ਸ਼੍ਰੋਮਣੀ ਕਮੇਟੀ ਦੇ ਦੋਸ਼ੀ ਅਹੁਦੇਦਾਰਾਂ ਨੂੰ ਦਰਬਾਰ ਸਾਹਿਬ ਦਰਸ਼ਨੀ ਡਿਉੜੀ ਤਕ ਝਾੜੂ ਮਾਰਨ ਦੀ ਸਜ਼ਾ ਲਾਈ

ਸ਼੍ਰੋਮਣੀ ਕਮੇਟੀ ਦੇ ਦੋਸ਼ੀ ਅਹੁਦੇਦਾਰਾਂ ਨੂੰ ਦਰਬਾਰ ਸਾਹਿਬ ਦਰਸ਼ਨੀ ਡਿਉੜੀ ਤਕ ਝਾੜੂ ਮਾਰਨ ਦੀ ਸਜ਼ਾ ਲਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਵਿਚ ਕੁਤਾਹੀ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਬਾਕੀ ਅਹੁਦੇਦਾਰ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। 

ਇਸ ਮੌਕੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦਾ ਫੈਂਸਲਾ ਸੁਣਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਜ਼ਾਵਾਂ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗ ਲੱਗਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਦੋਸ਼ੀ ਅਹੁਦੇਦਾਰ ਗੁਰਦੁਆਰਾ ਰਾਮਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਸ਼ਚਾਤਾਪ ਅਖੰਡ ਪਾਠ ਸਾਹਿਬ ਕਰਾਉਣਗੇ। ਉਹਨਾਂ ਕਿਹਾ ਕਿ ਜਿੰਨੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਪਸ਼ਚਾਤਾਪ ਅਖੰਡ ਪਾਠ ਸਾਹਿਬ ਹੋਣਗੇ, ਉਨੇ ਦਿਨ ਦੋਸ਼ੀ ਅਹੁਦੇਦਾਰ ਗੁਰਦੁਆਰਾ ਸਾਰਾਗੜੀ ਤੋਂ ਦਰਬਾਰ ਸਾਹਿਬ ਦੀ ਡਿਓੜੀ ਤਕ ਝਾੜੂ ਮਾਰਨਗੇ। 

ਬੀਤੇ ਦਿਨੀਂ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਇਕ ਨਿਹੰਗ ਸਿੰਘ ਦੀ ਦਸਤਾਰ ਉਤਾਰਣ ਦੀ ਘਟਨਾ ਨੂੰ ਮੰਦਭਾਗਾ ਦਸਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਵਿਚ ਸ਼ਾਮਲ ਮੁਲਾਜ਼ਮ ਅੰਮ੍ਰਿਤ ਸੰਚਾਰ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਲਈ ਖਿਮਾ ਯਾਚਨਾ ਕਰਨ। 

ਪੰਜ ਸਿੰਘ ਸਾਹਿਬਾਨਾਂ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਇਕ ਮਹੀਨੇ ਤਕ ਕਿਸੇ ਜਨਤਕ ਸਮਾਗਮ ਵਿਚ ਨਹੀਂ ਬੋਲਣਗੇ। ਸਿਰਫ 28 ਸਤੰਬਰ ਦੇ ਇਜਲਾਸ ਵਿਚ ਉਹਨਾਂ ਨੂੰ ਬੋਲਣ ਦੀ ਛੋਟ ਦਿੱਤੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਵੀ ਫੈਂਸਲਾ ਕਰਨ ਤੋਂ ਪਹਿਲਾਂ ਵਿਦਵਾਨਾਂ, ਚਿੰਤਕਾਂ ਨਾਲ ਸਲਾਹ ਕਰਿਆ ਕਰੇ ਤਾਂ ਕਿ ਫੈਂਸਲੇ ਵਾਰ-ਵਾਰ ਬਦਲਣ ਦੀ ਲੋੜ ਨਾ ਪਵੇ। ਉਹਨਾਂ ਕਿਹਾ ਕਿ ਫੈਂਸਲੇ ਬਦਲਣ ਨਾਲ  ਸ਼੍ਰੋਮਣੀ ਕਮੇਟੀ ਮਜ਼ਾਕ ਦੀ ਪਾਤਰ ਬਣਦੀ ਹੈ।