ਸਿੱਖਾਂ ਦੀ ਪਛਾਣ ਵੱਖਰੀ : ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ‘ਨੈਸ਼ਨਲ ਸਿੱਖ ਡੇ ਪਰੇਡ’ ਰਹੀ ਖਿੱਚ ਦਾ ਕੇਂਦਰ

ਸਿੱਖਾਂ ਦੀ ਪਛਾਣ ਵੱਖਰੀ : ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ‘ਨੈਸ਼ਨਲ ਸਿੱਖ ਡੇ ਪਰੇਡ’ ਰਹੀ ਖਿੱਚ ਦਾ ਕੇਂਦਰ

ਵਾਸ਼ਿੰਗਟਨ ਡੀ.ਸੀ/ਬਿਊਰੋ ਨਿਊਜ਼ :
ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਿੱਖਾਂ ਦੀ ਵੱਖਰੀ ਪਛਾਣ ਸਬੰਧੀ ਜਾਗਰੁਕਤਾ ਫੈਲਾਉਣ ਦੇ ਮੰਤਵ ਨਾਲ ਵਾਸ਼ਿੰਗਟਨ ਡੀ.ਸੀ ਵਿਚ ‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ’ ਦੀ ਕਮਾਂਡ ਹੇਠ ਇਸ ਸਾਲ ਦੂਜੀ ‘ਨੈਸ਼ਨਲ ਸਿੱਖ ਡੇ ਪਰੇਡ’ ਕੱਢੀ ਗਈ। ਹਜ਼ਾਰਾਂ ਦੇ ਇਕੱਠ ਵਾਲੀ ਇਸ ਪਰੇਡ ਵਿੱਚ ਅਮਰੀਕਾ ਦੀਆਂ ਕਰੀਬ 60 ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪਰੇਡ ਦੀ ਸ਼ੁਰੂਆਤ ਤੋਂ ਹੀ ਖਾਲਸਾਈ ਜਲੌਅ ਅਮਰੀਕਨਾਂ ਦੀ ਖਿੱਚ ਦਾ ਕੇਂਦਰ ਰਿਹਾ ਕਿਉਂਕਿ ਇਸੇ ਦਿਨ ਚੈਰੀ ਬਲੌਸਮ ਪਰੇਡ ਵੀ ਕੱਢੀ ਗਈ ਸੀ ਜਿਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਭਰ ਤੋਂ ਲੋਕ ਪਹੁੰਚੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੌਂਸਟੀਚਿਊਸ਼ਨ ਐਵਿਨਿਉ ਅਤੇ 20 ਸਟਰੀਟ ਤੋਂ ਸ਼ੁਰੂ ਹੋਈ ਪਰੇਡ ਵਿੱਚ ਸਿੱਖ ਕੌਮ ਦੀ ਆਜ਼ਦੀ ਦੀ ਗੱਲ ਭਾਰੂ ਰਹੀ, ਜਿੱਥੇ ਗੁਰੂ ਸਾਹਿਬ ਦੀ ਪਾਲਕੀ ਤੋਂ ਬਾਅਦ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਹਕੂਮਤ ਵਲੋਂ ਤਹਿਸ-ਨਹਿਸ ਕੀਤੇ ਅਕਾਲ ਤਖਤ ਨੂੰ ਦਰਸਾਉਂਦਾ ਫਲੋਟ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਫੋਟੋਆਂ ਵਾਲਾ ਫਲੋਟ ਵੀ ਸ਼ਾਮਲ ਸੀ। ਕੈਪੀਟਲ ਦੇ ਮੂਹਰਿਓਂ ਹੁੰਦੀ ਹੋਈ ਪਰੇਡ ਕੌਂਸਟੀਚਿਊਸ਼ਨ ਐਵਿਨਿਉ ਅਤੇ 3 ਸਟਰੀਟ ‘ਤੇ ਆ ਕੇ ਸਮਾਪਤ ਹੋਈ ਜਿੱਥੇ ਪ੍ਰਬੰਧਕਾਂ ਵੱਲੋਂ ਸਟੇਜ ਸਜਾਈ ਗਈ ਸੀ। ਇਸ ਪਰੇਡ ਵਿੱਚ ਕੈਨੇਡਾ ਦੇ ਸਰ੍ਹੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਆਤ ਕੀਤੀ।
ਸਟੇਜ ‘ਤੇ ਪਹਿਲੇ ਦੌਰ ਦੀਆਂ ਤਕਰੀਰਾਂ ਅੰਗਰੇਜ਼ੀ ਵਿੱਚ ਹੋਈਆਂ ਜਿਸ ਦਾ ਸੰਚਾਲਨ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਸ. ਹਰਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਾਂਗਰਸਮੈਨ ਪੈਟਰਿਕ ਮੀਹਾਨ ਦੇ ਨੁਮਾਇੰਦੇ, ਸਟੇਟ ਸੈਨੇਟਰ ਰੀਵਜ਼ ਦੇ ਨੁਮਾਇੰਦੇ ਅਤੇ ਮੈਟਰੋਪਾਲਿਟਨ ਪੁਲੀਸ ਡਿਪਾਰਟਮੈਂਟ ਤੋਂ ਅਧਿਕਾਰੀ ਡੈਵਲੀਸ਼ਆਰ ਨੇ ਸੰਗਤ ਨੂੰ ਸੰਬੋਧਨ ਕੀਤਾ। ਪੰਜਾਬੀ ਵਿੱਚ ਸਟੇਜ ਦਾ ਸੰਚਾਲਨ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੱਲੋਂ ਕੀਤਾ ਗਿਆ। ਬੁਲਾਰਿਆਂ ਨੇ ਜਿੱਥੇ ਅਮਰੀਕੀ ਕਾਂਗਰਸ ਵੱਲੋਂ ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ, ਉੱਥੇ ਓਂਟਾਰੀਓ (ਕੈਨੇਡਾ) ਵਿਧਾਨ ਸਭਾ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਐਲਾਨਣ ਦੇ ਫੈਸਲੇ ਦਾ ਧੰਨਵਾਦ ਕੀਤਾ। ਨਿਊਯਾਰਕ ਤੋਂ ਡਾ. ਰਣਜੀਤ ਸਿੰਘ ਨੇ ਮਤਾ ਪੜ੍ਹਿਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇ ਪਰੇਡ’ ਵਜੋਂ ਸਥਾਪਤ ਕੀਤਾ ਜਾਵੇਗਾ ਅਤੇ ਇਸ ਲਈ ਹਰ ਉਦਮ ਕਰਨ ਦਾ ਪ੍ਰਬੰਧਕਾਂ ਨੇ ਅਹਿਦ ਲਿਆ। ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਬਖਸ਼ੀਸ਼ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਇੰਗਲੈਂਡ ਤੋਂ ਮਨਪ੍ਰੀਤ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ, ਸਿੱਖਸ ਫਾਰ ਜਸਟਿਸ ਤੋਂ ਡਾ. ਬਖਸ਼ੀਸ਼ ਸਿੰਘ ਅਤੇ ਅਵਤਾਰ ਸਿੰਘ ਪਨੂੰ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਰ ਕੁਲਦੀਪ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਬੂਟਾ ਸਿੰਘ ਖੜੌਦ, ਮੈਰੀਲੈਂਡ ਤੋਂ ਭਾਈ ਸਵਿੰਦਰ ਸਿੰਘ, ਫਰੈਂਡਸ ਆਫ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ ਕੰਗ, ਵਰਜੀਨੀਆ ਤੋਂ ਡੈਮੋਕਰੇਟਿਕ ਪਾਰਟੀ ਦੇ ਡੈਲੀਗੇਟ ਲਈ ਉਮੀਦਵਾਰ ਮਨਸਿਮਰਨ ਸਿੰਘ ਕਾਹਲੋਂ, ਕਨੈਕਟੀਕਟ ਤੋਂ ਸਵਰਨਜੀਤ ਸਿੰਘ ਖਾਲਸਾ, ਦੋਆਬਾ ਸਿੱਖ ਐਸੋਸੀਏਸ਼ਨ ਤੋਂ ਬਲਜਿੰਦਰ ਸਿੰਘ, ਅਕਾਲ ਚੈਨਲ ਤੋਂ ਭਾਈ ਅਮਰਜੀਤ ਸਿੰਘ, ਫਿਲਾਡਲਫੀਆ ਤੋਂ ਕੇਵਲ ਸਿੰਘ, ਬਖਸ਼ੀਸ਼ ਸੈਣੀ, ਵਰਜੀਨੀਆ ਤੋਂ ਮਹਿਤਾਬ ਸਿੰਘ, ਦਵਿੰਦਰ ਬਦੇਸ਼ਾ, ਦਵਿੰਦਰ ਦਿਓ, ਪੈਨਸਲਵੇਨੀਆ ਤੋਂ ਹਰਚਰਨ ਸਿੰਘ, ਗੁਰਰਾਜ ਸਿੰਘ, ਫਿਲਾਡਲਫੀਆ ਤੋਂ ਨਰਿੰਦਰ ਸਿੰਘ, ਸ਼ਿਕਾਗੋ ਤੋਂ ਕੁਲਵਿੰਦਰ ਸਿੰਘ ਤੇਜੀ ਦੇ ਨਾਮ ਸ਼ਾਮਲ ਹਨ। ਅੰਤ ਨੂੰ ਸ. ਹਿੰਮਤ ਸਿੰਘ ਨੇ ਸਮੂਹ ਸੰਗਤ ਅਤੇ ਪ੍ਰਬੰਧਾਂ ਵਿੱਚ ਸ਼ਾਮਲ ਆਗੂਆਂ ਅਤੇ ਗੁਰੂਘਰ ਕਮੇਟੀਆਂ ਦਾ ਧੰਨਵਾਦ ਕੀਤਾ। ਟੀ.ਵੀ. 84 ਵੱਲੋਂ ਇਸ ਪਰੇਡ ਦਾ ਲਾਈਵ ਪ੍ਰਸਾਰਣ ਕੀਤਾ ਗਿਆ।