ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾਵਾਇਰਸ: ਵਿਸ਼ਵ ਸਿਹਤ ਸੰਸਥਾ

ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾਵਾਇਰਸ: ਵਿਸ਼ਵ ਸਿਹਤ ਸੰਸਥਾ

ਚੰਡੀਗੜ੍ਹ: ਵਿਸ਼ਵ ਸਿਹਤ ਸੰਸਥਾ (WHO) ਨੇ ਆਪਣੇ ਇਕ ਪਰਚੇ ਵਿਚ ਸਾਫ ਕੀਤਾ ਹੈ ਕਿ ਕੋਰੋਨਾਵਾਇਰਸ ਹਵਾ ਰਾਹੀਂ ਨਹੀਂ ਫੈਲਦਾ। ਪਰਚੇ ਵਿਚ ਕਿਹਾ ਗਿਆ ਹੈ ਕਿ ਇਹ ਵਾਇਰਸ ਵਿਅਕਤੀ ਦੇ ਸਾਹ ਰਗ ਵਾਲੇ ਤਰਲ ਕਣਾਂ ਅਤੇ ਬਹੁਤ ਨਜ਼ਦੀਕੀ ਸਬੰਧ ਨਾਲ ਫੈਲਦਾ ਹੈ। 

ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਸਾਹ ਰਗ ਵਾਲੇ ਤਰਲ ਕਣਾਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਮਹਿਜ਼ 1 ਮੀਟਰ ਦੀ ਦੂਰੀ ਤਕ ਹੀ ਫੈਲਣ ਦੀ ਸਮਰੱਥਾ ਰਖਦੇ ਹਨ। ਇਹ ਕਣ ਖੰਘਣ ਜਾਂ ਛਿੱਕਣ ਮੌਕੇ ਪੀੜਤ ਵਿਅਕਤੀ ਦੀ ਸਾਹ ਰਗ ਵਿਚੋਂ ਬਾਹਰ ਆਉਂਦੇ ਹਨ ਜਿਹਨਾਂ ਦਾ ਅਕਾਰ 5 ਤੋਂ 10 ਮਾਈਕਰੋਨ ਹੁੰਦਾ ਹੈ। ਜਦਕਿ ਹਵਾ ਵਿਚ ਤੈਰਣ ਦੀ ਸਮਰੱਥਾ ਸਿਰਫ 5 ਮਾਈਕਰੋਨ ਤੋਂ ਛੋਟੇ ਕਣਾਂ ਵਿਚ ਹੀ ਹੁੰਦੀ ਹੈ। 

ਇਸ ਖੋਜ ਮੁਤਾਬਕ ਜੇ ਕੋਈ ਪੀੜਤ ਵਿਅਕਤੀ ਹੈ ਤਾਂ ਉਸ ਦੇ ਖੰਘਣ ਜਾਂ ਛਿੱਕਣ ਮੌਕੇ ਕਿਸੇ ਦੂਜੇ ਵਿਅਕਤੀ ਤਕ ਇਹ ਕਣ ਪਹੁੰਚ ਸਕਦੇ ਹਨ ਜੋ 1 ਮੀਟਰ ਦੇ ਘੇਰੇ ਵਿਚ ਹੋਵੇ ਜਾਂ ਫੇਰ ਜਦੋਂ ਪੀੜਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ ਤਾਂ ਇਹ ਕਣ ਕਿਸੇ ਚੀਜ਼ 'ਤੇ ਡਿਗ ਜਾਣ ਉਪਰੰਤ ਕੋਈ ਹੋਰ ਵਿਅਕਤੀ ਉਸ ਚੀਜ਼ ਦੇ ਸੰਪਰਕ ਵਿਚ ਆ ਜਾਵੇ ਤਾਂ ਇਹ ਕਣ ਉਸ ਤਕ ਪਹੁੰਚ ਸਕਦੇ ਹਨ। 

ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਹੀ ਇਸ ਬਿਮਾਰੀ ਤੋਂ ਪ੍ਰਹੇਜ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕਈ ਤਰ੍ਹਾਂ ਦੀਆਂ ਅਫਵਾਹਾਂ ਇਸ ਬਿਮਾਰੀ ਬਾਰੇ ਫੈਲਾਈਆਂ ਜਾ ਰਹੀਆਂ ਹਨ ਜਿਸ ਨਾਲ ਪੀੜਤ ਲੋਕਾਂ ਦੇ ਅੰਤਿਮ ਸੰਸਕਾਰ ਨੂੰ ਵੀ ਰੋਕਿਆ ਜਾ ਰਿਹਾ ਹੈ। ਜਦਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਇਹ ਸਾਫ ਕੀਤਾ ਜਾ ਚੁੱਕਿਆ ਹੈ ਕਿ ਇਹ ਵਾਇਰਸ ਅੰਤਿਮ ਸੰਸਕਾਰ ਦੀ ਕਿਰਿਆ ਨਾਲ ਅੱਗੇ ਨਹੀਂ ਫੈਲਦਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।