ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਪਾਸ ਜਾਰੀ ਕਰਨ ਲਈ ਓਲਾ ਐਪ ਦੀ ਮਦਦ ਲਈ ਜਾਵੇਗੀ

ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਪਾਸ ਜਾਰੀ ਕਰਨ ਲਈ ਓਲਾ ਐਪ ਦੀ ਮਦਦ ਲਈ ਜਾਵੇਗੀ

ਚੰਡੀਗੜ੍ਹ: ਪੰਜਾਬ ਵਿਚ ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ ਤੇ ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਦਰਮਿਆਨ ਮੰਡੀਆਂ ਨੂੰ ਚਲਾਉਣ ਦਾ ਬੜਾ ਵੱਡਾ ਮਸਲਾ ਪੰਜਾਬ ਸਰਕਾਰ ਦੇ ਸਾਹਮਣੇ ਹੈ। ਇਸ ਲਈ ਸਰਕਾਰ ਵੱਲੋਂ ਇਕ ਕਾਗਜ਼ੀ ਨੀਤੀ ਤਿਆਰ ਕਰ ਲਈ ਗਈ ਹੈ ਪਰ ਇਹ ਜ਼ਮੀਨੀ ਪੱਧਰ 'ਤੇ ਕਿੰਨੀ ਸਾਰਥਕ ਰਹਿੰਦੀ ਹੈ ਇਹ ਆਉਣ ਵਾਲੇ ਦਿਨਾਂ ਵਿਚ ਹੀ ਪਤਾ ਲੱਗੇਗਾ। 

ਸਰਕਾਰ ਨੇ ਮੰਡੀਆਂ ਨੂੰ ਬਿਨ੍ਹਾਂ ਭੀੜ ਇਕੱਠੀ ਕੀਤਿਆਂ ਸਹੀ ਢੰਗ ਨਾਲ ਚਲਾਉਣ ਲਈ ਇਕ ਹੋਰ ਨਵਾਂ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਲਈ ਟੈਕਸੀ ਬੁੱਕ ਕਰਾਉਣ ਵਾਲੀ ਓਲਾ ਐਪ ਦੀ ਮਦਦ ਲਈ ਜਾ ਰਹੀ ਹੈ। ਓਲਾ ਕੰਪਨੀ ਵੱਲੋਂ ਪੰਜਾਬ ਸਰਕਾਰ ਲਈ ਇਕ ਐਪ ਤਿਆਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਪੰਜਾਬ ਮੰਡੀ ਬੋਰਡ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਲਿਆਉਣ ਲਈ ਆਨਲਾਈਨ ਪਾਸ ਜਾਰੀ ਕਰੇਗਾ। ਇਸ ਐਪ ਰਾਹੀਂ ਕਿਸਾਨਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਮੰਡੀ ਵਿਚ ਕਿੰਨੀ ਭੀੜ ਹੈ ਤਾਂ ਕਿ ਕਿਸਾਨ ਸਹੀ ਸਮੇਂ ਆਪਣੀ ਫਸਲ ਮੰਡੀ ਲਿਜਾ ਸਕੇ।

ਇਸ ਐਪ ਰਾਹੀਂ ਪਾਸ ਜਾਰੀ ਕਰਨ ਦੇ ਹੱਕ ਮਾਰਕੀਟ ਕਮੇਟੀ ਦੇ ਸਕੱਤਰਾਂ ਰਾਹੀਂ ਖਰੀਦ ਕੇਂਦਰਾਂ ਅਤੇ ਆੜਤੀਆਂ ਨੂੰ ਦਿੱਤੇ ਜਾਣਗੇ। ਹਰ ਆੜਤੀਆ ਇਕ ਟਰਾਲੀ ਲਈ ਇਕ ਪਾਸ ਜਾਰੀ ਕਰ ਸਕੇਗਾ। ਇਸ ਪਾਸ 'ਤੇ ਕਣਕ ਮੰਡੀ ਲਿਆਉਣ ਦੀ ਤਰੀਕ ਤੈਅ ਹੋਵੇਗੀ ਅਤੇ ਇਹ ਪਾਸ ਇਸ ਤੈਅ ਤਰੀਕ ਤੋਂ ਤਿੰਨ ਦਿਨ ਪਹਿਲਾਂ ਆੜਤੀਏ ਨੂੰ ਜਾਰੀ ਕੀਤਾ ਜਾਵੇਗਾ। 

ਵਧੀਕ ਮੁੱਖ ਸਕੱਤਰ, ਡਿਵੈਲਪਮੈਂਟ ਵਿਸ਼ਵਜੀਤ ਖੰਨਾ ਨੇ ਦੱਸਿਆ ਕਿ ਇਸ ਐਪ ਤੋਂ ਇਲਾਵਾ ਐਸਐਮਐਸ ਰਾਹੀਂ ਵੀ ਪਾਸ ਜਾਰੀ ਕੀਤੇ ਜਾਣਗੇ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।