ਦੇਸ਼ ਧ੍ਰੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਬਜ਼ੁਰਗ ਸਿੱਖ ਦੇ ਹੱਕ 'ਚ ਆਏ ਐਮਐਲਏ ਸੁਖਪਾਲ ਸਿੰਘ ਖਹਿਰਾ

ਦੇਸ਼ ਧ੍ਰੋਹ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਬਜ਼ੁਰਗ ਸਿੱਖ ਦੇ ਹੱਕ 'ਚ ਆਏ ਐਮਐਲਏ ਸੁਖਪਾਲ ਸਿੰਘ ਖਹਿਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਯੂਏਪੀਏ ਕਾਨੂੰਨ ਅਧੀਨ ਗ੍ਰਿਫਤਾਰ ਕੀਤੇ ਗਏ ਸਿੱਖ ਜੋਗਿੰਦਰ ਸਿੰਘ ਗੁੱਜਰ ਦੇ ਹੱਕ ਵਿਚ ਸੁਖਪਾਲ ਸਿੰਘ ਖਹਿਰਾ ਨੇ ਅਵਾਜ਼ ਚੁੱਕਦਿਆਂ ਇਸ ਗ੍ਰਿਫਤਾਰੀ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪੁਲਸ ਨੇ ਜੋਗਿੰਦਰ ਸਿੰਘ ਨੂੰ ਭਾਰਤ ਖਿਲਾਫ ਜੰਗ ਛੇੜਨ ਅਤੇ ਦੇਸ਼ ਧ੍ਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਹੈ।

ਦੱਸ ਦਈਏ ਕਿ ਜੋਗਿੰਦਰ ਸਿੰਘ ਬੀਤੇ ਕਈ ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਪਿਛਲੇ ਦਿਨੀਂ ਉਹ ਪੰਜਾਬ ਆਇਆ ਸੀ। ਪੰਜਾਬ ਪੁਲਸ ਨੇ ਉਸਨੂੰ ਉਸਦੇ ਪਿੰਡਾ ਅਕਲਾ ਤੋਂ ਗ੍ਰਿਫਤਾਰ ਕੀਤਾ ਹੈ। 

ਜੋਗਿੰਦਰ ਸਿੰਘ ਖਿਲਾਫ ਕਪੂਰਥਲਾ ਦੇ ਭੋਲੱਥ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜੋਗਿੰਦਰ ਸਿੰਘ ਸਿੱਖਸ ਫਾਰ ਜਸਟਿਸ ਜਥੇਬੰਦੀ ਦਾ ਮੈਂਬਰ ਹੈ ਜੋ ਸੰਯੁਕਤ ਰਾਸ਼ਟਰ ਦੇ ਨਿਯਮਾਂ ਮੁਤਾਬਕ ਪੰਜਾਬ ਦੀ ਅਜ਼ਾਦੀ ਲਈ ਰਾਇਸ਼ੁਮਾਰੀ 'ਰੈਫਰੈਂਡਮ 2020' ਕਰਾਉਣ ਦੀ ਮੰਗ ਕਰ ਰਹੀ ਹੈ। ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ 'ਤੇ ਪਾਬੰਦੀ ਲਾਈ ਹੋਈ ਹੈ।

ਪੁਲਸ ਨੇ ਜੋਗਿੰਦਰ ਸਿੰਘ ਕੋਲੋਂ ਮੋਬਾਈਲ ਵਿਚੋਂ ਕੁੱਝ ਤਸਵੀਰਾਂ ਅਤੇ ਸਾਹਿਤ ਮਿਲਣ ਦਾ ਦਾਅਵਾ ਕੀਤਾ ਹੈ ਅਤੇ ਇਸ ਅਧਾਰ 'ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਸਬੰਧਿਤ ਖ਼ਬਰ: ਮਾਮਲਾ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦਾ: ਪੰਜਾਬ ਡੀਜੀਪੀ ਦੇ ਝੂਠ ਦਾ ਸਰਪੰਚ ਨੇ ਪਰਦਾਫਾਸ਼ ਕੀਤਾ

ਇਸ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਭੋਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਕਿ 65 ਸਾਲਾ ਬਜ਼ੁਰਗ ਪਿਛਲੇ 18 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ, ਜੋ ਅਨਪੜ੍ਹ ਹੈ ਅਤੇ ਦਿਲ ਦੇ ਰੋਗ ਦਾ ਮਰੀਜ਼ ਹੈ ਤੇ ਉਸਦਾ ਜ਼ਿੰਦਗੀ ਵਿਚ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਹੈ। ਉਹਨਾਂ ਕਿਹਾ ਕਿ ਪਿੰਡ ਦੇ ਲੋਕਾਂ ਅਤੇ ਪਰਿਵਾਰ ਵਲੋਂ ਇਨਸਾਫ ਲਈ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ ਅਤੇ ਲੋਕ ਉਸਦੀ ਬੇਗੁਨਾਹੀ ਦੀ ਗਵਾਹੀ ਭਰ ਰਹੇ ਹਨ। 

ਸਿਰੋਪਾ ਦੇਣ ਨੂੰ ਦੋਸ਼ ਬਣਾਇਆ
ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ 1 ਨਵੰਬਰ 2019 ਨੂੰ ਜੇਨੇਵਾ ਵਿਚ ਹੋਈ ਸਿੱਖਸ ਫਾਰ ਜਸਟਿਸ ਦੀ ਕਨਵੈਂਸ਼ਨ ਵਿਚ ਜੋਗਿੰਦਰ ਸਿੰਘ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਜੋਗਿੰਦਰ ਸਿੰਘ 'ਤੇ ਦੋਸ਼ ਲਾਇਆ ਗਿਆ ਹੈ ਕਿ ਉਸਨੇ ਇਟਲੀ ਦੇ ਇਕ ਗੁਰਦੁਆਰਾ ਸਾਹਿਬ ਵਿਚ ਸਿੱਖਸ ਫਾਰ ਜਸਟਿਸ ਦੇ ਅਵਤਾਰ ਸਿੰਘ ਪੱਨੂ ਦੇ ਸਿਰੋਪਾ ਪਾਇਆ ਸੀ। ਪੁਲਸ ਨੇ ਦੋਸ਼ ਲਾਇਆ ਹੈ ਕਿ ਉਸਨੇ ਜਲੰਧਰ ਦੇ ਕਿਸੇ ਸੰਦੀਪ ਸਿੰਘ ਨੂੰ ਵੈਸਟਰਨ ਯੂਨੀਅਨ ਰਾਹੀਂ 200 ਯੂਰੋ ਭੇਜੇ ਸਨ ਜੋ ਲਗਭਗ 16000 ਰੁਪਏ ਰਕਮ ਬਣਦੀ ਹੈ। 

ਖਹਿਰਾ ਨੇ ਕੈਪਟਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਇਹ ਦੋਸ਼ ਬੜੇ ਮਾਮੂਲੀ ਹਨ ਜਿਹਨਾਂ ਲਈ ਅਜਿਹੀਆਂ ਸਖਤ ਧਾਰਾਵਾਂ ਲਾਉਣੀਆਂ ਕਿਸੇ ਵੀ ਢੰਗ ਨਾਲ ਵਾਜਬ ਨਹੀਂ। 

ਖਹਿਰਾ ਨੇ ਦੋਸ਼ ਲਾਇਆ ਕਿ ਇਹ ਮਾਮਲਾ ਭਾਰਤੀ ਅਜੈਂਸੀਆਂ ਅਤੇ ਪੁਲਸ ਦੀ ਸੋਚੀ ਸਮਝੀ ਸਾਜਿਸ਼ ਹੈ ਜਿਸ ਨਾਲ ਉਹ ਸਿੱਖਾਂ ਨੂੰ ਦੁਨੀਆ ਵਿਚ ਅੱਤਵਾਦੀ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਯੂਏਪੀਏ ਦੇ ਇਸ ਕਾਲੇ ਕਾਨੂੰਨ ਨੂੰ ਵਰਤਿਆ ਜਾ ਰਿਹਾ ਹੈ। 

ਖਹਿਰਾ ਨੇ ਇਸ ਮਾਮਲੇ ਦੀ ਕਿਸੇ ਉੱਚ ਜੱਜ ਤੋਂ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। 

ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਵੈਬਸਾਈਟਾਂ ਬਲਾਕ ਕੀਤੀਆਂ
ਸਿੱਖਸ ਫਾਰ ਜਸਟਿਸ ਵੱਲੋਂ 4 ਜੁਲਾਈ ਤੋਂ ਸ਼ੁਰੂ ਕੀਤੀ ਗਈ ਰੈਫਰੈਂਡਮ 2020 ਦੀ ਵੋਟਿੰਗ ਦੇ ਚਲਦਿਆਂ ਭਾਰਤ ਸਰਕਾਰ ਨੇ ਜਥੇਬੰਦੀ ਨਾਲ ਸਬੰਧਿਤ 40 ਵੈਬਸਾਈਟਾਂ ਬੰਦ ਕਰ ਦਿੱਤੀਆਂ ਹਨ। ਇਹ ਵੈਬਸਾਈਟਾਂ ਬੰਦ ਕਰਨ ਦੇ ਹੁਕਮ ਭਾਰਤ ਦੇ ਗ੍ਰਹਿ ਮਹਿਕਮੇ ਵੱਲੋਂ ਦਿੱਤੇ ਗਏ ਹਨ।