ਬਾਦਲਾਂ ਦੇ ਦਰਾਂ 'ਤੇ ਕਿਸਾਨ ਨੇ ਸਲਫਾਸ ਖਾਧੀ

ਬਾਦਲਾਂ ਦੇ ਦਰਾਂ 'ਤੇ ਕਿਸਾਨ ਨੇ ਸਲਫਾਸ ਖਾਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨੀ ਵਿਰੋਧੀ ਭਾਰਤੀ ਬਿੱਲਾਂ ਦੇ ਮਾਮਲੇ 'ਚ ਬਾਦਲ ਪਰਿਵਾਰ ਵੱਲੋਂ ਨਿਭਾਈ ਭੂਮਿਕਾ ਤੋਂ ਨਰਾਜ਼ ਕਿਸਾਨ ਨੇ ਅੱਜ ਬਾਦਲ ਪਿੰਡ ਵਿਚ ਬਾਦਲ ਪਰਿਵਾਰ ਦੇ ਦਰਾਂ 'ਤੇ ਜ਼ਹਿਰ ਖਾ ਲਈ। 

ਪਿੰਡ ਬਾਦਲ ਕਿਸਾਨ ਮੋਰਚੇ ’ਚ ਸ਼ਾਮਲ ਇਸ ਕਿਸਾਨ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ। 

ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਕਰੀਬ 55 ਸਾਲਾ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਨੇ ਮੋਰਚੇ ’ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ, ਜਿਸ ’ਤੇ ਕਿਸਾਨ ਮੋਰਚੇ ’ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਇਲਾਜ ਕੀਤੀ ਅਤੇ ਉਲਟੀਆਂ ਵਗੈਰਾ ਕਰਵਾਈਆਂ ਗਈ। ਹਾਲਤ ’ਚ ਸੁਧਾਰ ਨਾ ਹੋਣ ’ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਕਿਸਾਨ ਮੋਰਚੇ ’ਚ ਪੰਜਾਬ ਦੇ ਪੰਜ-ਛੇ ਜ਼ਿਲਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖਿਲਾਫ਼ ਛੇ ਰੋਜ਼ਾ ਮੋਰਚੇ ’ਤੇ ਡਟੇ ਹੋਏ ਹਨ।