ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਭਵਿੱਖ ਦਾ ਫੈਂਸਲਾ ਕਰੇਗਾ ਇਹ ਹਫਤਾ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਭਵਿੱਖ ਦਾ ਫੈਂਸਲਾ ਕਰੇਗਾ ਇਹ ਹਫਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਦਰਜਨਾਂ ਕਿਸਾਨ ਜਥੇਬੰਦੀਆਂ ਦਾ ਭਵਿੱਖ ਇਸ ਹਫਤੇ ਉਹਨਾਂ ਵੱਲੋਂ ਲਏ ਜਾਣ ਵਾਲੇ ਫੈਂਸਲਿਆਂ ਉੱਤੇ ਨਿਰਭਰ ਕਰੇਗਾ। ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਵਿਚ ਖੜੀ ਹੋਈ ਸੰਘਰਸ਼ੀ ਲਹਿਰ ਦੀ ਇਸ ਸਮੇਂ ਪੂਰਨ ਅਗਵਾਈ ਕਿਸਾਨ ਜਥੇਬੰਦੀਆਂ ਕੋਲ ਹੈ। ਕਿਸਾਨ ਜਥੇਬੰਦੀਆਂ ਜੋ ਸੰਘਰਸ਼ ਦੇ ਮੁਢਲੇ ਸਮੇਂ ਇਕਜੁੱਟ ਹੋ ਗਈਆਂ ਸਨ ਹੁਣ 50 ਦਿਨਾਂ ਦੇ ਸਫ਼ਰ ਮਗਰੋਂ ਇਹਨਾਂ ਵਿਚਾਲੇ ਪਾਟੋਧਾੜ ਪਰਤਖ ਦਿਖਣੀ ਸ਼ੁਰੂ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਤਕ ਦੇ ਸੰਘਰਸ਼ ਵਿਚ ਨਜ਼ਰੀਂ ਪੈ ਰਿਹਾ ਹੈ ਕਿ ਭਾਰਤ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਦਬਾਉਣ ਵਿਚ ਕਾਮਯਾਬ ਹੋ ਰਹੀ ਹੈ। ਪਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਦਰਮਿਆਨ ਸ਼ੰਭੂ ਮੋਰਚਾ ਇਕ ਅਹਿਮ ਮੰਚ ਬਣ ਗਿਆ ਹੈ ਜੋ ਸੰਘਰਸ਼ ਵਿਚ ਵੱਡਾ ਅਸਰ ਪਾ ਰਿਹਾ ਹੈ। 

ਸਵਾਰੀ ਗੱਡੀਆਂ ਲਈ ਰੇਲਾਂ ਖਾਲੀ ਕਰਨ ਤੋਂ ਇਕ ਜਥੇਬੰਦੀ ਨੇ ਨਾਹ ਕੀਤੀ
ਕਿਸਾਨ ਜਥੇਬੰਦੀਆਂ ਦੇ ਹੁਣ ਤਿੰਨ ਧੜੇ ਬਣ ਚੁੱਕੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਾਫੀ ਸਮਾਂ ਪਹਿਲਾਂ ਹੀ ਰੇਲ ਪਟੜੀਆਂ ਨੂੰ ਖਾਲੀ ਕਰ ਗਈ ਸੀ ਜਦਕਿ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਸਮੂਹ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਸਵਾਰੀ ਗੱਡੀਆਂ ਚਲਾਉਣ ਲਈ ਵੀ ਰੇਲ ਪਟੜੀਆਂ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਵਾਰੀ ਗੱਡੀਆਂ ਲਈ ਰੇਲ ਪਟੜੀਆਂ ਖਾਲੀ ਕਰਨ ਤੋਂ ਨਾਹ ਕਰ ਦਿੱਤੀ ਹੈ। 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਯਾਤਰੀ ਗੱਡੀਆਂ ਨੂੰ ਲਾਂਘਾ ਨਾ ਦੇਣ ਦਾ ਫ਼ੈਸਲਾ ਕਰ ਲਿਆ ਹੈ ਜਿਸ ਤੋਂ ਸਥਿਤੀ ਨਵਾਂ ਮੋੜ ਲੈ ਸਕਦੀ ਹੈ। ਇਸ ਧਿਰ ਦੀ ਅਗਵਾਈ ਵਿਚ ਕਿਸਾਨ ਜੰਡਿਆਲਾ ਗੁਰੂ ਦੇ ਰੇਲਵੇ ਪਾਰਕ ’ਚ ਡਟੇ ਹੋਏ ਹਨ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ 10 ਦਸੰਬਰ ਤੱਕ ਮਾਲ ਗੱਡੀਆਂ ਨੂੰ ਲਾਂਘਾ ਦਿੱਤਾ ਜਾਵੇਗਾ ਅਤੇ ਯਾਤਰੀ ਗੱਡੀਆਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। 

ਕਿਸਾਨ ਆਗੂ ਨੇ ਦਿੱਲੀ ਚੱਲੋ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ
26-27 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਦਿੱਲੀ ਚੱਲੋ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਲਈ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕਨਵੀਨਰ ਵੀ.ਐਮ. ਸਿੰਘ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਖ ਦਿੱਤਾ ਹੈ ਕਿ ਕਰੋਨਾਵਾਇਰਸ ਦੇ ਕੇਸ ਵਧਣ ਦੇ ਮੱਦੇਨਜ਼ਰ ਕਿਸਾਨ ਆਪੋ ਆਪਣੇ ਘਰਾਂ ਵਿਚ ਰਹਿ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਿਰ ਕਰਨ। ਇਸ ਤੋਂ ਬਾਅਦ ਕਿਸਾਨਾਂ ’ਚ ਭੰਬਲਭੂਸਾ ਪੈਦਾ ਹੋ ਗਿਆ। ਹਾਲਾਂਕਿ ਤੀਹ ਕਿਸਾਨ ਧਿਰਾਂ ਦੇ ਸੰਯੁਕਤ ਕਿਸਾਨ ਮੋਰਚਾ ਦੀ ਸੱਤ ਮੈਂਬਰੀ ਟੀਮ ਦੇ ਪੰਜ ਮੈਂਬਰਾਂ ਨੇ ਕੇਂਦਰ ਦੀ ਇਸ ਸ਼ੱਕੀ ਚਾਲ ਨੂੰ ਖੁੰਢਾ ਕਰ ਦਿੱਤਾ। ਸੱਤ ਮੈਂਬਰੀ ਤਾਲਮੇਲ ਕਮੇਟੀ ਦੇ ਪੰਜ ਮੈਂਬਰਾਂ ਦੇ ਨੁਮਾਇੰਦੇ ਵਜੋਂ ਬਲਵੀਰ ਸਿੰਘ ਰਾਜੇਵਾਲ ਅਤੇ ਤੀਹ ਕਿਸਾਨ ਧਿਰਾਂ ਵੱਲੋਂ ਡਾ. ਦਰਸ਼ਨ ਪਾਲ ਨੇ ਸਪੱਸ਼ਟ ਕੀਤਾ ਕਿ ‘ਦਿੱਲੀ ਚੱਲੋ’ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। 26 ਅਤੇ 27 ਨਵੰਬਰ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ। 

ਡਾ. ਦਰਸ਼ਨ ਪਾਲ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵੀਐਮ ਸਿੰਘ ਦਾ ਬਾਕੀ ਮੈਂਬਰਾਂ ਨਾਲ ਗੱਲ ਕੀਤੇ ਬਿਨਾਂ ਅਜਿਹੀ ਆਖ ਦੇਣਾ ਮੰਦਭਾਗਾ ਹੈ। ਇਨ੍ਹਾਂ ਮੈਂਬਰਾਂ ਨੇ ਕਿਹਾ ਹੈ ਕਿ 26 ਨਵੰਬਰ ਦੇ ਪ੍ਰੋਗਰਾਮ ਤਹਿਤ ਕਿਸਾਨ ਹੁੰਮ-ਹੁਮਾ ਕੇ ਦਿੱਲੀ ਪੁੱਜਣ। ਆਗੂਆਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ। ਵੇਰਵਿਆਂ ਮੁਤਾਬਕ ਪੰਜਾਬ ਦੀਆਂ ਕਿਸਾਨ ਧਿਰਾਂ ਵੱਲੋਂ ਹੁਣ ‘ਦਿੱਲੀ ਚੱਲੋ’ ਦੀ ਤਿਆਰੀ ਜੰਗੀ ਪੱਧਰ ਉਤੇ ਕੀਤੀ ਜਾ ਰਹੀ ਹੈ ਤੇ ਪਿੰਡਾਂ ’ਚ ਮੁਹਿੰਮ ਵਿੱਢ ਦਿੱਤੀ ਗਈ ਹੈ। ਤੀਹ ਕਿਸਾਨ ਧਿਰਾਂ ਨੇ ਆਪੋ ਆਪਣੇ ਪੱਧਰ ’ਤੇ ਪ੍ਰੋਗਰਾਮ ਉਲੀਕ ਲਏ ਹਨ। 

ਵੇਰਵਿਆਂ ਅਨੁਸਾਰ ਕਿਸਾਨ ਪੰਜਾਬ ਤੋਂ ਦਸ ਰਸਤਿਆਂ ਜ਼ਰੀਏ ਹਰਿਆਣਾ ਵਿਚ ਦਾਖ਼ਲ ਹੋਣਗੇ। ਹਰਿਆਣਾ ਸਰਕਾਰ ਨੇ ਰਾਹ ਨਾ ਰੋਕੇ ਤਾਂ ਕਿਸਾਨ ਹਰਿਆਣਾ ਤੋਂ ਦਿੱਲੀ ਨਾਲ ਲੱਗਦੇ ਪੰਜ ਰਸਤਿਆਂ ਰਾਹੀਂ ਕੌਮੀ ਰਾਜਧਾਨੀ ਵਿਚ ਦਾਖ਼ਲ ਹੋਣਗੇ। ਹਰਿਆਣਾ ਸਰਕਾਰ ਨੇ ਰੋਕਾਂ ਲਾਈਆਂ ਤਾਂ ਕਿਸਾਨ ਧਿਰਾਂ ਵੱਲੋਂ ਉੱਥੇ ਹੀ ਸੜਕ ਮਾਰਗ ’ਤੇ ਧਰਨੇ ਲਾ ਦਿੱਤੇ ਜਾਣਗੇ। ਕੇਂਦਰ ਸਰਕਾਰ ਜੇ ਸਾਰੇ ਰਾਹ ਰੋਕ ਵੀ ਲੈਂਦੀ ਹਾਂ ਤਾਂ ਵੀ ਕਿਸਾਨ ਦਿੱਲੀ ਦੇ ਜੰਤਰ ਮੰਤਰ ’ਤੇ ਸੰਕੇਤਕ ਪ੍ਰਦਰਸ਼ਨ ਕਰਨਗੇ ਜਿਸ ਬਾਰੇ ਰਣਨੀਤੀ ਘੜੀ ਗਈ ਹੈ। 

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਦੋ ਦਿਨ ਪਹਿਲਾਂ ਬਰਨਾਲਾ ਵਿਚ ਸੂਬਾ ਪੱਧਰੀ ਮੀਟਿੰਗ ਕਰ ਕੇ ਤਿਆਰੀ ਕਰ ਲਈ ਹੈ। ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨਾਂ ਅਤੇ ਔਰਤਾਂ ਦੇ ਹਜ਼ਾਰਾਂ ਦੇ ਇਕੱਠਾਂ ਵਾਲੇ ਜਥੇ ਦਿੱਲੀ ਵੱਲ ਰਵਾਨਾ ਹੋਣਗੇ ਜਿਸ ਬਾਰੇ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ‘ਪਿੰਡ ਜਗਾਓ, ਪਿੰਡ ਹਿਲਾਓ ਮੁਹਿੰਮ’ ਦੌਰਾਨ ਦੋ ਦਿਨਾਂ ਵਿਚ 10 ਜ਼ਿਲ੍ਹਿਆਂ ਦੇ 351 ਪਿੰਡਾਂ ਵਿੱਚ ਔਰਤ ਮੁਜ਼ਾਹਰੇ ਗਲੀ-ਗਲੀ ਕੀਤੇ ਗਏ ਹਨ ਅਤੇ ਦੇਰ ਸ਼ਾਮ ਨੂੰ ਨੌਜਵਾਨਾਂ ਦੇ ਮਸ਼ਾਲ ਮਾਰਚ ਵੀ ਕੀਤੇ ਜਾ ਰਹੇ ਹਨ। ਪਿੰਡਾਂ ਵਿਚ ਔਰਤਾਂ ਦੇ ਜਥਿਆਂ ਵੱਲੋਂ ਜਾਗੋ ਵੀ ਕੱਢੀ ਜਾ ਰਹੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪਿੰਡਾਂ ਵਿਚ ਮੋਦੀ ਹਕੂਮਤ ਵਿਰੁੱਧ ਅੰਤਾਂ ਦਾ ਰੋਹ ਅਤੇ ‘ਦਿੱਲੀ ਚੱਲੋ’ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਲਈ ਸੰਘਰਸ਼ ਫੰਡ, ਰਾਸ਼ਨ/ ਬਾਲਣ ਅਤੇ ਕੰਬਲ ਵਗੈਰਾ ਵੀ ਵਿੱਤ ਮੁਤਾਬਕ ਸਾਰਿਆਂ ਵੱਲੋਂ ਦਿਲ ਖੋਲ੍ਹ ਕੇ ਦਿੱਤੇ ਜਾ ਰਹੇ ਹਨ। 

26 ਨਵੰਬਰ ਨੂੰ 12 ਵਜੇ ਤੱਕ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਕਰਨ ਲਈ ਮਿੱਥੀਆਂ ਗਈਆਂ ਥਾਵਾਂ ਡੱਬਵਾਲੀ ਤੇ ਖਨੌਰੀ ਵਿਚ ਲੋਕਾਂ ਦੀ ਦੋ ਲੱਖ ਦੀ ਗਿਣਤੀ ਦਾ ਟੀਚਾ ਵਧਣ ਦੀ ਸੰਭਾਵਨਾ ਹੈ। ਪੰਜਾਬ ਭਰ ਦੀਆਂ ਤਿਆਰੀਆਂ ਦੇ ਠੋਸ ਜਾਇਜ਼ੇ 24 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਸੂਬਾਈ ਪ੍ਰੈੱਸ ਕਾਨਫ਼ਰੰਸ ਵਿੱਚ ਨਸ਼ਰ ਕੀਤੇ ਜਾਣਗੇ। 

ਦਿੱਲੀ ਦੇ ਪਿੰਡਾਂ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ

ਦਿੱਲੀ ਦੇ ਮੁੰਡਕਾ ’ਚ ਦਿਹਾਤ ਦੇਸੀ ਸੰਗਠਨ ਦੇ ਬੈਨਰ ਹੇਠ ਪੰਚਾਇਤ ਕੀਤੀ ਗਈ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਹਮਾਇਤ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਇਹ ਮੰਗ ਵੀ ਕੀਤੀ ਗਈ ਕਿ ਦੇਸ਼ ਦੇ ਕਿਸਾਨਾਂ ਨੂੰ ਐੱਮਐੱਸਪੀ ਦੀ ਗਾਰੰਟੀ ਦਿੱਤੀ ਜਾਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ 360 ਪਿੰਡ ਹਨ ਤੇ ਲਗਭਗ 125 ਪਿੰਡਾਂ ਦੇ ਕਿਸਾਨ ਅਜੇ ਵੀ ਖੇਤੀਬਾੜੀ ਕਰਦੇ ਹਨ। ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਕਿਹਾ ਕਿ ਉਹ ‘ਦਿੱਲੀ ਚੱਲੋ’ ਅੰਦੋਲਨ ਦਾ ਸਾਥ ਦੇਣਗੇ। ਸਾਰੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਇਸ ਲਈ ਕਾਰਪੋਰੇਟ ਦੇ ਚੁੰਗਲ ਤੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਹੋਰ ਰਾਜਾਂ ਦੇ ਅੰਦੋਲਨਕਾਰੀ ਕਿਸਾਨਾਂ ਨੂੰ ਬਚਾਉਣ ਲਈ ਦਿੱਲੀ ਦੇ ਕਿਸਾਨਾਂ ਦੀ ਵਿਥਿਆ ਦੱਸੀ ਜਾਣੀ ਚਾਹੀਦੀ ਹੈ।