ਪੈਨਸਿਲਵੇਨੀਆ ਵਿਚ ਕਾਨੂੰਨੀ ਲੜਾਈ ਹਾਰੇ ਟਰੰਪ, ਅਦਾਲਤ ਨੇ ਪਾਈ ਝਾੜ, ਪਟੀਸ਼ਨ ਰੱਦ

ਪੈਨਸਿਲਵੇਨੀਆ ਵਿਚ ਕਾਨੂੰਨੀ ਲੜਾਈ ਹਾਰੇ ਟਰੰਪ, ਅਦਾਲਤ ਨੇ ਪਾਈ ਝਾੜ, ਪਟੀਸ਼ਨ ਰੱਦ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਪੈਨਸਿਲਵੇਨੀਆ ਦੀ ਇਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਚੋਣ ਨਤੀਜ਼ੇ ਦੀ ਪੁਸ਼ਟੀ ਕਰਨ ਉਪਰ ਰੋਕ ਲਾਉਣ ਦੀ ਕੀਤੀ ਗਈ ਬੇਨਤੀ ਮੂਲੋਂ ਹੀ ਰੱਦ ਕਰ ਦਿੱਤੀ ਹੈ। ਟਰੰਪ ਦੇ ਵਕੀਲਾਂ ਵੱਲੋਂ ਦਰਜ ਅਪੀਲ ਵਿਚ ਮੰਗ ਕੀਤੀ ਗਈ ਸੀ ਕਿ ਪੈਨਸਿਲਵੇਨੀਆ ਦੇ ਚੋਣ ਨਤੀਜ਼ੇ ਦੀ ਪੁਸ਼ਟੀ ਨੂੰ ਰੋਕਣ ਬਾਰੇ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਉਹ ਚੋਣਾਂ ਵਿਚ ਹੋਈ ਧਾਂਦਲੀ ਤੇ ਗਲਤ ਵੋਟਾਂ ਦੀ ਗਿਣਤੀ ਸਬੰਧੀ ਆਪਣੇ ਦਾਅਵੇ ਦੇ ਸਮਰਥਨ ਵਿਚ ਸਬੂਤ ਇਕੱਠੇ ਕਰ ਸਕਣ। 

ਯੂ.ਐਸ ਡਿਸਟ੍ਰਿਕਟ ਕੋਰਟ ਦੇ ਜੱਜ ਮੈਥੀਊ ਬਰਾਨ ਨੇ ਦਿੱਤੇ ਸਖਤ ਫੈਸਲੇ ਵਿਚ ਬਿਨਾਂ ਸਬੂਤਾਂ ਦੇ ਪਟੀਸ਼ਨ ਦਾਇਰ ਕਰਨ ਲਈ ਟਰੰਪ ਪੱਖ ਨੂੰ ਝਾੜ ਪਾਈ। ਜੱਜ ਨੇ ਸਮੁੱਚੇ ਤੌਰ 'ਤੇ ਟਰੰਪ ਪੱਖ ਵੱਲੋਂ ਦਾਇਰ ਕੇਸ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਦੋ ਰਿਪਬਲੀਕਨ ਵੋਟਰਾਂ ਵੱਲੋਂ ਦਾਇਰ ਦਾਅਵਾ ਵੀ ਰੱਦ ਕਰ ਦਿੱਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀਆਂ ਵੋਟਾਂ ਤਕਨੀਕੀ ਆਧਾਰ 'ਤੇ ਰੱਦ ਕਰ ਦਿੱਤੀਆਂ ਗਈਆਂ ਹਨ ਜਦ ਕਿ ਡੈਮੋਕਰੇਟਸ ਦੇ ਗੜ ਵਾਲੇ ਖੇਤਰ ਵਿਚ ਪਈਆਂ ਹਜਾਰਾਂ ਵੋਟਾਂ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਜੱਜ ਨੇ ਆਪਣੇ 37 ਸਫ਼ਿਆਂ ਦੇ ਫੈਂਸਲੇ ਵਿਚ ਲਿਖਿਆ ਹੈ ਕਿ ਉਸ ਨੂੰ ਪਟੀਸ਼ਨ ਵਿਚ ਅਜਿਹਾ ਕੋਈ ਕਾਰਨ ਨਹੀਂ ਮਿਲਿਆ ਜਿਸ ਦੇ ਆਧਾਰ 'ਤੇ ਦਾਅਵੇ ਨੂੰ ਜਾਇਜ਼ ਕਿਹਾ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਦਰਜ ਦਾਅਵੇ ਨੂੰ ਰੱਦ ਕਰਨ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ। 

ਅਦਾਲਤ ਦੇ ਫੈਂਸਲੇ ਨੇ ਟਰੰਪ ਸਮਰਥਕਾਂ ਦੀਆਂ ਪੈਨਸਿਲਵੇਨੀਆ ਸਮੇਤ ਪ੍ਰਮੁੱਖ ਰਾਜਾਂ ਵਿਚ ਨਤੀਜ਼ਿਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਨੂੰ ਠਲ ਪਾ ਦਿੱਤੀ ਹੈ। ਪੈਨਸਿਲਵੇਨੀਆ ਵਿਚ ਚੋਣ ਨਤੀਜ਼ੇ ਦੀ ਪੁਸ਼ਟੀ ਕਰਨ ਦਾ ਆਖਰੀ ਸਮਾਂ ਸੋਮਵਾਰ ਤੱਕ ਦਾ ਹੈ। ਅਦਾਲਤ ਦੇ ਫੈਂਸਲੇ ਨਾਲ ਚੋਣ ਨਤੀਜ਼ੇ ਦੀ ਪੁਸ਼ਟੀ ਕਰਨ ਦਾ ਰਾਹ ਸਾਫ ਹੋ ਗਿਆ ਹੈ। ਪੈਨਸਿਲਵੇਨੀਆ ਦੀਆਂ 20 ਵੋਟਾਂ ਜਿੱਤਣ ਉਪਰੰਤ ਜੋਅ ਬਾਇਡੇਨ ਲੋੜੀਦੀਆਂ 270 ਵੋਟਾਂ ਲੈ ਗਏ ਸਨ। 

ਪਿਛਲੇ ਦਿਨ ਜਾਰਜੀਆ ਦੀ ਮੁੜ ਗਿਣਤੀ ਵਿਚ ਵੀ ਉਹ ਜੇਤੂ ਰਹੇ ਹਨ ਤੇ ਉਨ੍ਹਾਂ ਦੀਆਂ ਕੁਲ ਇਲੈਕਟੋਰਲ ਵੋਟਾਂ 306 ਹੋ ਗਈਆਂ ਹਨ ਜਦ ਕਿ ਟਰੰਪ ਦੀਆਂ ਕੁਲ 232 ਇਲੈਕਟੋਰਲ ਵੋਟਾਂ ਹਨ। ਇਸੇ ਦੌਰਾਨ ਅਗਲੇ ਸਾਲ 20 ਜਨਵਰੀ ਨੂੰ ਜੋਅ ਬਾਇਡੇਨ ਵੱਲੋਂ ਸਹੁੰ ਚੁੱਕਣ ਲਈ ਡੈਮੋਕਰੇਟਸ ਵੱਲੋਂ ਤਿਆਰੀਆਂ ਜਾਰੀ ਹਨ।  

ਨਤੀਜ਼ੇ ਤਾਂ ਨਤੀਜ਼ੇ ਹਨ-ਸਕੱਤਰ
ਜਾਰਜੀਆ ਦੇ ਸਕੱਤਰ ਬਰਾਡ ਰਾਫਨਸਪਰਜਰ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਦੇ ਹਨ। ਸਕੱਤਰ ਬਰਾਡ ਜਿਨਾਂ ਨੇ ਜਾਰਜੀਆ ਦੀਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਈ ਨੇ ਕਿਹਾ ਹੈ ਕਿ, "ਮੈਂ ਉਮੀਦ ਕਰਦਾ ਸੀ ਕਿ ਟਰੰਪ ਜਾਰਜੀਆ ਵਿਚੋਂ ਜਿੱਤ ਜਾਣਗੇ। ਮੈਂ ਉਨ੍ਹਾਂ ਨੂੰ ਵੋਟ ਪਾਈ ਹੈ। ਪਰ ਨਤੀਜ਼ਾ ਤਾਂ ਨਤੀਜ਼ਾ ਹੈ, ਉਸ ਨੂੰ ਬਦਲਿਆ ਨਹੀਂ ਜਾ ਸਕਦਾ।" 

ਦੁਬਾਰਾ ਵੋਟਾਂ ਦੀ ਗਿਣਤੀ ਦਾ ਨਤੀਜ਼ਾ ਐਲਾਨਣ ਤੋਂ ਬਾਅਦ ਰਿਪਬਲੀਕਨਾਂ ਵੱਲੋਂ ਬਰਾਡ ਰਾਫਨਸਪਰਜਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦੀ ਪਤਨੀ ਨੂੰ ਟੈਕਸਟ ਸੁਨੇਹੇ ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਅਲੋਚਕਾਂ ਦਾ ਕਹਿਣਾ ਹੈ ਕਿ ਇਹ ਧਮਕੀਆਂ ਰਾਸ਼ਟਰਪਤੀ ਟਰੰਪ ਵੱਲੋਂ ਬਣਾਏ ਗਏ ਮਾਹੌਲ ਦਾ ਹੀ ਸਿੱਟਾ ਹਨ।