ਬ੍ਰਿਟੇਨ ਨੇ ਪਹਿਲੀ ਵਿਸ਼ਵ ਜੰਗ ’ਵਿਚ ਹਿੱਸਾ ਲੈਣ ਵਾਲੇ ਸਿੱਖ ਫੌਜੀ ਦਾ ਬੁੱਤ ਲੈਸਟਰ ਵਿੱਚ ਲਗਾਇਆ

ਬ੍ਰਿਟੇਨ ਨੇ ਪਹਿਲੀ ਵਿਸ਼ਵ ਜੰਗ ’ਵਿਚ ਹਿੱਸਾ ਲੈਣ ਵਾਲੇ ਸਿੱਖ ਫੌਜੀ ਦਾ ਬੁੱਤ ਲੈਸਟਰ ਵਿੱਚ ਲਗਾਇਆ

*ਬੁੱਤ-ਤਰਾਸ਼ ਤਰਨਜੀਤ ਸਿੰਘ ਵਲੋਂ ਇਹ ਬੁੱਤ ਬਣਾਇਆ ਗਿਆ 

*ਬੁੱਤ ਲਈ ਪੈਸੇ ਕਾਉਂਸਲ ਤੇ ਸਿੱਖ ਸੰਗਤਾਂ ਵਲੋਂ ਜੁਟਾਏ       

ਅੰਮ੍ਰਿਤਸਰ ਟਾਈਮਜ਼

ਲੈਸਟਰ -ਦੁਨੀਆਂ ਭਰ ਦੇ ਸੰਘਰਸ਼ਾਂ ਵਿੱਚ ਯੂਕੇ ਲਈ ਜੰਗਾਂ ਲੜਨ ਵਾਲੇ ਸਿੱਖਾਂ ਦੇ ਸਨਮਾਨ ਲਈ ਬ੍ਰਿਟੇਨ ਦੇ ਲੈਸਟਰ ਵਿੱਚ ਇੱਕ ਸਿੱਖ ਫੌਜੀ ਦਾ ਬੁੱਤ ਲਗਾਇਆ ਗਿਆ ਹੈ।ਵਿਕਟੋਰੀਆ ਪਾਰਕ 'ਵਿਚ ਬੀਤੇ ਐਤਵਾਰ ਨੂੰ ਸੰਗਮਰਮਰ ਦੇ ਪੱਥਰ ֹ'ਤੇ ਲਗਾਏ ਗਏ ਕਾਂਸੀ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ।ਸਿੱਖ ਟਰੂਪਸ ਵਾਰ ਮੈਮੋਰੀਅਲ ਕਮੇਟੀ ਨੇ ਕਿਹਾ ਕਿ ਇਹ ਬੁੱਤ ਪਹਿਲਾਂ ਤੋਂ ਮੌਜੂਦ ਜੰਗੀ ਯਾਦਗਾਰਾਂ ਨੂੰ ਮੁਕੰਮਲ ਕਰੇਗਾ।

ਪਹਿਲੀ ਵਿਸ਼ਵ ਜੰਗ ਦੇ ਸ਼ੁਰੂ ਹੋਣ ਸਮੇਂ 20 ਫ਼ੀਸਦ ਤੋਂ ਵੱਧ ਸਿੱਖ ਬ੍ਰਿਟਿਸ਼ ਭਾਰਤੀ ਫੌਜ ਦਾ ਹਿੱਸਾ ਸਨ। ਦੁਨੀਆ ਭਰ ਦੇ ਸੰਘਰਸ਼ਾਂ ਵਿੱਚ ਯੂਕੇ ਲਈ ਜੰਗਾਂ ਲੜਨ ਵਾਲੇ ਸਿੱਖਾਂ ਦੇ ਸਨਮਾਨ ਲਈ ਲੈਸਟਰ ਵਿੱਚ ਇੱਕ ਸਿੱਖ ਫੌਜੀ ਦਾ ਬੁੱਤ ਦਾ ਲਗਾਇਆ ਗਿਆ ਹੈ।ਬੁੱਤ-ਤਰਾਸ਼ ਤਰਨਜੀਤ ਸਿੰਘ ਵਲੋਂ ਇਹ ਬੁੱਤ ਬਣਾਇਆ ਗਿਆ ਹੈ। ਇਸ ਬੁੱਤ ਲਈ ਪੈਸੇ ਕਾਉਂਸਲ ਤੇ ਸਿੱਖ ਸੰਗਤਾਂ ਵਲੋਂ ਜੁਟਾਏ ਗਏ।

ਸਿੱਖ ਭਾਈਚਾਰੇ ਬੁੱਤ ਲਗਾਉਣ ਦਾ ਸੁਆਗਤ

ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਬਸਰਾ ਨੇ ਕਿਹਾ, "ਅਸੀ ਇਸ ਯਾਦਗਰ ਦਾ ਉਦਘਾਟਨ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ, ਇਹ ਉਨ੍ਹਾਂ ਬਹਾਦਰ ਲੋਕਾਂ ਦੀ ਕੁਰਬਾਨੀ ਦਾ ਸਨਮਾਨ ਹੈ ਜਿਨ੍ਹਾਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕੀਤਾ ਉਸ ਮੁਲਕ ਲਈ ਜੰਗ ਖ਼ਾਤਰ ਜੋ ਉਨ੍ਹਾਂ ਦਾ ਆਪਣਾ ਨਹੀਂ ਸੀ।"ਉਨ੍ਹਾਂ ਕਿਹਾ ਕਿ ਬੁੱਤ ਉਨ੍ਹਾਂ ਸਿੱਖਾਂ ਦੀ ਯਾਦ ਦਵਾਉਂਦਾ ਰਹੇਗਾ ਜਿਨ੍ਹਾਂ ਲੈਸਟਰ ਨੂੰ ਆਪਣਾ ਘਰ ਬਣਾ ਲਿਆ।

ਲੈਸਟਰ ਸਿਟੀ ਕਾਉਂਸਲ ਦੇ ਪਿਆਰਾ ਸਿੰਘ ਕਲੇਰ ਨੇ ਕਿਹਾ, "ਸਾਡੇ ਸ਼ਹਿਰ ਦੀ ਤਰੱਕੀ ਲਈ ਸਿੱਖ ਭਾਈਚਾਰੇ ਨੇ ਪਿਛਲੇ ਕਈ ਦਹਾਕਿਆਂ ਤੋਂ ਅਹਿਮ ਹਿੱਸਾ ਪਾਇਆ ਹੈ।ਮੈਨੂੰ ਬਹੁਤ ਖੁਸ਼ੀ ਹੈ ਕਿ ਵਿਕਟੋਰੀਆ ਪਾਰਕ ਵਿੱਚ ਇੱਕ ਸਿੱਖ ਯਾਦਗਾਰੀ ਬੁੱਤ ਦੀ ਕਲਪਨਾ ਮਰਹੂਮ ਕੌਂਸਲਰ ਕੁਲਦੀਪ ਸਿੰਘ ਭੱਟੀ ਐਮ.ਬੀ.ਈ. ਦੁਆਰਾ ਕੀਤੀ ਗਈ ਸੀ ਜਿਸ ਦਾ ਹੁਣ ਉਦਘਾਟਨ ਕੀਤਾ ਜਾ ਰਿਹਾ ਹੈ।ਇਸ ਪਾਰਕ ਵਿੱਚ ਹੋਰ ਯਾਦਗਾਰਾਂ ਵਾਂਗ ਇੱਕ ਢੁੱਕਵੀਂ ਸ਼ਰਧਾਂਜਲੀ ਪ੍ਰਗਟ ਕਰਦਾ ਹੈ।"ਇਸ ਬੁੱਤ ਦਾ ਉਦਘਾਟਨ ਡੇ ਮੋਂਟਫੋਪਟ ਹਾਲ ਵਿੱਚ ਐਤਵਾਰ ਨੂੰ ਯੂਕੇ ਸਮੇਂ ਮੁਤਾਬਕ ਦੁਪਹਿਰ ਇੱਕ ਵਜੇ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਸੈਂਕੜੇ ਲੋਕਾਂ ਦੇ ਨਾਲ-ਨਾਲ ਫ਼ੌਜ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ।

            ਸਮੈਥਕ ਸ਼ਹਿਰ ਵਿੱਚ ਵੀ ਲਗਾਇਆ ਗਿਆ ਸੀ ਇੱਕ ਸਿੱਖ ਫ਼ੌਜੀ ਦਾ ਬੁੱਤ                               

ਯੂਕੇ ਵਲੋਂ ਪਹਿਲੀ ਵਿਸ਼ਵ ਜੰਗ ਦੇ 100 ਸਾਲ ਪੂਰੇ ਹੋਣ ਮੌਕੇ ਸਮੈਥਕ ਸ਼ਹਿਰ 'ਚ ਵੀ ਇੱਕ ਸਿੱਖ ਫੌਜੀ ਦਾ 10 ਫੁੱਟ ਉੱਚਾ ਬੁੱਤ ਲਗਾਇਆ ਗਿਆ ਸੀ।ਤਾਂਬੇ ਨਾਲ ਬਣਿਆ ਇਹ ਬੁੱਤ ਪਹਿਲੇ ਵਿਸ਼ਵ ਯੁੱਧ ਵਿੱਚ ਅਤੇ ਹੋਰ ਸੰਘਰਸ਼ਾਂ ਦੌਰਾਨ ਬ੍ਰਿਟੇਨ ਲਈ ਲੜਨ ਵਾਲੇ ਭਾਰਤ ਦੇ ਸਾਰੇ ਧਰਮਾਂ ਦੇ ਲੋਕਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ।'ਲਾਇਨਸ ਆਫ ਦਾ ਗ੍ਰੇਟ ਵਾਰ' ਬੁੱਤ ਨੂੰ ਸਮੈਥਕ ਦੇ ਗੁਰਦੁਆਰਾ ਗੁਰੂ ਨਾਨਕ ਵਲੋਂ ਬਣਵਾਇਆ ਗਿਆ ਸੀ।ਇਸੇ ਤਰ੍ਹਾਂ ਸਟੈਫੋਰਡਸ਼ਾਇਰ ਦੇ ਨੈਸ਼ਨਲ ਮੈਮੋਰੀਅਲ ਆਰਬੋਰੇਟਮ ਵਿੱਚ ਵੀ ਪਹਿਲੀ ਵਿਸ਼ਵ ਜੰਗ ਦੌਰਾਨ ਲੜਨ ਵਾਲੇ ਸਿੱਖ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਬਣਾਈ ਗਈ ਸੀ।

ਕੌਮੀ ਡਬਲਯੂਡਬਲਯੂ 1 ਸਿੱਖ ਮੈਮੋਰੀਅਲ ਬੁੱਤ 130,000 ਸਿੱਖ ਫ਼ੌਜੀਆਂ ਦੀ ਯਾਦ ਵਿੱਚ ਹੈ ਜਿਨ੍ਹਾਂ ਨੇ ਯੁੱਧ ਵਿੱਚ ਹਿੱਸਾ ਲਿਆ ਸੀ।ਇਸ ਬੁੱਤ ਨੂੰ ਬਣਵਾਉਣ ਤੇ ਕਰੀਬ 22,000 ਪੌਡ ਦਾ ਖ਼ਰਚਾ ਆਇਆ ਸੀ ਜਿਸ ਦਾ ਭੁਗਤਾਨ ਸਿੱਖ ਪੰਥ ਨੂੰ ਸਮਰਪਿਤ 150 ਲੋਕਾਂ ਵਲੋਂ ਕੀਤਾ ਗਿਆ ਸੀ।