦੇ ਲੋਕ ਪਾਕਿਸਤਾਨ ਨਾਲ ਸੁਖਾਵੇਂ ਰਿਸ਼ਤੇ ਅਤੇ ਵਾਪਰਕ ਸਾਂਝ ਵਧਾਉਣ ਦੀਆਂ ਗੱਲਾਂ ਕਰ ਰਹੇ ਹਨ ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਪਾਕਿਸਤਾਨ ਨੂੰ ਪਿੱਟਣਾ ਸ਼ੁਰੂ ਕਰ ਦਿੱਤਾ ਹੈ। 

ਬੀਤੇ ਕੱਲ੍ਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਖਟਕੜ ਕਲਾਂ ਵਿਖੇ ਹੋਏ ਸਮਾਗਮ ਵਿਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਾਕਿਸਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਕਿਸਾਨਾਂ ਦੀ ਨਾਰਾਜ਼ਗੀ ਦਾ ਲਾਹਾ ਲੈਂਦਿਆਂ ਪੂਰੇ ਮੁਲਕ ’ਚ ਅਸ਼ਾਂਤੀ ਫੈਲਾ ਸਕਦੀ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਨਾਲ ਪੰਜਾਬ ਦੇ ਲੋਕਾਂ ਦਾ ਆਪਣੇ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਟਕਰਾਅ ਚਲ ਰਿਹਾ ਹੈ। ਪਰ ਜਦੋਂ ਵੀ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਸੰਘਰਸ਼ ਸ਼ੁਰੂ ਕਰਦੇ ਹਨ ਤਾਂ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਦੇ ਵਫਾਦਾਰ ਕਰਿੰਦੇ ਇਸ ਸੰਘਰਸ਼ ਨੂੰ ਪਾਕਿਸਤਾਨ ਦੀ ਸਾਜਿਸ਼ ਪੇਸ਼ ਕਰਨ ਦਾ ਜ਼ੋਰ ਲਾ ਦਿੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਪ੍ਰਤੀ ਸੰਘਰਸ਼ ਕਰ ਰਹੇ ਲੋਕਾਂ 'ਚ ਨਰਾਜ਼ਗੀ ਪਾਈ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸੰਘਰਸ਼ੀ ਇਤਿਹਾਸ ਨੂੰ ਪਾਕਿਸਤਾਨ ਦੀ ਸ਼ਹਿ ਦੇ ਪੇਟੇ ਪਾ ਦਿੱਤਾ ਹੈ। ਅੱਜ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਮੁੱਚੇ ਪੰਜਾਬ ਵੱਲੋਂ ਵਿਰੋਧ ਦੇ ਬਾਵਜੂਦ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਜਾਂਦਿਆਂ ਭਾਰਤ ਸਰਕਾਰ ਵੱਲੋਂ ਇਹ ਕਿਸਾਨ ਵਿਰੋਧੀ ਕਾਨੂੰਨ ਪੰਜਾਬ ਉੱਤੇ ਥੋਪੇ ਜਾ ਰਹੇ ਹਨ ਤਾਂ ਪੰਜਾਬ ਦੇ ਲੋਕਾਂ ਦਾ ਆਪਣੇ ਹੱਕਾਂ ਅਤੇ ਆਪਣੀਆਂ ਜ਼ਮੀਨਾਂ ਨੂੰ ਵਾਪਰੀਆਂ ਦੇ ਕਬਜ਼ੇ ਤੋਂ ਬਚਾਉਣ ਲਈ ਸੰਘਰਸ਼ ਕਰਨ ਦਾ ਹੱਕ ਬਣਦਾ ਹੈ। ਇਹ ਗੱਲ ਜ਼ਰੂਰ ਹੈ ਕਿ ਭਾਰਤ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਹਥਿਆਰਬੰਦ ਸੰਘਰਸ਼ ਤਕ ਵੀ ਪਹੁੰਚ ਸਕਦੇ ਹਨ, ਪਰ ਫਿਲਹਾਲ ਪੰਜਾਬ ਦੇ ਲੋਕਾਂ ਨੇ ਸ਼ਾਂਤਮਈ ਸੰਘਰਸ਼ ਦੀ ਇਕ ਹੋਰ ਵੱਡੀ ਮਿਸਾਲ ਪੈਦਾ ਕੀਤੀ ਹੈ। 

ਇਸ ਤੋਂ ਵੱਡਾ ਸ਼ਾਂਤਮਈ ਸੰਘਰਸ਼ ਕੀ ਹੋ ਸਕਦਾ ਹੈ ਕਿ ਸਾਰਾ ਸੂਬਾ ਸੜਕਾਂ 'ਤੇ ਆਇਆ ਹੋਵੇ ਅਤੇ ਕਿਸੇ ਵੀ ਥਾਂ ਤੋੜ-ਭੰਨ, ਜ਼ੋਰ ਜ਼ਬਰਦਸਤੀ ਜਾਂ ਸਾੜਫੂਕ ਨਾ ਹੋਈ ਹੋਵੇ। ਇਹਨਾਂ ਸ਼ਾਂਤਮਈ ਸੰਘਰਸ਼ਾਂ ਨੇ ਪੰਜਾਬੀਆਂ ਦੇ ਸੁਚੱਜੇ ਅਤੇ ਸੁਘੜ-ਸਿਆਣੇ ਹੋਣ ਦੀ ਇਕ ਹੋਰ ਮਿਸਾਲ ਕਾਇਮ ਕੀਤੀ ਹੈ। ਪਰ ਪੰਜਾਬ ਦੇ ਮੁੱਖ ਮੰਤਰੀ ਦਾ ਬੀਤੇ ਕੱਲ੍ਹ ਦਾ ਬਿਆਨ ਪੰਜਾਬੀਆਂ ਦੇ ਅਣਖੀਲੇ ਸੁਭਾਅ ਨੂੰ ਪਾਕਿਸਤਾਨ ਦੇ ਪੇਟੇ ਪਾਉਣ ਵਰਗਾ ਹੈ ਅਤੇ ਇਹ ਭਾਰਤ ਦੀਆਂ ਏਜੰਸੀਆਂ ਨੂੰ ਪੰਜਾਬੀਆਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦਾ ਅਧਾਰ ਮੁਹੱਈਆ ਕਰਵਾ ਰਿਹਾ ਹੈ।

ਜੇ ਗੱਲ ਕਰੀਏ ਭਾਰਤ ਸਰਕਾਰ ਵੱਲੋਂ ਪੰਜਾਬ 'ਤੇ ਥੋਪੇ ਇਹਨਾਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਤਾਂ ਕਾਨੂੰਨੀ ਪੈਂਤੜੇ ਤੋਂ ਵੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਜਾਪ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਅਜੇ ਇਹ ਕਹਿ ਰਹੇ ਹਨ ਕਿ ਉਹ ਇਹਨਾਂ ਨਵੇਂ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਵਕੀਲਾਂ ਨਾਲ ਸਲਾਹ ਕਰਨਗੇ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੁਪਰੀਮ ਕੋਰਟ ਜਾਵੇਗੀ। ਊਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਸੰਵਿਧਾਨਿਕ ਐਕਟਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਕਾਨੂੰਨੀ ਰਾਹ ਅਖ਼ਤਿਆਰ ਕਰਨ ਵਾਸਤੇ ਊਹ ਵਕੀਲਾਂ ਨਾਲ ਸਲਾਹ ਕਰਨਗੇ।