ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਜ਼ਹਿਰ ਕਿਉਂ ਉਗਲਿਆ ਜਾ ਰਿਹਾ ? 

ਸੰਤ ਭਿੰਡਰਾਂਵਾਲਿਆਂ ਖ਼ਿਲਾਫ਼ ਜ਼ਹਿਰ ਕਿਉਂ ਉਗਲਿਆ ਜਾ ਰਿਹਾ ? 

 

ਦਿੱਲੀ ਦੀਆਂ ਬਰੂਹਾਂ ’ਤੇ ਅੱਠ ਮਹੀਨਿਆਂ ਤੋਂ ਚਲ ਰਹੇ ਕਿਸਾਨੀ ਮੋਰਚੇ ਦੌਰਾਨ ਸਿੱਖੀ ਅਤੇ ਸਿੱਖਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਹ ਕਾਮਰੇਡਾਂ ਦੀ ਸਿੱਖੀ ਖ਼ਿਲਾਫ਼ ਨਫ਼ਰਤ ਹੈ ਜੋ ਦਿਨੋਂ-ਦਿਨ ਸਾਹਮਣੇ ਆ ਰਹੀ ਹੈ। ਬਹੁਤੀਆਂ ਕਿਸਾਨ ਯੂਨੀਅਨਾਂ ਉੱਤੇ ਕਾਮਰੇਡੀ ਵਿਚਾਰਧਾਰਾ ਦਾ ਹੀ ਪ੍ਰਭਾਵ ਹੈ। ਭਾਵੇਂ ਕਿ ਬਲਬੀਰ ਸਿੰਘ ਰਾਜੇਵਾਲ ਵਰਗੇ ਕਿਸਾਨ ਆਗੂ ਸਿੱਖੀ ਸਰੂਪ ’ਚ ਹਨ, ਗਾਤਰੇ-ਕਿਰਪਾਨਾਂ ਵੀ ਪਾਈਆਂ ਹੋਈਆਂ ਹਨ ਪਰ ਫਿਰ ਵੀ ਇਹ ਭੁਗਤਦੇ ਸਿੱਖੀ ਦੇ ਖ਼ਿਲਾਫ਼ ਹੀ ਹਨ। ਹੁਣ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਆਪਣੇ ਇੱਕ ਭਾਸ਼ਣ ਦੌਰਾਨ ਬਕਵਾਸ ਕੀਤੀ ਗਈ ਹੈ ਕਿ “ਉਹ ਓਥੇ ਬੈਠਾ ਭਾਸ਼ਣ ਦਿੰਦਾ ਰਿਹਾ ਤੇ ਸਾਡਾ ਪੱਚੀ ਹਜ਼ਾਰ ਨੌਜਵਾਨ ਝੂਠੇ ਮੁਕਾਬਲਿਆਂ ’ਚ ਸ਼ਹੀਦ ਕਰਵਾ ਦਿੱਤਾ।” ਰੁਲਦੂ ਸਿੰਘ ਮਾਨਸਾ ਨੇ ਇਹਨਾਂ ਬੋਲਾਂ ਰਾਹੀਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਮਗਰੋਂ ਰੁਲਦੂ ਸਿੰਘ ਮਾਨਸਾ ਦਾ ਸਿੱਖ ਕੌਮ ਵੱਲੋਂ ਭਾਰੀ ਵਿਰੋਧ ਹੋਇਆ। ਅਸੀਂ ਸਮਝਦੇ ਹਾਂ ਕਿ ਰੁਲਦੂ ਸਿੰਘ ਮਾਨਸਾ ਵਰਗੇ ਲੋਕ ਅਸਲ ’ਚ ਕਿਸਾਨੀ ਸੰਘਰਸ਼ ਦਾ ਨੁਕਸਾਨ ਕਰ ਰਹੇ ਹਨ, ਉਸ ਦੇ ਇਹਨਾਂ ਜ਼ਹਿਰੀਲੇ ਬੋਲਾਂ ਨਾਲ਼ ਸਿੱਖ ਨੌਜਵਾਨੀ ਸੰਘਰਸ਼ ਤੋਂ ਨਿਰਾਸ਼ ਹੋਵੇਗੀ ਤੇ ਕਿਸਾਨ ਮੋਰਚੇ ਦੀ ਹਮਾਇਤ ਘਟੇਗੀ। ਜਦ ਕਿ ਰੁਲਦੂ ਸਿੰਘ ਮਾਨਸਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖ਼ਾਲਸਾ ਪੰਥ ਵੱਲੋਂ ਵੀਹਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੈ। ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਹਨ, ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ, ਸੰਤਾਂ ਦੀ ਪੰਥ ਅਤੇ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ, ਉਹਨਾਂ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ’ਚ ਗੁਰਦੁਆਰਾ ਸ਼ਹੀਦੀ ਯਾਦਗਾਰ ਵੀ ਸਥਾਪਿਤ ਹੋ ਚੁੱਕਾ ਹੈ ਜਿੱਥੇ ਲੋਕਾਂ ਲੋਕ ਸਿਜਦੇ ਕਰਦੇ ਹਨ, ਕੇਂਦਰੀ ਸਿੱਖ ਅਜਾਇਬ ਘਰ ’ਚ ਸੰਤ ਭਿੰਡਰਾਂਵਾਲ਼ਿਆ ਦੀ ਤਸਵੀਰ ਸ਼ੋਭ ਰਹੀ ਹੈ। ਉਹਨਾਂ ਖ਼ਿਲਾਫ਼ ਬੋਲਣ ਵਾਲ਼ਿਆਂ ਦੀ ਅਸੀਂ ਜ਼ੁਬਾਨ ਤਕ ਖਿੱਚ ਲੈਂਦੇ ਹਾਂ। ਸੰਤ ਭਿੰਡਰਾਂਵਾਲ਼ਿਆਂ ਨੇ ਅੱਜ ਤੋਂ 39 ਸਾਲ ਪਹਿਲਾਂ ਮੋਰਚਾ ਲਾ ਕੇ ਇਹ ਗੱਲ ਕੀਤੀ ਸੀ ਕਿ ਕਿਸਾਨ ਆਪਣੀਆਂ ਫ਼ਸਲਾਂ ਦੇ ਮੁੱਲ ਆਪ ਤੈਅ ਕਰਨਗੇ, ਕੇਂਦਰ ਸਰਕਾਰ ਕੋਈ ਦਖ਼ਲ-ਅੰਦਾਜ਼ੀ ਨਾ ਕਰੇ। ਉਹਨਾਂ ਨੇ ਬਿਜਲੀ, ਪਾਣੀ ਅਤੇ ਕਿਸਾਨੀ ਹੱਕਾਂ ਲਈ ਇੰਦਰਾ ਗਾਂਧੀ ਨਾਲ਼ ਟੱਕਰ ਲਈ, ਹਕੂਮਤ ਨੂੰ ਲਲਕਾਰਿਆ ਤੇ ਜਾਨ ਦੀ ਬਾਜ਼ੀ ਤਕ ਲਾ ਦਿੱਤੀ।   

ਜਦ ਰੁਲਦੂ ਸਿੰਘ ਮਾਨਸਾ ਨੂੰ ਸਿੱਖ ਜਵਾਨੀ ਨੇ ਘੇਰਿਆ ਤਾਂ ਉਹ ਬਿਆਨ ਬਦਲਦਾ ਕਹਿਣ ਲੱਗਾ ਕਿ ਸੰਤ ਭਿੰਡਰਾਂਵਾਲ਼ਿਆਂ ਦਾ ਮੈਂ ਬੇਹੱਦ ਸਤਿਕਾਰ ਕਰਦਾ ਹਾਂ ਅਤੇ ਆਪਣੇ ਭਾਸ਼ਣ ਦੌਰਾਨ ਮੈਂ ਸੰਤ ਭਿੰਡਰਾਂਵਾਲ਼ਿਆਂ ਨੂੰ ਨਹੀਂ ਬਲਕਿ ਡਾ. ਜਗਜੀਤ ਸਿੰਘ ਚੌਹਾਨ (ਟੁੰਡੇ) ਨੂੰ ਨਿਸ਼ਾਨਾ ਬਣਾਇਆ ਸੀ। ਲੇਕਿਨ ਰੁਲਦੂ ਸਿੰਘ ਮਾਨਸਾ ਕੌਣ ਹੁੰਦਾ ਹੈ ਕਿ ਉਹ ਸਾਡੀ ਕਿਸੇ ਵੀ ਸਿੱਖ ਸ਼ਖ਼ਸੀਅਤ ਨੂੰ ਨਿਸ਼ਾਨਾ ਬਣਾਵੇ, ਉਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ। ਐੱਦਾਂ ਤਾਂ ਫਿਰ ਰੁਲਦੂ ਸਿੰਘ ਮਾਨਸਾ ਅਗਲੀ ਵਾਰ ਸਿਰਦਾਰ ਕਪੂਰ ਸਿੰਘ, ਡਾ. ਸੋਹਣ ਸਿੰਘ, ਭਾਈ ਗਜਿੰਦਰ ਸਿੰਘ ਹਾਈਜੈਕਰ, ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਭਾਈ ਦਲਜੀਤ ਸਿੰਘ ਬਿੱਟੂ ਆਦਿਕ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਹੁਣ ਜਦ ਡਾ. ਜਗਜੀਤ ਸਿੰਘ ਚੌਹਾਨ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ ਤਾਂ ਉਹਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੀ ਸਟੇਜ ਤੋਂ ਬਿਆਨ ਦੇਣੇ ਤੇ ਝੂਠੇ ਮੁਕਾਬਲਿਆਂ ’ਚ 25 ਹਜ਼ਾਰ ਨੌਜਵਾਨਾਂ ਦੀ ਸ਼ਹੀਦੀ ਲਈ ਡਾ. ਜਗਜੀਤ ਸਿੰਘ ਚੌਹਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਕੀ ਇਹ ਗੱਲ ਜਾਇਜ਼ ਹੈ। 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਦੋਸ਼ੀ ਤਾਂ ਭਾਰਤ ਸਰਕਾਰ ਹੈ ਪਰ ਉਲ਼ਟਾ ਨਿਸ਼ਾਨਾ ਜਗਜੀਤ ਸਿੰਘ ਚੌਹਾਨ ਨੂੰ ਬਣਾਇਆ ਜਾ ਰਿਹਾ ਹੈ। ਡਾ. ਜਗਜੀਤ ਸਿੰਘ ਚੌਹਾਨ ਸਿੱਖ ਕੌਮ ਦੀ ਇੱਕ ਅਤਿ ਸਤਿਕਾਰਯੋਗ ਸ਼ਖ਼ਸੀਅਤ ਸਨ, ਉਹਨਾਂ ਨੂੰ ਖ਼ਾਲਿਸਤਾਨ ਦੇ ਰਾਸ਼ਟਰਪਤੀ ਵੀ ਕਿਹਾ ਜਾਂਦਾ ਸੀ, ਉਹਨਾਂ ਨੇ ਸਿੱਖ ਮਸਲਿਆਂ ਲਈ ਦੇਸ਼-ਵਿਦੇਸ਼ ’ਚ ਤਿੱਖਾ ਸੰਘਰਸ਼ ਕੀਤਾ, ਉਹਨਾਂ ਉੱਤੇ ਬੇਅੰਤ ਦੇਸ਼ ਧ੍ਰੋਹ ਦੇ ਕੇਸ ਦਰਜ਼ ਸਨ, ਉਹ ਹਿੰਦੁਸਤਾਨ ਦੇ ਬਾਗ਼ੀ ਹੋ ਕੇ ਮਰੇ। 1984 ਤੋਂ ਬਾਅਦ ਜੋ ਖ਼ਾਲਿਸਤਾਨ ਦੀ ਗੱਲ ਵੱਡੇ ਪੱਧਰ ’ਤੇ ਉੱਠੀ, ਡਾ. ਚੌਹਾਨ 1984 ਤੋਂ ਪਹਿਲਾਂ ਵੀ ਖ਼ਾਲਿਸਤਾਨ ਲਈ ਆਵਾਜ਼ ਬੁਲੰਦ ਕਰਦੇ ਰਹੇ। 

ਕੀ ਇਹ ਕਿਸਾਨੀ ਸੰਘਰਸ਼ ਸਿੱਖੀ ਖ਼ਿਲਾਫ਼, ਸੰਤ ਭਿੰਡਰਾਂਵਾਲ਼ਿਆਂ ਖ਼ਿਲਾਫ਼ ਜਾਂ ਡਾ. ਜਗਜੀਤ ਸਿੰਘ ਚੌਹਾਨ ਖ਼ਿਲਾਫ਼ ਲੜਿਆ ਜਾ ਰਿਹਾ ਹੈ ? ਰੁਲਦੂ ਸਿੰਘ ਮਾਨਸਾ ਜਵਾਬ ਦੇਵੇ ਕਿ ਕਿਸਾਨ ਸੰਘਰਸ਼ ’ਚ ਹੁਣ ਤਕ ਜੋ 600 ਤੋਂ ਵੱਧ ਕਿਸਾਨ ਚੜ੍ਹਾਈ ਕਰ ਚੁੱਕੇ ਹਨ ਕੀ ਉਸ ਦੇ ਜ਼ਿੰਮੇਵਾਰ ਕਿਸਾਨ ਆਗੂ ਹਨ ਜਾਂ ਮੋਦੀ ਸਰਕਾਰ ? 26 ਜਨਵਰੀ ਨੂੰ ਜਿਹੜੀ ਗੋਲ਼ੀ ਨਵਰੀਤ ਸਿੰਘ ਡਿਬਡਿਬਾ ’ਤੇ ਵੱਜੀ ਉਹ ਰੁਲਦੂ ਸਿੰਘ ਮਾਨਸਾ ਨੂੰ ਕਿਉਂ ਨਹੀਂ ਵੱਜੀ ? ਜਦੋਂ ਲਾਠੀਚਾਰਜ ਹੁੰਦਾ ਹੈ ਤਾਂ ਆਮ ਕਿਸਾਨਾਂ ’ਤੇ ਡਾਂਗਾਂ ਵੱਜਦੀਆਂ ਹਨ ਓਦੋਂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਉਗਰਾਹਾਂ ਤੇ ਰਾਜਿੰਦਰ ਕਾਮਰੇਡ ਵਰਗਿਆਂ ਨੂੰ ਕਿਉਂ ਨਹੀਂ ਕੁਝ ਹੁੰਦਾ, ਹੁਣ ਦਿਓ ਜਵਾਬ ? ਸਾਡੀ ਕਿਸਾਨ ਆਗੂਆਂ ਨੂੰ ਸਲਾਹ ਹੈ ਕਿ ਉਹ ਆਪਣੀਆਂ ਤੋਪਾਂ-ਬੰਦੂਕਾਂ ਦੇ ਮੂੰਹ ਕੇਵਲ ਮੋਦੀ ਸਰਕਾਰ ਵੱਲ ਹੀ ਰੱਖਣ ਤੇ ਸਿੱਖੀ ਨੂੰ ਨਿਸ਼ਾਨਾ ਬਣਾਉਣ ਦੀ ਗ਼ਲਤੀ ਨਾ ਕਰਨ। ਪਹਿਲਾਂ ਤੁਸੀਂ ਮੋਰਚੇ ’ਚੋਂ ਨਿਸ਼ਾਨ ਸਾਹਿਬ, ਖ਼ਾਲਸਈ ਝੰਡੇ ਅਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਪੁੱਟਣ ਲਈ ਕਿਹਾ, ਸਿੱਖੀ ਨਾਲ਼ ਸਬੰਧਤ ਚਿੰਨ੍ਹਾਂ ਤੋਂ ਤੁਹਾਨੂੰ ਤਕਲੀਫ਼ ਹੈ। 26 ਜਨਵਰੀ ਦੀ ਇਤਿਹਾਸਕ ਘਟਨਾ ਤੋਂ ਬਾਅਦ ਤੁਸੀਂ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ, ਤੇ ਜੇਲ੍ਹਾਂ ’ਚ ਡੱਕੇ ਨੌਜਵਾਨਾਂ ਦੀ ਸਾਰ ਤਕ ਨਾ ਲਈ। ਜਿਸ ਨਿਸ਼ਾਨ ਸਾਹਿਬ ਦੀ ਛਾਂ ਹੇਠ ਤੁਸੀਂ ਜ਼ਮੀਨਾਂ ਦੇ ਮਾਲਕ ਬਣੇ ਉਸ ਨਿਸ਼ਾਨ ਸਾਹਿਬ ਤੋਂ ਤੁਹਾਨੂੰ ਡਰ ਲੱਗਣ ਲਗ ਪਿਆ। ਜਿਨ੍ਹਾਂ ਮਾਂਵਾਂ ਨੇ ਨਿਸ਼ਾਨ ਸਾਹਿਬ ਥੱਲੇ ਅਰਦਾਸਾਂ ਕਰਕੇ ਗੁਰੂ ਤੋਂ ਪੁੱਤ ਮੰਗੇ ਹੁਣ ਉਹ ਪੁੱਤ ਵੱਡੇ ਹੋ ਕੇ ਨਿਸ਼ਾਨ ਸਾਹਿਬ ਦਾ ਹੀ ਵਿਰੋਧ ਕਰਨ ਲਗ ਪਏ। ਤੁਸੀਂ ਮੋਦੀ ਸਰਕਾਰ, ਆਰ.ਐੱਸ.ਐੱਸ. ਤੇ ਭਗਵੇਂ ਬ੍ਰਿਗੇਡ ਖ਼ਿਲਾਫ਼ ਤਾਂ ਘੱਟ ਪਰ ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਵੱਧ ਬੋਲ ਰਹੇ ਹੋ, ਯਾਦ ਰੱਖਿਓ ਇਹ ਨੀਤੀ ਤੁਹਾਨੂੰ ਡੋਬ ਦੇਵੇਗੀ। ਅਸੀਂ ਕਿਸਾਨ ਸੰਘਰਸ਼ ਦੀ ਸਫ਼ਲਤਾ ਚਾਹੁੰਦੇ ਹਾਂ, ਹਰ ਪ੍ਰਕਾਰ ਤੁਹਾਡਾ ਸਾਥ ਵੀ ਦਿੰਦੇ ਆ ਰਹੇ ਹਾਂ, ਵਿਦੇਸ਼ੀ ਸਿੱਖ ਵੀ ਤੁਹਾਡੀ ਵੱਡੀ ਤਾਕਤ ਬਣੇ ਹਨ ਪਰ ਅਸੀਂ ਕਦੇ ਵੀ ਸਿੱਖੀ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਵਿਰੁੱਧ ਇੱਕ ਵੀ ਲਫ਼ਜ਼ ਬਰਦਾਸ਼ਤ ਨਹੀਂ ਕਰ ਸਕਦੇ, ਆਪਣੀਆਂ ਜ਼ੁਬਾਨਾਂ ਨੂੰ ਲਗਾਮ ਦਿਓ। 

- ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883.