ਬਾਦਲ ਪਿਓ-ਪੁੱਤ ਲਈ ਰਾਜਸੀ ਵਿਰੋਧੀ ਹੁਣ ‘ਚਾਨਣ ਮੁਨਾਰਾ’

ਬਾਦਲ ਪਿਓ-ਪੁੱਤ ਲਈ ਰਾਜਸੀ ਵਿਰੋਧੀ ਹੁਣ ‘ਚਾਨਣ ਮੁਨਾਰਾ’

ਸਾਬਕਾ ਮੁੱਖ ਮੰਤਰੀ ਬਰਨਾਲਾ ਦੇ ਪਰਿਵਾਰ ਨੂੰ ਨਾਲ ਰਲਾਉਣ ਲਈ ਡੰਡ ਬੈਠਕਾਂ ਸ਼ੁਰੂ

ਬਰਨਾਲਾ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਬਰਸੀ ਮੌਕੇ ਬਰਨਾਲਾ ਪਰਿਵਾਰ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ।
ਬਰਨਾਲਾ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਵੱਲੋਂ ਇੱਥੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਵਿਖੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਪਹਿਲਾ ਬਰਸੀ ਸਮਾਗਮ ਕਰਾਇਆ ਗਿਆ। ਇਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਆਗੂ ਸ਼ਾਮਲ ਹੋਏ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੁਰਜੀਤ ਸਿੰਘ ਬਰਨਾਲਾ ਨੂੰ ਪੰਥ ਦੇ ਮਹਾਨ ਆਗੂ ਗਰਦਾਨਦਿਆਂ ਸਿੱਖਾਂ ਤੇ ਪੰਜਾਬੀਆਂ ਲਈ ‘ਚਾਨਣ ਮੁਨਾਰਾ’ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਬਰਨਾਲਾ ਸੂਬੇ ਅਤੇ ਦੇਸ਼ ‘ਚ ਅਜਿਹੀ ਸ਼ਖ਼ਸੀਅਤ ਸਨ, ਜੋ ਪਾਰਟੀ ਪ੍ਰਧਾਨ, ਮੁੱਖ ਮੰਤਰੀ, ਕੇਂਦਰੀ ਕੈਬਨਿਟ ਮੰਤਰੀ ਤੇ ਗਵਰਨਰ ਵਜੋਂ ਅਹੁਦਿਆਂ ‘ਤੇ ਰਹੇ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਬਰਨਾਲਾ ਪਰਿਵਾਰ ਨੂੰ ਮਾਯੂਸ ਨਾ ਹੋਣ ਦਿੱਤਾ ਜਾਵੇ। ਸ੍ਰੀ ਬਾਦਲ ਨੇ ਕਿਹਾ ਕਿ ਪੰਥ ਤੇ ਪਾਰਟੀ ਨੂੰ ਤਕੜੇ ਹੋ ਕੇ ਲੜਾਈ ਲੜਨੀ ਪੈਣੀ ਹੈ, ਜਿਸ ਦੀ ਮਜ਼ਬੂਤੀ ਲਈ ਹਰੇਕ ਪਿੰਡ ਤੋਂ 11 ਅਣਥੱਕ ਵਾਲੰਟੀਅਰਾਂ ਦੀ ਮੰਗ ਕੀਤੀ ਗਈ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਬਰਨਾਲਾ ਦੀਆਂ ਅਕਾਲੀ ਦਲ, ਪੰਥ ਤੇ ਸਿੱਖ ਕੌਮ ਲਈ ਦਿੱਤੀਆਂ ਅਹਿਮ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪੁਰਾਣੇ ਆਗੂਆਂ ਦੀਆਂ ਇਤਿਹਾਸਕ ਫੋਟੋਆਂ ਉਨ੍ਹਾਂ ਤੱਕ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦੀਆਂ ਤਸਵੀਰਾਂ ਦਾ ਮਿਊਜ਼ੀਅਮ ਬਣਾਉਣਾ ਚਾਹੁੰਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਤੇ ਵਿਕਾਸ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਹੋ ਸਕਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਬਰਨਾਲਾ ਦੀਆਂ ਪੰਥ ਤੇ ਸਿੱਖ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਕੀਤਾ।
ਇਸ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਗੋਬਿੰਦ ਸਿੰਘ ਕਾਂਝਲਾ, ਬਾਬੂ ਪ੍ਰਕਾਸ਼ ਚੰਦ ਗਰਗ, ਬਲਦੇਵ ਸਿੰਘ ਮਾਨ, ਸੰਸਦੀ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੰਤ ਬਲਵੀਰ ਸਿੰਘ ਘੁੰਨਸ, ਹਲਕਾ ਇੰਚਾਰਜ ਸੁਰਿੰਦਰਪਾਲ ਸਿੰਘ ਸਿਬੀਆ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਤੇ ਇਕਬਾਲ ਸਿੰਘ ਝੂੰਦਾਂ ਅਤੇ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਬਰਨਾਲਾ ਦੇ ਵਾਰਸ ਗਗਨਜੀਤ ਸਿੰਘ ਬਰਨਾਲਾ ਨੇ ਸਭ ਦਾ ਧੰਨਵਾਦ ਕੀਤਾ।