ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸਬੰਧੀ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਸੁਝਾਅ ਪੇਸ਼ ਕੀਤੇ

ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸਬੰਧੀ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਸੁਝਾਅ ਪੇਸ਼ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵੰਡ ਸਬੰਧੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਕੀਤੀਆਂ ਕੁਤਾਹੀਆਂ ਦੇ ਮਾਮਲੇ 'ਤੇ ਫਿਕਰਮੰਦੀ ਪ੍ਰਗਟ ਕਰਦਿਆਂ ਸਿੱਖ ਫੈੱਡਰੇਸ਼ਨ ਯੂਐਸਏ ਅਤੇ ਸਿੱਖ ਯੂਥ ਆਫ ਅਮਰੀਕਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖ ਪੰਥ ਵਿੱਚ ਬਣੇ ਮੌਜੂਦਾ ਹਾਲਾਤਾਂ ਦੌਰਾਨ ਅਸੀਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਪਣਾ ਫ਼ਰਜ਼ ਪਛਾਣਦੇ ਹੋਏ ਇਸ ਚੁਣੌਤੀ ਭਰੀ ਘੜੀ ਦਾ ਹਰ ਸੁਖਾਵਾਂ ਹੱਲ ਲੱਭਣ ਲਈ ਆਪਣੀ ਵਚਨਬੱਧਤਾ ਦਾ ਅਹਿਸਾਸ ਕਰਦੇ ਹਾਂ। 

ਜਥੇਬੰਦੀਆਂ ਨੇ ਜਾਰੀ ਬਿਆਨ ਵਿਚ ਕਿਹਾ ਕਿ ਗੁਰੂ ਸਾਹਿਬ ਦੇ ਸਰੂਪਾਂ ਦੇ ਗੁੰਮ ਹੋਣ ਦੇ ਦੁੱਖ ਨੂੰ ਲੈ ਕੇ ਜਵਾਬਦੇਹੀ ਦੀ ਮੰਗ ਕਰਦੇ ਸਿੱਖਾਂ ਉੱਤੇ ਟਾਸਕ ਫ਼ੋਰਸ ਵਲੋਂ ਵਰਤਾਇਆ ਗਿਆ ਜ਼ੁਲਮ ਕਿਸੇ ਵੀ ਰਿਆਇਤ ਦੀ ਗੁੰਜਾਇਸ਼ ਨਹੀਂ ਰੱਖਦਾ। ਇਸ ਲਈ ਇਸ ਵਰਤਾਰੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਪ੍ਰਤੀ ਵਰਤੀ ਗਈ ਕੁਤਾਹੀ ਲਈ ਸ਼੍ਰੋਮਣੀ ਕਮੇਟੀ ਅਤੇ ਸੰਬੰਧਿਤ ਮੁਲਾਜ਼ਮਾਂ ਨੂੰ ਪੰਥਿਕ ਰਹੁ ਰੀਤਾਂ ਅਨੁਸਾਰ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਲੋੜੀਂਦੀ ਸਜ਼ਾ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। 

ਉਹਨਾਂ ਕਿਹਾ ਕਿ ਜੇਕਰ ਅੱਜ ਦੀ ਘੜੀ ਵਿੱਚ ਕੁਝ ਵੀ ਚੰਗੇ ਬੰਦੇ ਸ਼੍ਰੋਮਣੀ ਕਮੇਟੀ ਵਿੱਚ ਡਿਊਟੀ ਕਰ ਰਹੇ ਹਨ ਤਾਂ ਅੱਜ ਮੌਕਾ ਹੈ ਕਿ ਉਹ ਗੁਰੂ ਸਾਹਿਬ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਘੜੀ ਵਿੱਚ ਅੱਗੇ ਆਉਣ ਅਤੇ ਸਬੰਧਿਤ ਲੋਕਾਂ ਨੂੰ ਪੰਥ ਦੀ ਕਚਹਿਰੀ ਵਿੱਚ ਖੜੇ ਕਰਨ ਤਾਂ ਕਿ ਇਸ ਸਥਿੱਤੀ ਦਾ ਸੁਖਾਵਾਂ ਹੱਲ ਕਰਨ ਵਿਚ ਉਹਨਾਂ ਦਾ ਯੋਗਦਾਨ ਪੈ ਸਕੇ। 

ਸਿੱਖ ਫੈਡਰੇਸ਼ਨ ਯੂਐਸਏ ਅਤੇ ਸਿੱਖ ਯੂਥ ਆਫ ਅਮਰੀਕਾ ਨੇ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਤੋਂ ਸਬਕ ਲੈਂਦਿਆਂ ਭਵਿੱਖ ਵਿੱਚ ਛਾਪੇ ਜਾਣ ਵਾਲੇ ਸਾਰੇ ਸਰੂਪਾਂ ਦੀ ਜਿਲਦ ਉੱਪਰ ਡਿਜੀਟਲ ਬਾਰ ਕੋਡਿੰਗ ਕੀਤੀ ਜਾਵੇ। ਇਸ ਦੇ ਨਾਲ ਹੀ ਹੋ ਸਕੇ ਤਾਂ ਹਰ ਇੱਕ ਅੰਗ ਉੱਪਰ ਵੀ ਕੋਈ ਪੇਟੈਂਟ ਗੁਰਮਿਤ ਚਿੰਨ੍ਹ ਲਗਾਏ ਜਾਣੇ ਆਰੰਭ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਦੀ ਹਰ ਕਿਸਮ ਦੀ ਨਿਸ਼ਾਨਦੇਹੀ ਰੱਖਣ ਲਈ ਇਹ ਕਾਰਜ ਅਤਿ ਜਰੂਰੀ ਹੈ। 

ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਨਵੇਂ ਸਰੂਪਾਂ ਦੀ ਸ਼ੁੱਧ ਛਪਾਈ ਦੀ ਜ਼ਿਮੇਵਾਰੀ ਨਿਰਧਾਰਿਤ ਗੁਰਮਤਿ ਭਾਸ਼ਾ ਦੇ ਮਾਹਿਰਾਂ ਨੂੰ ਦਿੱਤੀ ਜਾਵੇ ਅਤੇ ਉਸ ਸੰਪੂਰਨ ਸ਼ੁੱਧ ਬੀੜ ਨੂੰ ਡਿਜ਼ੀਟਲ ਕਰਕੇ ਆਨਲਾਈਨ ਉਪਲੱਬਧ ਕੀਤਾ ਜਾਣਾ ਚਾਹੀਦਾ ਹੈ। ਉਸ ਤੋਂ ਬਾਅਦ ਹਰ ਸਰੂਪ ਸਿਰਫ਼ ਇਸ ਸ਼ੁੱਧ ਪ੍ਰਵਾਣਿਤ ਖਰੜੇ ਦੇ ਉਤਾਰੇ ਅਨੁਸਾਰ ਹੀ ਤਿਆਰ ਕਰਨਾ ਚਾਹੀਦਾ ਹੈ।