ਬਹਿਬਲ ਕਲਾਂ ਦਾ ਇਨਸਾਫ: ਬੇਇਨਸਾਫੀ ਦੇ ਆਲਮ ਵਿਚ ਸੌੜੀ ਸਿਆਸਤ ਦਾ ਬੋਲਬਾਲਾ

ਬਹਿਬਲ ਕਲਾਂ ਦਾ ਇਨਸਾਫ: ਬੇਇਨਸਾਫੀ ਦੇ ਆਲਮ ਵਿਚ ਸੌੜੀ ਸਿਆਸਤ ਦਾ ਬੋਲਬਾਲਾ

ਫਰੀਦਕੋਟ: ਬੀਤੇ ਦਿਨੀਂ ਬਹਿਬਲ ਕਲਾਂ ਸਾਕੇ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਮਗਰੋਂ ਉੱਠੇ ਰਾਜਨੀਤਕ ਖਿੱਚੋਤਾਣ ਦੇ ਮਾਹੌਲ ਤੋਂ ਬਾਅਦ ਅੱਗੇ ਆਉਂਦਿਆਂ ਇਸ ਘਟਨਾ ਦੇ ਹੋਰ ਚਸ਼ਮਦੀਦ ਗਵਾਹਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ’ਤੇ ਸਿਆਸਤ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਬਹਿਬਲ, ਕੋਟਕਪੂਰਾ ਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਆਪਣੀ ਸਿਆਸਤ ਚਮਕਾ ਰਹੀਆਂ ਹਨ। ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ 14 ਅਕਤੂਬਰ 2015 ਤੋਂ ਲੈ ਕੇ ਹੁਣ ਤੱਕ ਕਈ ਮੁਸੀਬਤਾਂ ਝੱਲੀਆਂ ਹਨ ਜਦੋਂਕਿ ਸਿਆਸੀ ਪਾਰਟੀਆਂ ਇਨ੍ਹਾਂ ਮੁੱਦਿਆਂ ’ਤੇ ਵੋਟ ਦੀ ਰਾਜਨੀਤੀ ਕਰ ਰਹੀਆਂ ਹਨ।

ਬਹਿਬਲ ਕਲਾਂ ਸਾਕੇ ਦੇ ਮੁੱਖ ਗਵਾਹ ਹਾਕਮ ਸਿੰਘ ਸੇਖੋਂ, ਗੁਰਦਿੱਤ ਸਿੰਘ, ਅੰਗਰੇਜ਼ ਸਿੰਘ, ਬਲਕਰਨ ਸਿੰਘ, ਗੁਰਪ੍ਰੀਤ ਸਿੰਘ, ਬਰਮਾ ਸਿੰਘ, ਰਣਜੀਤ ਸਿੰਘ ਅਤੇ ਬੇਅੰਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇਕੱਲੇ ਸੁਰਜੀਤ ਸਿੰਘ ਨੂੰ ਬਹਿਬਲ ਕਾਂਡ ਦਾ ਮੁੱਖ ਗਵਾਹ ਦੱਸ ਕੇ ਇਸ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਉਹ ਬਹਿਬਲ ਕਲਾਂ ਸਾਕੇ ਦੇ ਚਸ਼ਮਦੀਦ ਗਵਾਹ ਹਨ ਅਤੇ ਉਹ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਕਾਟਜੂ, ਜਸਟਿਸ ਜੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਗਵਾਹ ਵਜੋਂ ਪੇਸ਼ ਹੋ ਚੁੱਕੇ ਹਨ ਜਦੋਂਕਿ 15 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਫੌਤ ਹੋਏ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਗਵਾਹ ਵਜੋਂ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਦੀ ਮੌਤ ਮਗਰੋਂ ਪੈਦਾ ਹੋਇਆ ਵਿਵਾਦ ਸਿਆਸਤ ਤੋਂ ਪ੍ਰੇਰਿਤ ਹੈ। ਸੁਰਜੀਤ ਸਿੰਘ ਉੱਪਰ ਕਿਸੇ ਖ਼ਾਸ ਵਿਅਕਤੀ ਦੇ ਹੱਕ ਵਿਚ ਗਵਾਹੀ ਦੇਣ ਦਾ ਕੋਈ ਦਬਾਅ ਨਹੀਂ ਸੀ। ਜੇ ਕਿਸੇ ਧਿਰ ਵੱਲੋਂ ਗਵਾਹਾਂ ਉੱਪਰ ਦਬਾਅ ਵਾਲੀ ਕੋਈ ਗੱਲ ਹੁੰਦੀ ਤਾਂ ਇਹ ਦਬਾਅ ਸਾਰੇ ਗਵਾਹਾਂ ਉੱਪਰ ਹੁੰਦਾ। 

ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਛਾਪਾ ਇਕੱਲੇ ਸੁਰਜੀਤ ਸਿੰਘ ਦੇ ਘਰ ਨਹੀਂ, ਸਗੋਂ ਪਿੰਡ ਵਿਚ ਅੱਠ ਘਰਾਂ ਵਿਚ ਮਾਰਿਆ ਗਿਆ ਸੀ ਅਤੇ ਇਹ ਬਦਲੇ ਦੀ ਭਾਵਨਾ ਨਾਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਵਿਵਾਦਾਂ ਉੱਪਰ ਸਿਆਸਤ ਕਰਨ ਦੀ ਥਾਂ ਇਨਸਾਫ਼ ਲਈ ਚਾਰਾਜੋਈ ਕਰਨ। ਦੱਸਣਯੋਗ ਹੈ ਕਿ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਸੁਰਜੀਤ ਸਿੰਘ ਦੀ ਮੌਤ ਮਗਰੋਂ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਉੱਪਰ ਕੁਝ ਪੁਲੀਸ ਅਫਸਰਾਂ ਨੂੰ ਬਚਾਉਣ ਲਈ ਗਵਾਹੀ ਦੇਣ ਦਾ ਦਬਾਅ ਸੀ ਅਤੇ ਇਸੇ ਪ੍ਰੇਸ਼ਾਨੀ ਕਰਕੇ ਉਸ ਦੀ ਮੌਤ ਹੋਈ ਹੈ। ਜਸਵੀਰ ਕੌਰ ਇਸ ਮੁੱਦੇ ’ਤੇ ਮੁੱਖ ਮੰਤਰੀ ਨੂੰ ਵੀ ਮਿਲ ਚੁੱਕੀ ਹੈ। ਜਸਵੀਰ ਕੌਰ ਨੇ ਇਕ ਦਿਨ ਪਹਿਲਾਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਨ੍ਹਾਂ ਦੋਹਾਂ ਆਗੂਆਂ ਵੱਲੋਂ ਵੀ ਉਸ ਦੇ ਪਤੀ ’ਤੇ ਗਵਾਹੀ ਨਾ ਦੇਣ ਦਾ ਦਬਾਅ ਪਾਇਆ ਜਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਬਾਦਲ ਪਰਿਵਾਰ ਦੀ ਹਕੂਮਤ ਵੇਲੇ ਵਾਪਰੇ ਇਸ ਸਾਕੇ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬਾਦਲ ਪਰਿਵਾਰ ਦੀ ਹਾਰ ਨੂੰ ਯਕੀਨੀ ਬਣਾਉਣ 'ਚ ਅਹਿਮ ਰੋਲ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਚੋਣ ਰੈਲੀਆਂ 'ਚ ਇਸ ਸਾਕੇ ਦੇ ਇਨਸਾਫ ਦਾ ਵਾਰ ਵਾਰ ਵਾਅਦਾ ਕੀਤਾ ਸੀ। ਪਰ ਹੁਣ ਜਦੋਂ ਸਰਕਾਰ ਬਣੀ ਨੂੰ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹੈ ਤਾਂ ਵੀ ਇਸ ਸਾਕੇ ਦੀ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ ਹੈ। ਜਾਂਚ ਲਮਕਾਉਣ ਕਾਰਨ ਹੁਣ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਮਸਲੇ 'ਤੇ ਨਵੀਂ ਰਾਜਨੀਤਕ ਖੇਡ ਖੇਡੀ ਜਾ ਰਹੀ ਹੈ ਤੇ ਜੇ ਕੈਪਟਨ ਸਰਕਾਰ ਜਲਦ ਇਸ ਸਾਕੇ ਦਾ ਇਨਸਾਫ ਨਹੀਂ ਕਰਦੀ ਤਾਂ ਬਾਦਲ ਵਾਂਗ ਕੈਪਟਨ ਨੂੰ ਵੀ ਸਿੱਖ ਵਿਰੋਧ ਦਾ ਸੇਕ ਲੱਗ ਸਕਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।