ਇਮਰਾਨ ਖਾਨ ਨੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ

ਇਮਰਾਨ ਖਾਨ ਨੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ

ਨਨਕਾਣਾ ਸਾਹਿਬ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅੱਜ ਸਿੱਖਾਂ ਨੂੰ ਵੱਡਾ ਤੋਹਫਾ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਵਿਖੇ ਬਣਨ ਵਾਲੀ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਵੱਡੇ ਪੱਧਰ 'ਤੇ ਰੱਖੇ ਗਏ ਇਸ ਸਮਾਗਮ ਵਿੱਚ ਪਾਕਿਸਤਾਨ ਦੇ ਕਈ ਕੇਂਦਰੀ ਮੰਤਰੀਆਂ ਅਤੇ ਪੰਜਾਬ ਦੇ ਕਈ ਮੰਤਰੀਆਂ ਸਮੇਤ ਕਈ ਉੱਚ ਸਖਸ਼ੀਅਤਾਂ ਸ਼ਾਮਿਲ ਹੋਈਆਂ। 

ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਦਿਆਂ ਇਮਰਾਨ ਖਾਨ ਨੇ ਕਿਹਾ, "ਅੱਜ ਅਸੀਂ ਇੱਕ ਬਹੁਤ ਅਹਿਮ ਕਦਮ ਚੁੱਕਿਆ ਹੈ।" ਇਮਰਾਨ ਖਾਨ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਕੀਤੇ ਜਾ ਰਹੇ ਜ਼ੁਲਮਾਂ ਦੇ ਬਾਵਜੂਦ ਉਹਨਾਂ ਦੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ 'ਤੇ ਕਈ ਵਿਰੋਧੀ ਆਗੂਆਂ ਨੇ ਸਵਾਲ ਚੁੱਕੇ ਹਨ, ਪਰ ਕਰਤਾਰਪੁਰ ਸਾਹਿਬ ਸਿੱਖਾਂ ਲਈ ਉਹਨਾਂ ਦਾ ਮਦੀਨਾ ਹੈ ਅਤੇ ਨਨਕਾਣਾ ਸਾਹਿਬ ਸਿੱਖਾਂ ਲਈ ਮੱਕਾ ਹੈ। ਉਹਨਾਂ ਕਿਹਾ, "ਸਾਡੇ ਰਿਸ਼ਤੇ ਭਾਵੇਂ ਕਿੰਨੇ ਵੀ ਮਾੜੇ ਹੋ ਜਾਣ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸੇਵਕਾਂ ਨੂੰ ਰੋਕ ਨਹੀਂ ਸਕਦੇ।"

ਇਮਰਾਨ ਖਾਨ ਨੇ ਕਿਹਾ ਕਿ ਜਿਵੇਂ ਸਾਊਦੀ ਅਰਬ ਦੇ ਰਾਜਨੀਤਕ ਰਿਸ਼ਤੇ ਭਾਵੇਂ ਕਿਸੇ ਮੁਸਲਿਮ ਦੇਸ਼ ਨਾਲ ਜਿੰਨ੍ਹੇ ਮਰਜ਼ੀ ਮਾੜੇ ਹੋਣ ਉਹ ਕਿਸੇ ਮੁਸਲਿਮ ਨੂੰ ਮੱਕਾ ਤੇ ਮਦੀਨਾ ਜਾਣ ਤੋਂ ਨਹੀਂ ਰੋਕ ਸਕਦੇ ਉਸੇ ਤਰ੍ਹਾਂ ਪਾਕਿਸਤਾਨ ਕਿਸੇ ਸਿੱਖ ਨੂੰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਆਉਣ ਤੋਂ ਨਹੀਂ ਰੋਕ ਸਕਦਾ। 

ਆਪਣੇ ਭਾਸ਼ਣ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਦੁਨੀਆ ਸਿਰਫ ਇਨਸਾਨੀਅਤ ਲਈ ਚੰਗੇ ਕਾਰਜ ਕਰਨ ਵਾਲੇ ਪੀਰਾਂ, ਪੈਗੰਬਰਾਂ ਅਤੇ ਮਹਾਨ ਲੋਕਾਂ ਨੂੰ ਹੀ ਯਾਦ ਕਰਦੀ ਹੈ, ਹੋਰ ਅਮੀਰ ਲੋਕਾਂ ਨੂੰ ਦੁਨੀਆ ਭੁੱਲ ਜਾਂਦੀ ਹੈ। 

ਦੱਸ ਦਈਏ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ 9 ਨਵੰਬਰ ਨੂੰ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ ਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।