14ਵੇਂ ਵਿਸ਼ਵ ਕਬੱਡੀ ਕੱਪ ‘ਚ ਲੱਗਣਗੀਆਂ ਭਾਰੀ ਰੌਣਕਾਂ

14ਵੇਂ ਵਿਸ਼ਵ ਕਬੱਡੀ ਕੱਪ ‘ਚ ਲੱਗਣਗੀਆਂ ਭਾਰੀ ਰੌਣਕਾਂ

ਗੁਰੂਘਰਾਂ ਵਲੋਂ ਪਾਣੀ ਤੇ ਜੂਸ ਦੀ ਲਾਈ ਜਾਵੇਗੀ ਛਬੀਲ
ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਮਿਲਪੀਟਸ ਦੇ ਮੁੱਖ ਸੇਵਾਦਾਰ ਸ. ਜਸਵੰਤ ਸਿੰਘ ਹੋਠੀ, ਪੰਜਾਬੀ ਭਾਈਚਾਰੇ ਦੇ ਨਾਮੀ ਕਾਰੋਬਾਰੀ ਅਤੇ ਸਮਾਜ ਸੇਵੀ ਪ੍ਰਦੁੱਮਣ ਸਿੰਘ ਬਿੱਲਾ ਸੰਘੇੜਾ ਵਲੋਂ ਯੂਨਾਈਟਡ ਸਪੋਰਟਸ ਕਲੱਬ ਦੇ 14ਵੇਂ ਵਿਸ਼ਵ ਕਬੱਡੀ ਕੱਪ ਪ੍ਰਤੀ ਲੋਕਾਂ ਵਿਚ ਪਾਏ ਜਾ ਰਹੇ ਉਤਸ਼ਾਹ ਨੂੰ ਵੇਖਦਿਆਂ ਭਾਰੀ ਰੌਣਕਾਂ ਲੱਗਣ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਬੱਡੀ ਕੱਪ ‘ਚ ਪੂਰਨ ਸਹਿਯੋਗ ਦੇਣ ਦੇ ਨਾਲ-ਨਾਲ ਕਲੱਬ ਅਤੇ ਸ. ਅਮੋਲਕ ਸਿੰਘ ਗਾਖਲ ਵਲੋਂ ਕਬੱਡੀ ਅਤੇ ਪੰਜਾਬੀ ਭਾਈਚਾਰੇ ਦੀ ਇਕਜੁੱਟਤਾ ਲਈ ਪਾਏ ਜਾ ਰਹੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕਰਦਿਆਂ ਇਸ ਵਾਰ ਵੀ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਗੁਰਦੁਆਰਾ ਸਾਹਿਬ ਸਟਾਕਟਨ ਦੇ ਗੁਲਵਿੰਦਰ ਸਿੰਘ ਗਾਖਲ, ਸਿੰਘ ਸਭਾ ਗੁਰੂਘਰ ਦੇ ਜਸਵੰਤ ਸਿੰਘ ਹੋਠੀ ਅਤੇ ਬਿੱਲਾ ਸੰਘੇੜਾ ਨੇ ਮਾਣ ਨਾਲ ਇਹ ਵੀ ਐਲਾਨ ਕੀਤਾ ਕਿ ਇਸ ਵਾਰ ਦੇ ਵਿਸ਼ਵ ਕਬੱਡੀ ਕੱਪ ਵਿਚ ਗੁਰੂਘਰਾਂ ਵਲੋਂ ਸਾਂਝੇ ਰੂਪ ਵਿਚ ਲੰਗਰ ਦੀ ਵਿਵਸਥਾ ਤਾਂ ਸ਼ਰਧਾ ਨਾਲ ਕੀਤੀ ਹੀ ਜਾ ਰਹੀ ਹੈ, ਸਗੋਂ ਇਸ ਵਾਰ ਪਾਣੀ ਅਤੇ ਜੂਸ ਦੀ ਹਜ਼ਾਰਾਂ ਦਰਸ਼ਕਾਂ ਲਈ ਛਬੀਲ ਵੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦੇ ਇਸ ਵੱਡੇ ਇਕੱਠ ਵਿਚ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਖੇਡ ਮੇਲਾ ਪੰਜਾਬੀਆਂ ਦੀ ਵੱਖਰੀ ਪਹਿਚਾਣ ਤੇ ਮਾਣ ਬਣਦਾ ਜਾ ਰਿਹਾ ਹੈ।