ਲਾਕਡਾਊਨ ਦੀ ਪੰਜਾਬ ਦੇ ਕਿਸਾਨ 'ਤੇ ਦੋਹਰੀ ਮਾਰ: ਦੁੱਧ ਦਾ ਮੁੱਲ ਘਟਿਆ, ਫੀਡ ਦਾ ਵਧਿਆ

ਲਾਕਡਾਊਨ ਦੀ ਪੰਜਾਬ ਦੇ ਕਿਸਾਨ 'ਤੇ ਦੋਹਰੀ ਮਾਰ: ਦੁੱਧ ਦਾ ਮੁੱਲ ਘਟਿਆ, ਫੀਡ ਦਾ ਵਧਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਲੱਗੇ ਲਾਕਡਾਊਨ ਨੇ ਪੰਜਾਬ ਦੀ ਕਿਸਾਨੀ ਨਾਲ ਜੁੜੇ ਦੁੱਧ ਉਦਯੋਗ ਨੂੰ ਵੱਡੀ ਸੱਟ ਮਾਰੀ ਹੈ। ਲਾਕਡਾਊਨ ਕਰਕੇ ਜਿੱਥੇ ਦੁੱਧ ਦੀ ਖਪਤ ਘਟ ਗਈ ਹੈ, ਉੱਥੇ ਦੁੱਧ ਦੇ ਖਰੀਦ ਰੇਟ ਵੀ ਘਟਾ ਦਿੱਤੇ ਗਏ ਹਨ, ਨਾਲ ਹੀ ਪਸ਼ੂਆਂ ਦੀ ਖੁਰਾਕ ਜਿਵੇਂ ਫੀਡ ਆਦਿ ਦੇ ਰੇਟ ਪਹਿਲਾਂ ਨਾਲੋਂ ਵੱਧ ਗਏ ਹਨ। ਪਹਿਲਾਂ ਹੀ ਆਰਥਿਕ ਕੰਗਾਲੀ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਕਿਸਾਨੀ ਲਈ ਬਿਨ੍ਹਾਂ ਕਿਸੇ ਸਰਕਾਰੀ ਮਦਦ ਤੋਂ ਇਸ ਮੰਦੀ ਵਿਚੋਂ ਨਿਕਲਣਾ ਔਖਾ ਹੋ ਸਕਦਾ ਹੈ। 

ਦੁੱਧ ਉਤਪਾਦਨ ਨਾਲ ਜੁੜੇ ਨੌਜਵਾਨ ਕਿਸਾਨ ਅਤੇ ਵਿਦਿਆਰਥੀ ਜੁਝਾਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕੁੱਲ ਦੁੱਧ ਵਿਚੋਂ 30 ਫੀਸਦ ਦੇ ਕਰੀਬ ਹੀ ਸਰਕਾਰੀ ਪਲਾਂਟਾਂ ਜਿਵੇਂ ਮਿਲਕਫੈੱਡ ਜਾਂ ਵੇਰਕਾਂ ਨੂੰ ਜਾਂਦਾ ਸੀ, ਬਾਕੀ ਦੁੱਧ ਪ੍ਰਾਈਵੇਟ ਪਲਾਂਟਾਂ, ਹਲਵਾਈਆਂ ਅਤੇ ਘਰੇਲੂ ਖਪਤ ਵਾਸਤੇ ਜਾਂਦਾ ਸੀ। ਉਹਨਾਂ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਹਾਲਾਤ ਇਹ ਹਨ ਕਿ ਸਿਰਫ ਸਰਕਾਰੀ ਪਲਾਂਟਾਂ ਵਾਲੇ ਦੁੱਧ ਦੇ ਰੇਟ ਵਿਚ ਹੀ ਨਾ-ਮਾਤਰ ਕਮੀ ਆਈ ਹੈ, ਪਰ ਪ੍ਰਾਈਵੇਟ ਪਲਾਂਟਾਂ ਵਾਲਿਆਂ ਨੇ ਦੁੱਧ ਦਾ ਰੇਟ ਪਹਿਲਾਂ ਨਾਲੋਂ ਅੱਧਾ ਕਰ ਦਿੱਤਾ ਹੈ। 

ਉਹਨਾਂ ਦੱਸਿਆ ਕਿ ਪ੍ਰਾਈਵੇਟ ਪਲਾਂਟਾਂ ਵਿਚ ਆਮ ਮੱਝ ਦਾ ਦੁੱਧ 6.5 ਫੈਂਟ ਦੀ ਦਰ 'ਤੇ ਵਿਕਦਾ ਹੈ ਜਿਸਦੀ ਕੀਮਤ ਪਹਿਲਾਂ 7 ਰੁਪਏ ਫੈਂਟ ਦੇ ਹਿਸਾਬ ਨਾਲ 45 ਰੁਪਏ ਦੇ ਕਰੀਬ ਬਣਦੀ ਸੀ, ਜਦਕਿ ਹੁਣ ਇਸ ਕੀਮਤ ਨੂੰ 7 ਰੁਪਏ ਤੋਂ ਘਟਾ ਕੇ 4 ਰੁਪਏ ਕਰ ਦਿੱਤਾ ਗਿਆ ਹੈ ਤੇ ਕਿਸਾਨਾਂ ਤੋਂ ਦੁੱਧ 45 ਰੁਪਏ ਦੀ ਬਜਾਏ 27 ਰੁਪਏ ਪ੍ਰਤੀ ਲੀਟਰ ਲਿਆ ਜਾ ਰਿਹਾ ਹੈ। 

ਉਹਨਾਂ ਦੱਸਿਆ ਕਿ ਸਰਕਾਰੀ ਡਾਇਰੀਆਂ ਵਾਲੇ ਪਹਿਲਾਂ ਚਲਦੇ ਖਾਤਿਆਂ ਦਾ ਹੀ ਦੁੱਧ ਚੁੱਕ ਰਹੇ ਹਨ ਜਿਸ ਕਰਕੇ ਬਾਕੀ ਕਿਸਾਨਾਂ ਨੂੰ ਘਾਟਾ ਖਾ ਕੇ ਇਸ ਘੱਟ ਰੇਟ 'ਤੇ ਪ੍ਰਾਈਵੇਟ ਪਲਾਂਟਾਂ ਨੂੰ ਦੁੱਧ ਵੇਚਣਾ ਪੈ ਰਿਹਾ ਹੈ। ਜੁਝਾਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਉਹਨਾਂ ਇਸ ਬਾਰੇ ਗੱਲ ਕੀਤੀ ਤੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ, ਪਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਈ ਹੱਲ ਨਾ ਹੋਣ ਦੀ ਗੱਲ ਕਹਿ ਕੇ ਸਾਫ ਪੱਲਾ ਝਾੜ ਲਿਆ। 

ਜੁਝਾਰ ਸਿੰਘ ਨੇ ਦੱਸਿਆ ਕਿ ਜਿੱਥੇ ਦੁੱਧ ਦੇ ਰੇਟ ਹੇਠ ਡਿਗੇ ਹਨ ਉੱਥੇ ਲਾਕਡਾਊਨ ਕਰਕੇ ਸਪਲਾਈ ਬੰਦ ਹੋਣ ਦੇ ਬਹਾਨੇ ਪਸ਼ੂਆਂ ਦੀ ਖੁਰਾਕ ਦੇ ਰੇਟ ਵਧਾ ਦਿੱਤੇ ਹਨ। ਉਹਨਾਂ ਦੱਸਿਆ ਕਿ ਫੀਡ ਦੀ ਕੀਮਤ ਵਿਚ 100 ਰੁਪਏ ਤੋਂ 150 ਰੁਪਏ ਪ੍ਰਤੀ ਥੈਲਾ ਵਾਧਾ ਕੀਤਾ ਗਿਆ ਹੈ। ਫੀਡ ਦੇ ਰੇਟ ਵਧਣ ਕਰਕੇ ਕਿਸਾਨਾਂ ਵੱਲੋਂ ਪਸ਼ੂਆਂ ਦੀ ਖੁਰਾਕ ਘਟਾਉਣਾ ਇਕ ਮਜ਼ਬੂਰੀ ਬਣ ਜਾਵੇਗਾ ਜਿਸ ਨਾਲ ਪਸ਼ੂਆਂ ਦੀ ਸਿਹਤ 'ਤੇ ਵੀ ਗੰਭੀਰ ਅਸਰ ਪੈਣ ਦਾ ਖਤਰਾ ਹੈ। 

ਜਿੱਥੇ ਕਿਸਾਨ ਇਸ ਲਾਕਡਾਊਨ ਨਾਲ ਘਾਟਾ ਝੱਲ ਰਿਹਾ ਹੈ ਉੱਥੇ ਮਿਲਕ ਪਲਾਂਟ ਘੱਟ ਰੇਟ 'ਤੇ ਦੁੱਧ ਇਕੱਠਾ ਕਰਕੇ ਇਸ ਨੂੰ ਜਮ੍ਹਾ ਕਰ ਲੈਣਗੇ ਤੇ ਆਉਂਦੇ ਸਮੇਂ ਸੁੱਕੇ ਦੁੱਧ ਦੇ ਰੂਪ ਵਿਚ ਵੱਧ ਰੇਟਾਂ 'ਤੇ ਵੇਚ ਵੱਡਾ ਮੁਨਾਫਾ ਖੱਟਣਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।