ਲਾਕਡਾਊਨ ਦੀ ਮਾਰ ਵਿਚ ਮਹਿੰਗੀ ਪੜ੍ਹਾਈ ਮਾਰੇਗੀ ਦੋਹਰੀ ਮਾਰ

ਲਾਕਡਾਊਨ ਦੀ ਮਾਰ ਵਿਚ ਮਹਿੰਗੀ ਪੜ੍ਹਾਈ ਮਾਰੇਗੀ ਦੋਹਰੀ ਮਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਕਾਰਨ ਲੱਗੇ ਲਾਕਡਾਊਨ ਦੇ ਚਲਦਿਆਂ ਜਿੱਥੇ ਆਮ ਲੋਕਾਂ ਨੂੰ ਬਹੁਤ ਵੱਡਾ ਆਰਥਿਕ ਘਾਟਾ ਪਿਆ ਹੈ ਅਤੇ ਇਸ ਮੰਦੀ ਦੇ ਦੌਰ ਵਿਚ ਘਰ ਚਲਾਉਣ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਲੋਕਾਂ ਲਈ ਔਖੀਆਂ ਹੋ ਰਹੀਆਂ ਹਨ ਉੱਥੇ ਸਰਕਾਰ ਵੱਲੋਂ ਲੋਕਾਂ ਨੂੰ ਮਦਦ ਦੇਣ ਦੀ ਬਜਾਏ ਉਲਟ ਲੀਹ 'ਤੇ ਚਲਦਿਆਂ ਲੋਕਾਂ ਦੇ ਖਰਚੇ ਵਧਾਏ ਜਾ ਰਹੇ ਹਨ। ਜਿੱਥੇ ਕੁੱਝ ਦਿਨਾਂ ਤੋਂ ਸਕੂਲਾਂ ਵੱਲੋਂ ਫੀਸਾਂ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਸੀ ਉੱਥੇ ਹੁਣ ਯੂਨੀਵਰਸਿਟੀਆਂ ਵਿਚ ਵੀ ਫੀਸਾਂ ਦਾ ਮਾਮਲਾ ਭਖਦਾ ਜਾ ਰਿਹਾ ਹੈ।

ਪੰਜਾਬ ਸਰਕਾਰ ਨੇ ਐਮਬੀਬੀਐਸ ਕੋਰਸ ਦੀਆਂ ਫੀਸਾਂ ਵਧਾਈਆਂ
ਪੰਜਾਬ ਸਰਕਾਰ ਨੇ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਐਮਬੀਬੀਐਸ ਕੋਰਸਾਂ ਦੀ ਫੀਸ ਵਧਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਇਹਨਾਂ ਕਾਲਜਾਂ ਦੀਆਂ ਫੀਸਾਂ 2015 ਤੋਂ ਬਾਅਦ ਨਹੀਂ ਵਧਾਈਆਂ ਗਈਆਂ, ਜਿਸ ਕਾਰਨ ਹੁਣ ਇਹਨਾਂ ਦੀ ਫੀਸ ਵਧਾਣੀ ਪੈ ਰਹੀ ਹੈ। 

ਪੰਜਾਬ ਯੂਨੀਵਰਸਿਟੀ ਦੀਆਂ ਫੀਸਾਂ ਵਧਾਉਣ ਦੀ ਤਿਆਰੀ
ਪੰਜਾਬ ਯੂਨੀਵਰਸਿਟੀ ਵਿਚ ਅਗਲੇ ਸੈਸ਼ਨ ਲਈ ਫੀਸਾਂ ਵਧਾਉਣ ਦੀ ਗੱਲ ਹੋ ਰਹੀ ਹੈ। ਇਸ ਬਾਰੇ 30 ਮਈ ਨੂੰ ਹੋਣ ਵਾਲੀ ਸਿੰਡੀਕੇਟ ਬੈਠਕ ਵਿਚ ਫੈਂਸਲਾ ਕੀਤਾ ਜਾਵੇਗਾ। ਦੱਸ ਦਈਏ ਕਿ 20 ਫਰਵਰੀ, 2020 ਨੂੰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਵੱਲੋਂ ਬਣਾਈ ਗਈ 15 ਮੈਂਬਰੀ ਕਮੇਟੀ ਨੇ ਸਾਲ 2020-21 ਲਈ ਸੈਲਫ ਫਾਇਨਾਂਸਡ ਕੋਰਸਾਂ ਅਤੇ ਟ੍ਰੇਡੀਸ਼ਨਲ ਕੋਰਸਾਂ ਵਿਚ ਕ੍ਰਮਵਾਰ 7.5 ਫੀਸਦੀ ਅਤੇ 5 ਫੀਸਦੀ ਫੀਸ ਵਧਾਉਣ ਦੀ ਸਲਾਹ ਦਿੱਤੀ ਸੀ।

ਦੱਸ ਦਈਏ ਕਿ ਪਿਛਲੇ ਸਾਲ ਵੀ ਪੀ.ਯੂ ਨੇ ਸੈਲਫ ਫਾਇਨਾਂਸਡ ਕੋਰਸਾਂ ਅਤੇ ਟ੍ਰੇਡੀਸ਼ਨਲ ਕੋਰਸਾਂ ਵਿਚ ਕ੍ਰਮਵਾਰ 7 ਫੀਸਦੀ ਅਤੇ 10 ਫੀਸਦੀ ਫੀਸ ਦਾ ਵਾਧਾ ਕੀਤਾ ਸੀ। 

ਵਿਦਿਆਰਥੀਆਂ ਵੱਲੋਂ ਇਸ ਫੀਸ ਵਾਧੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਮੇਟੀ ਵੱਲੋਂ ਸਲਾਹ ਦਿੱਤੇ ਜਾਣ ਮੌਕੇ ਵੀ ਪੈਨਲ ਵਿਚ ਸ਼ਾਮਲ ਵਿਦਿਆਰਥੀ ਕੋਂਸਲ ਦੇ ਪ੍ਰਧਾਨ ਚੇਤਨ ਚੌਧਰੀ ਨੇ ਇਸ ਵਾਧੇ ਦਾ ਵਿਰੋਧ ਕੀਤਾ ਸੀ। ਪਰ ਹੁਣ ਲਾਕਡਾਊਨ ਤੋਂ ਬਾਅਦ ਹਾਲਾਤ ਹੋਰ ਵੀ ਬਦਲ ਗਏ ਹਨ।