ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਰੋਕਣ ਦਾ ਐਲਾਨ ਕੀਤਾ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਰੋਕਣ ਦਾ ਐਲਾਨ ਕੀਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਅਮਰੀਕਾ ਵੱਲੋਂ ਦਿੱਤਾ ਜਾਂਦਾ ਫੰਡ ਰੋਕਣ ਦਾ ਐਲਾਨ ਕੀਤਾ ਹੈ। ਟਰੰਪ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ। ਉਹਨਾਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਵਿਚ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਭਾਏ ਰੋਲ ਦਾ ਮੁੜ ਵਿਸ਼ਲੇਸ਼ਣ ਕੀਤਾ ਜਾਵੇਗਾ।

ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਆਪਣੀ ਮੁੱਖ ਜ਼ਿੰਮੇਵਾਰੀ ਵਿਚ ਨਾਕਾਮ ਰਹੀ ਹੈ ਅਤੇ ਇਸ ਲਈ ਉਸਨੂੰ ਜ਼ਿੰਮੇਵਾਰ ਤੈਅ ਕੀਤਾ ਜਾਣਾ ਜ਼ਰੂਰੀ ਹੈ। ਟਰੰਪ ਨੇ ਦੋਸ਼ ਲਾਇਆ ਕਿ ਸੰਸਥਾ ਨੇ ਵਾਇਰਸ ਬਾਰੇ ਚੀਨ ਦੀ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕੀਤਾ ਜਿਸ ਕਰਕੇ ਇਹ ਵਾਇਰਸ ਇਸ ਵੱਡੇ ਪੱਧਰ ਤਕ ਫੈਲਿਆ।

ਦਸ ਦਈਏ ਕਿ ਵਿਸ਼ਵ ਸਿਹਤ ਸੰਸਥਾ ਨੂੰ ਸਭ ਤੋਂ ਵੱਡਾ ਫੰਡ ਅਮਰੀਕਾ ਵੱਲੋਂ ਹੀ ਦਿੱਤਾ ਜਾਂਦਾ ਹੈ। ਅਮਰੀਕਾ ਨੇ ਸਾਲ 2019 'ਚ ਇਸ ਸੰਸਥਾ ਨੂੰ 400 ਮਿਲੀਅਨ ਡਾਲਰ ਤੋਂ ਵੱਧ ਫੰਡ ਦਿੱਤਾ ਹੈ। 

ਟਰੰਪ ਦੇ ਇਸ ਐਲਾਨ ਦੀ ਨਿੰਦਾ ਹੋਣੀ ਵੀ ਸ਼ੁਰੂ ਹੋ ਗਈ ਹੈ। ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਡਾ. ਪੈਟਰਿਸ ਹੈਰਿਸ ਨੇ ਇਸ ਨੂੰ ਇਕ ਖਤਰਨਾਕ ਕਦਮ ਦੱਸਿਆ ਹੈ ਜੋ ਕੋਵਿਡ-19 ਮਹਾਂਮਾਰੀ ਨਾਲ ਲੜਾਈ ਨੂੰ ਕਮਜ਼ੋਰ ਕਰੇਗਾ।

ਕੋਰੋਨਾਵਾਇਰਸ ਦੇ ਇਤਿਹਾਸਕ ਰਾਜਨੀਤਕ ਅਸਰਾਂ ਦਾ ਅਰੰਭ
ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਸ ਨਾਲ ਪੈਣ ਵਾਲੇ ਵਿਸ਼ਵ ਰਾਜਨੀਤਕ ਅਸਰਾਂ ਦਾ ਦੌਰ ਅੱਜ ਟਰੰਪ ਦੇ ਇਸ ਐਲਾਨ ਨਾਲ ਸ਼ੁਰੂ ਮੰਨਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਦੁਨੀਆ ਦੇ ਅਹਿਮ ਕੌਮਾਂਤਰੀ ਅਦਾਰਿਆਂ ਵਿਚੋਂ ਇਕ ਹੈ ਜੋ ਸੰਯੁਕਤ ਰਾਸ਼ਟਰ (ਯੂ.ਐਨ) ਦੀ ਇਕ ਖਾਸ ਅਜੈਂਸੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।