ਸਿੱਖ ਕਤਲੇਆਮ ਬਾਰੇ ਕੈਪਟਨ ਦਾ ਬਿਆਨ ਹਨ੍ਹੇਰੇ ਵਿਚ ਗੋਲੀਬਾਰੀ : ਜੀ ਕੇ

ਸਿੱਖ ਕਤਲੇਆਮ ਬਾਰੇ ਕੈਪਟਨ ਦਾ ਬਿਆਨ ਹਨ੍ਹੇਰੇ ਵਿਚ ਗੋਲੀਬਾਰੀ : ਜੀ ਕੇ

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ 1984 ਸਿੱਖ ਕਤਲੇਆਮ ਸ਼ੁਰੂ ਹੋਣ ਦੇ ਕੀਤੇ ਗਏ ਦਾਅਵੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੈਪਟਨ ਦੇ ਬਿਆਨ ਨੂੰ ਗਾਂਧੀ ਪਰਿਵਾਰ ਨੂੰ ਬਚਾਉਣ ਵਾਸਤੇ ਕੈਪਟਨ ਵੱਲੋਂ ਹਨ੍ਹੇਰੇ ਵਿੱਚ ਕੀਤੀ ਗਈ ਗੋਲੀਬਾਰੀ ਦੱਸਿਆ ਹੈ।  ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਕਿਤਾਬ ‘ਦਾ ਟਰਬੁਲੇਂਟ ਈਅਰਜ਼ ‘ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ 31 ਅਕਤੂਬਰ 1984 ਨੂੰ ਰਾਜੀਵ ਗਾਂਧੀ ਦੇ ਸਾਰੇ ਦਿਨ ਦੇ ਵੇਰਵੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਵੱਲੋਂ ਸ਼ਾਮ 6.45 ਵਜੇ ਹਲਫ਼ ਲੈਣ ਤੋਂ ਬਾਅਦ ਸਾਬਕਾ ਉਪਰਾਸ਼ਟਰਪਤੀ ਆਰ. ਵੈਂਕਟਰਮਨ ਨੇ ਦੂਰਦਰਸ਼ਨ ‘ਤੇ ਜਾਰੀ ਬਿਆਨ ਵਿੱਚ ਇੰਦਰਾ ਗਾਂਧੀ ਦੇ ਕਤਲ ਅਤੇ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਬਾਰੇ ਦੇਸ਼ ਨੂੰ ਸੂਚਨਾ ਦਿੱਤੀ ਸੀ। ਹਾਲਾਂਕਿ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ‘ਤੇ ਹੋਏ ਹਮਲੇ ਦੀ ਖ਼ਬਰ ਪੱਛਮੀ ਬੰਗਾਲ ਦੇ ਕੋਂਟਾਈ ਵਿਖੇ ਪੁਲੀਸ ਵਾਇਰਲੈਸ ਸੈੱਟ ਜ਼ਰੀਏ ਸਵੇਰੇ 9.30 ਵਜੇ ਮਿਲ ਗਈ ਸੀ।
ਉਨ੍ਹਾਂ ਦੱਸਿਆ ਕਿ ਉਸ ਵੇਲੇ ਰਾਜੀਵ ਗਾਂਧੀ ਦੇ ਨਾਲ ਇੰਦਰਾ ਸਰਕਾਰ ਦੇ 2 ਮੰਤਰੀ ਪ੍ਰਣਬ ਮੁਖਰਜੀ ਅਤੇ ਗਨੀ ਖਾਂ ਚੌਧਰੀ ਮੌਜੂਦ ਸਨ। ਪ੍ਰਣਬ ਮੁਖਰਜੀ ਨੇ ਉਦੋਂ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਮੰਗਾਉਣ ਦਾ ਹੁਕਮ ਦਿੱਤਾ ਸੀ। ਇਹ ਤਿੰਨੋਂ 100 ਕਿਲੋਮੀਟਰ ਦਾ ਸੜਕੀ ਸਫ਼ਰ ਤੈਅ ਕਰਕੇ ਕੋਲਾਘਾਟ ਪੁੱਜੇ ਸਨ, ਜਿਥੋਂ ਇਨ੍ਹਾਂ ਨੂੰ ਇੱਕ ਹੈਲੀਕਾਪਟਰ ਰਾਹੀਂ ਕੋਲਕਾਤਾ ਲਿਆਇਆ ਗਿਆ। ਲਗਪਗ 1 ਵਜੇ ਇੰਡੀਅਨ ਏਅਰਲਾਈਨਜ਼ ਦੇ ਵਿਸ਼ੇਸ਼ ਜਹਾਜ਼ ‘ਤੇ ਰਾਜੀਵ ਗਾਂਧੀ ਅਤੇ ਉਸਦੇ ਸਾਥੀ ਕੋਲਕਾਤਾ ਤੋਂ ਦਿੱਲੀ ਨੂੰ ਰਵਾਨਾ ਹੋਏ।  ਕੋਲਕਾਤਾ ਹਵਾਈ ਅੱਡੇ ‘ਤੇ ਬਲਰਾਮ ਜਾਖੜ, ਸ਼ਾਮਲਾਲ ਯਾਦਵ, ਸ਼ੀਲਾ ਦੀਕਸ਼ਿਤ ਅਤੇ ਉਨ੍ਹਾਂ ਦੇ ਸਹੁਰੇ ਉਮਾ ਸ਼ੰਕਰ ਦੀਕਸ਼ਿਤ ਪਹਿਲਾਂ ਤੋਂ ਮੌਜੂਦ ਸਨ। ਜਹਾਜ਼ ਦੇ ਕਾਕਪਿਟ ਵਿੱਚ ਰਾਜੀਵ ਗਾਂਧੀ ਨੂੰ ਇੰਦਰਾ ਗਾਂਧੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਤੋਂ ਬਾਅਦ ਯਾਤਰਾ ਦੌਰਾਨ ਹੀ 6 ਕਾਂਗਰਸੀ ਆਗੂਆਂ ਨੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਲਈ ਮਨਾ ਲਿਆ ਸੀ। ਜਦਕਿ ਇਸ ਦੌਰਾਨ ਓਮਾਨ ਦੀ ਯਾਤਰਾ ‘ਤੇ ਗਏ ਸਾਬਕਾ ਰਾਸ਼ਟਰਪਤੀ ਜ਼ੈਲ ਸਿੰਘ ਵੀ ਸ਼ਾਮ 4 ਵਜੇ ਦਿੱਲੀ ਪਰਤ ਆਏ ਸਨ।
ਉਨ੍ਹਾਂ ਦੱਸਿਆ ਕਿ ਲਗਪਗ 4.30 ਵਜੇ ਕਾਂਗਰਸ ਦੇ ਜਨਰਲ ਸਕੱਤਰ ਜੀ.ਪੀ. ਮੁਪਨਾਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਰਾਜੀਵ ਗਾਂਧੀ ਦੇ ਕਾਂਗਰਸ ਸੰਸਦੀ ਦਲ ਦਾ ਆਗੂ ਚੁਣੇ ਜਾਣ ਦਾ ਪੱਤਰ ਦਿੰਦੇ ਹੋਏ ਸ਼ਾਮ 6.45 ਵਜੇ ਰਾਜੀਵ ਗਾਂਧੀ ਨੂੰ ਹਲਫ਼ ਦਿਵਾਉਣ ਦੀ ਮੰਗ ਕੀਤੀ ਸੀ। ਜੀ.ਕੇ. ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਉਪਰੰਤ ਨਵੇਂ ਬਣੇ 4 ਕੈਬਨਿਟ ਮੰਤਰੀਆਂ ਪ੍ਰਣਬ ਮੁਖਰਜੀ, ਪੀ.ਸ਼ਿਵਸੰਕਰ, ਪੀ.ਵੀ. ਨਰਸਿੰਮਹਾ ਰਾਓ ਅਤੇ ਬੂਟਾ ਸਿੰਘ ਨਾਲ ਪਹਿਲੀ ਮੀਟਿੰਗ ਦੌਰਾਨ ਗਾਂਧੀ ਨੇ ਇੰਦਰਾ ਗਾਂਧੀ ਦਾ 3 ਨਵੰਬਰ ਨੂੰ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਲਿਆ ਸੀ।
ਜੀ.ਕੇ. ਨੇ ਕਿਹਾ ਕਿ ਲਗਪਗ 4 ਵਜੇ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਬਾਅਦ ਹੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਗੱਡੀ ਅਤੇ ਉਨ੍ਹਾਂ ਦੇ ਸਿੱਖ ਸੁਰੱਖਿਆ ਗਾਰਡ ‘ਤੇ ਹੋਏ ਹਮਲੇ ਬਾਰੇ ਕੈਪਟਨ ਦੀ ਕੀ ਦਲੀਲ ਹੈ। ਉਨ੍ਹਾਂ ਰਾਸ਼ਟਰਪਤੀ ਦੇ ਕਾਫਲੇ ਦੀਆਂ ਤਿੰਨ ਗੱਡੀਆਂ ‘ਤੇ ਹਮਲਾ ਹੋਣ ਦਾ ਦਾਅਵਾ ਕੀਤਾ।