ਅਮਰੀਕਾ ਚੀਨ ਦਰਮਿਆਨ ਤਿੱਖੀ ਹੋਈ ਸ਼ਬਦੀ ਜੰਗ ਵਿਚਾਲੇ ਦੱਖਣੀ ਚੀਨ ਸਮੁੰਦਰ ਵਿਚ ਹਿਲਜੁੱਲ ਵਧੀ

ਅਮਰੀਕਾ ਚੀਨ ਦਰਮਿਆਨ ਤਿੱਖੀ ਹੋਈ ਸ਼ਬਦੀ ਜੰਗ ਵਿਚਾਲੇ ਦੱਖਣੀ ਚੀਨ ਸਮੁੰਦਰ ਵਿਚ ਹਿਲਜੁੱਲ ਵਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਅਤੇ ਚੀਨ ਦਰਮਿਆਨ ਵਿਸ਼ਵ ਤਾਕਤ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਨੂੰ ਕੋਰੋਨਾਵਾਇਰਸ ਫੈਲਣ ਕਾਰਨ ਬਣੇ ਵਿਸ਼ਵ ਵਿਆਪੀ ਹਾਲਾਤਾਂ ਨੇ ਤਿੱਖਾ ਕਰ ਦਿੱਤਾ ਹੈ ਤੇ ਪਿਛਲੀਆਂ ਵਿਸ਼ਵ ਜੰਗਾਂ ਦੀ ਘੋਖ ਕਰਨ ਵਾਲੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਉਹ ਸਾਰੇ ਕਾਰਕ ਮੋਜੂਦ ਹਨ ਜੋ ਕਿਸੇ ਵਿਸ਼ਵ ਜੰਗ ਦੇ ਲੱਗਣ ਦਾ ਕਾਰਨ ਬਣ ਸਕਦੇ ਹਨ। ਇਹਨਾਂ ਮਾਹਿਰਾਂ ਦੇ ਬਿਆਨਾਂ ਨੂੰ ਅਮਰੀਕਾ ਅਤੇ ਚੀਨ ਦੀ ਤਿੱਖੀ ਹੋ ਰਹੀ ਬਿਆਨਬਾਜ਼ੀ ਹੋਰ ਹਵਾ ਦੇ ਰਹੀ ਹੈ। 

ਅਮਰੀਕਾ ਵੱਲੋਂ ਚੀਨ 'ਤੇ ਲਗਾਤਾਰ ਸ਼ਬਦੀ ਹਮਲੇ
ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾਵਾਇਰਸ ਨੂੰ ਵਾਰ ਵਾਰ ਬਾਹਰੀ ਦੁਸ਼ਮਣ, ਚੀਨੀ ਵਾਇਰਸ, ਵੂਹਾਨ ਵਾਇਰਸ ਕਹਿ ਕੇ ਸੰਬੋਧਨ ਕਰ ਰਹੇ ਹਨ ਉੱਥੇ ਟਰੰਪ ਨੇ ਵਿਸ਼ਵੀਕਰਨ ਦੇ ਸਥਾਪਤ ਮਾਡਲ ਨੂੰ ਤੋੜਨ ਲਈ ਪਹਿਲਾ ਵੱਡਾ ਕਦਮ ਚੁੱਕਦਿਆਂ ਵਿਸ਼ਵੀਕਰਨ ਦੀ ਸਭ ਤੋਂ ਅਹਿਮ ਸੰਸਥਾ ਸੰਯੁਕਤ ਰਾਸ਼ਟਰ ਦੀ ਮੁੱਖ ਅਜੇਂਸੀ ਵਿਸ਼ਵ ਸਿਹਤ ਸੰਸਥਾ ਦੀ ਸਾਰੀ ਅਮਰੀਕੀ ਫੰਡਿੰਗ ਰੋਕ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ ਨੂੰ ਸਭ ਤੋਂ ਵੱਧ ਫੰਡ ਅਮਰੀਕਾ ਦਿੰਦਾ ਸੀ ਤੇ ਅਮਰੀਕਾ ਦੀ ਫੰਡਿੰਗ ਰੁਕਣ ਨਾਲ ਸੰਸਥਾ ਨੂੰ ਪੈਣ ਵਾਲਾ ਘਾਟਾ ਪੂਰਾ ਕਰਨਾ ਕਿਸੇ ਵੀ ਹੋਰ ਦੇਸ਼ ਦੇ ਵਸ ਤੋਂ ਬਾਹਰੀ ਗੱਲ ਲਗਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇ ਕੋਰੋਨਾਵਾਇਰਸ ਫੈਲਾਉਣ ਵਿਚ ਚੀਨ ਦਾ ਹੱਥ ਹੋਣ ਦੇ ਕੋਈ ਸਬੂਤ ਮਿਲੇ ਤਾਂ ਚੀਨ ਨੂੰ ਇਸਦੀ ਵੱਡੀ ਕੀਮਤ ਉਤਾਰਨੀ ਪਵੇਗੀ।

ਹੋਰ ਜਾਣਕਾਰੀ ਲਈ ਪੜ੍ਹੋ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਰੋਕਣ ਦਾ ਐਲਾਨ ਕੀਤਾ

ਚੀਨ ਵੱਲੋਂ ਧਮਕੀ ਭਰਿਆ ਜਵਾਬ
ਅਮਰੀਕਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦਾ ਜਵਾਬ ਦਿੰਦਿਆਂ ਚੀਨ ਦੇ ਵਿਦੇਸ਼ ਮਹਿਕਮੇ ਨੇ ਕਿਹਾ ਹੈ ਕਿ ਚੀਨ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕਾਰਵਾਈ ਦਾ ਸਖਤ ਜਵਾਬ ਦਿੱਤਾ ਜਾਵੇਗਾ। ਉਹਨਾਂ ਚੀਨ 'ਤੇ ਲੱਗ ਰਹੇ ਜਾਣਕਾਰੀ ਲੁਕਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ। ਇਸ ਦੇ ਨਾਲ ਹੀ ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਸਥਾ ਨੂੰ ਫੰਡ ਰੋਕਣ ਦੇ ਐਲਾਨ ਮਗਰੋਂ ਚੀਨ ਨੇ ਚੀਨ ਨੇ ਸੰਸਥਾ ਨੂੰ ਵਾਧੂ 30 ਮਿਲੀਅਨ ਡਾਲਰ ਫੰਡ ਦੇਣ ਦਾ ਐਲਾਨ ਕੀਤਾ ਹੈ। 

ਦੱਖਣੀ ਚੀਨ ਸਮੁੰਦਰ ਵਿਚ ਜ਼ੋਰ ਅਜ਼ਮਾਈ ਸ਼ੁਰੂ
ਅਮਰੀਕਾ ਅਤੇ ਚੀਨ ਦਰਮਿਆਨ ਜੰਗ ਦੀ ਸਭ ਤੋਂ ਵੱਡੀ ਹਾਟਸਪਾਟ ਮੰਨੇ ਜਾਂਦੇ ਦੱਖਣੀ ਚੀਨ ਸਮੁੰਦਰ ਵਿਚ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਜਿੱਥੇ ਬੀਤੇ ਦਿਨਾਂ ਦੌਰਾਨ ਚੀਨ ਵੱਲੋਂ ਇਸ ਸਮੁੰਦਰੀ ਖੇਤਰ ਵਿਚ ਆਪਣੀਆਂ ਗਤੀਵਿਧੀਆਂ ਵਧਾਈਆਂ ਗਈਆਂ ਸਨ ਉੱਥੇ ਹੁਣ ਅਮਰੀਕਾ ਨੇ ਵੀ ਚੀਨ ਦੇ ਦਾਅਵੇ ਵਾਲੇ ਸਮੁੰਦਰ ਵਿਚ ਜੰਗੀ ਬੇੜੇ ਦੀ ਫੇਰੀ ਪਵਾ ਦਿੱਤੀ ਹੈ। ਇਸ ਸਮੁੰਦਰੀ ਖੇਤਰ ਵਿਚ ਪੈਂਦੀ ਵਿਵਾਦਤ ਤਾਈਵਾਨ ਸਟਰੇਟ ਵਿਚ ਅਮਰੀਕੀ ਸਮੁੰਦਰੀ ਲੜਾਕੂ ਜਹਾਜ਼ ਨੇ ਮਹੀਨੇ ਅੰਦਰ ਦੂਜਾ ਗੇੜਾ ਮਾਰਿਆ ਹੈ। ਇੱਥੇ ਹੀ ਨੇੜੇ ਚੀਨੀ ਜੰਗੀ ਬੇੜਾ ਵੀ ਤੈਨਾਤ ਹੈ। 

ਹੋਰ ਜਾਣਕਾਰੀ ਲਈ ਪੜ੍ਹੋ: ਪ੍ਰਸ਼ਾਂਤ ਮਹਾਸਾਗਰ ਵਿਚ ਤੈਨਾਤ ਦੋ ਜੰਗੀ ਜਹਾਜ਼ਾਂ 'ਚ ਕੋਰੋਨਾਵਾਇਰਸ ਫੈਲਣ ਨਾਲ ਅਮਰੀਕੀ ਸੁਰੱਖਿਆ ਨੀਤੀ 'ਤੇ ਖਤਰਾ

ਦੱਸ ਦਈਏ ਕਿ ਚੀਨ ਤਾਈਵਾਨ ਨੂੰ ਆਪਣਾ ਖਿੱਤਾ ਮੰਨਦਾ ਹੈ ਜਦਕਿ ਅਮਰੀਕਾ ਚੀਨ ਵਿਰੋਧੀ ਤਾਈਵਾਨ ਸਰਕਾਰ ਦੀ ਮਦਦ ਕਰਦਾ ਹੈ। ਬੀਤੇ ਦਿਨੀਂ ਇਸ ਸਮੁੰਦਰੀ ਖੇਤਰ ਵਿਚ ਤੈਨਾਤ ਅਮਰੀਕਾ ਦੇ ਵੱਡੀ ਜੰਗੀ ਬੇੜਿਆਂ 'ਤੇ ਕੋਰੋਨਾਵਾਇਰਸ ਫੈਲਣ ਕਰਕੇ ਅਮਰੀਕਾ ਦੀ ਇਸ ਖਿੱਤੇ ਵਿਚ ਤਾਕਤ ਕਮਜ਼ੋਰ ਹੋਣ ਦੀਆਂ ਗੱਲਾਂ ਹੋ ਰਹੀਆਂ ਸਨ ਤੇ ਨਾਲ ਹੀ ਚੀਨੀ ਗਤੀਵਿਧੀਆਂ ਤੇਜ਼ ਹੋਣ ਦੀਆਂ ਖਬਰਾਂ ਆ ਰਹੀਆਂ ਸਨ। ਅਮਰੀਕੀ ਜੰਗੀ ਬੇੜੇ ਦਾ ਇਹ ਗੇੜਾ ਅਮਰੀਕਾ ਵੱਲੋਂ ਇਸ ਖਿੱਤੇ ਵਿਚ ਆਪਣੀ ਫੌਜੀ ਤਾਕਤ ਦੇ ਪ੍ਰਦਰਸ਼ਨ ਵਜੋਂ ਮੰਨਿਆ ਜਾ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।