ਬੁੱਤ ਬਣੇ ਗਾਂਧੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ ਦੁਨੀਆ

ਬੁੱਤ ਬਣੇ ਗਾਂਧੀ ਨੂੰ ਕਿਉਂ ਜ਼ਲੀਲ ਕਰ ਰਹੀ ਹੈ ਦੁਨੀਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦੁਨੀਆ ਵਿਚ ਸ਼ਾਂਤੀ ਦੇ ਮਸੀਹਾ ਵਾਂਗ ਸਥਾਪਤ ਕੀਤੇ ਗਏ ਅਤੇ ਭਾਰਤੀ ਉਪਮਹਾਂਦੀਪ ਦੀਆਂ ਕੌਮਾਂ ਦੀ ਕਤਲਗਾਹ 'ਤੇ ਖੜ੍ਹੇ ਕੀਤੇ ਗਏ ਭਾਰਤੀ ਰਾਸ਼ਟਰ ਦੇ ਰਾਸ਼ਟਰ ਪਿਤਾ ਐਲਾਨੇ ਗਏ ਮਹਾਤਮਾ ਗਾਂਧੀ ਦੇ ਬੁੱਤ ਦੁਨੀਆ ਭਰ ਵਿਚ ਬੇਇਜ਼ਤ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਅਮਰੀਕਾ ਵਿਚ ਪੁਲਸ ਵੱਲੋਂ ਕਤਲ ਕੀਤੇ ਕਾਲੇ ਨੌਜਵਾਨ ਜੋਰਜ ਫਲਾਇਡ ਦੇ ਇਨਸਾਫ ਲਈ ਚੱਲੀ "ਬਲੈਕ ਲਾਈਫਸ ਮੈਟਰ" ਮੁਹਿੰਮ ਦੇ ਲੰਡਨ ਵਿਚ ਹੋ ਰਹੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੰਡਨ ਦੀ ਪਾਰਲੀਮੈਂਟ ਸਕੁਏਅਰ ਵਿਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਉੱਤੇ ਰੰਗ ਸੁੱਟਿਆ ਅਤੇ ਬੁੱਤ ਨੂੰ ਜਾਂਦੀ ਪੌੜੀਆਂ 'ਤੇ ਗਾਂਧੀ ਨੂੰ 'ਨਸਲਵਾਦੀ' ਲਿਖਿਆ। ਇਸ ਤੋਂ ਕੁੱਝ ਦਿਨ ਪਹਿਲਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਸਥਿਤ ਭਾਰਤੀ ਅੰਬੈਸੀ ਦੇ ਬਾਹਰ ਲੱਗੇ ਗਾਂਧੀ ਦੇ ਬੁੱਤ ਦੀ ਵੀ ਪ੍ਰਦਰਸ਼ਨਕਾਰੀਆਂ ਨੇ ਤੋੜਭੰਨ ਕੀਤੀ ਸੀ। 

ਗਾਂਧੀ ਨੂੰ ਨਸਲਵਾਦੀ ਕਿਉਂ ਕਹਿ ਰਹੇ ਹਨ ਲੋਕ?
ਜਿੱਥੇ ਗਾਂਧੀ ਨੂੰ ਅੰਗਰੇਜ਼ਾਂ ਖਿਲਾਫ ਸ਼ਾਂਤਮਈ ਸੰਘਰਸ਼ ਦਾ ਚਿੰਨ੍ਹ ਬਣਾ ਕੇ ਸਥਾਪਤ ਕੀਤਾ ਗਿਆ ਉੱਥੇ ਗਾਂਧੀ ਦੇ ਇਤਿਹਾਸ 'ਤੇ ਨਸਲਵਾਦੀ ਵਿਚਾਰਾਂ ਦੇ ਕਈ ਕਲੰਕ ਵੀ ਹਨ। ਗਾਂਧੀ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗਾਂਧੀ ਨੇ ਕਾਲੇ ਲੋਕਾਂ ਵਿਰੁੱਧ ਨਸਲਵਾਦੀ ਨਫਤਰ ਫੈਲਾਈ ਅਤੇ ਉਸਨੇ ਬ੍ਰਾਹਮਣਵਾਦੀ ਜਾਤੀ ਵਿਧਾਨ ਨੂੰ ਉਤਸ਼ਾਹਤ ਕੀਤਾ। ਇਸ ਤੋਂ ਇਲਾਵਾ ਗਾਂਧੀ ਖਿਲਾਫ ਆਪਣੀ ਰਿਸ਼ਤੇਦਾਰੀ ਵਿਚੋਂ ਨਬਾਲਗ ਕੁੜੀਆਂ ਨਾਲ ਸ਼ਰੀਰਕ ਸ਼ੋਸ਼ਣ ਦੇ ਦੋਸ਼ ਵੀ ਲਾਏ ਜਾਂਦੇ ਹਨ। 

ਅਫਰੀਕਾ ਵਿਚ ਲਗਾਤਾਰ ਵਧ ਰਿਹਾ ਹੈ ਗਾਂਧੀ ਦਾ ਵਿਰੋਧ
ਜਿੱਥੇ ਅਮਰੀਕਾ ਅਤੇ ਬਰਤਾਨੀਆ ਵਿਚ ਹੁਣ ਗਾਂਧੀ ਦੇ ਬੁੱਤਾਂ ਦੀ ਤੋੜਭੰਨ ਹੋ ਰਹੀ ਹੈ ਉੱਥੇ ਅਫਰੀਕਾ ਵਿਚ ਇਹ ਪਿਛਲੇ ਸਾਲਾਂ ਤੋਂ ਚੱਲ ਰਿਹਾ ਹੈ। ਸਾਲ 2016 ਵਿਚ ਯੂਨੀਵਰਸਿਟੀ ਆਫ ਘਾਨਾ 'ਚ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਗਾਂਧੀ ਦਾ ਬੁੱਤ ਹਟਵਾਇਆ ਸੀ। ਇਹਨਾਂ ਦਾ ਕਹਿਣਾ ਸੀ ਕਿ ਗਾਂਧੀ 'ਨਸਲਵਾਦ ਦਾ ਚਿੰਨ੍ਹ' ਹੈ।

 

ਯੂਨੀਵਰਸਿਟੀ ਦੀ ਕਾਨੂੰਨ ਨਾਲ ਸਬੰਧਿਤ ਵਿਦਿਆਰਥਣ ਨੇ ਬੀਬੀਸੀ ਅਖਬਾਰ ਨਾਲ ਗੱਲ ਕਰਦਿਆਂ ਕਿਹਾ ਸੀ, "ਗਾਂਧੀ ਦਾ ਬੁੱਤ ਲਗਾਉਣ ਦਾ ਮਤਲਬ ਹੈ ਕਿ ਅਸੀਂ ਉਸ ਦੀ ਹਰ ਗੱਲ ਨਾਲ ਸਹਿਮਤ ਹਾਂ ਜੋ ਉਹ ਕਹਿੰਦਾ ਸੀ ਅਤੇ ਜੇ ਉਹ ਨਸਲਵਾਦੀ ਸੀ, ਤਾਂ ਮੈਨੂੰ ਨਹੀਂ ਲਗਦਾ ਕਿ ਉਸਦਾ ਬੁੱਤ ਸਾਡੀ ਯੂਨੀਵਰਸਿਟੀ ਵਿਚ ਹੋਣਾ ਚਾਹੀਦਾ ਹੈ।"

2018 ਵਿਚ ਕੈਨੇਡਾ ਦੇ ਓਟਾਵਾ 'ਚ ਸਥਿਤ ਕਾਰਲਟਨ ਯੂਨੀਵਰਸਿਟੀ ਵਿਚ ਇੰਸਟਿਚਿਊਟ ਆਫ ਅਫਰੀਕਨ ਸਟਡੀਜ਼ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਯੂਨੀਵਰਸਿਟੀ ਵਿਹੜੇ ਵਿਚ ਲੱਗੇ ਗਾਂਧੀ ਦੇ ਬੁੱਤ ਨੂੰ ਹਟਾਉਣ ਦੀ ਮੁਹਿੰਮ ਚਲਾਈ ਸੀ। ਉਹਨਾਂ ਦਾ ਕਹਿਣਾ ਸੀ ਕਿ ਗਾਂਧੀ ਨਸਲਵਾਦੀ ਸੀ। ਉਨ੍ਹਾਂ ਕਿਹਾ, "ਗਾਂਧੀ ਨੇ ਆਪਣੇ ਕਾਲਿਆਂ ਵਿਰੁਧ ਨਸਲਵਾਦੀ ਵਤੀਰੇ ਨੂੰ ਅੰਗਰੇਜ਼ਾਂ ਨਾਲ ਸਮਝੌਤੇ ਲਈ ਹਥਿਆਰ ਵਜੋਂ ਵਰਤਿਆ।" ਉਨ੍ਹਾਂ ਕਿਹਾ ਕਿ ਗਾਂਧੀ ਨੇ ਚਮੜੀ ਦੇ ਰੰਗ ਦੇ ਅਧਾਰ 'ਤੇ ਲੋਕਾਂ ਵਿਚ ਵਖਰੇਵੇਂ ਦੀ ਵਕਾਲਤ ਕੀਤੀ ਅਤੇ ਅਫਰੀਕੀ ਲੋਕਾਂ ਨੂੰ ਵਹਿਸ਼ੀਆਂ ਵਾਂਗ ਪੇਸ਼ ਕੀਤਾ।

ਗਾਂਧੀ ਦੀ ਨੈਤਿਕਤਾ ਵੀ ਪਿਛਲੇ ਸਾਲਾਂ ਦੌਰਾਨ ਵੱਧ ਰਹੇ ਵਿਵਾਦ ਦਾ ਵਿਸ਼ਾ ਰਹੀ ਹੈ। ਕੈਲੀਫੋਰਨੀਆ ਦੇ ਡੇਵਿਸ ਵਿੱਚ ਸਾਲ 2016 'ਚ ਗਾਂਧੀ ਦੇ ਬੁੱਤ ਖਿਲਾਫ ਇੱਕ ਵਿਰੋਧ ਪ੍ਰਦਰਸ਼ਨ ਸਬੰਧੀ 'ਸੈਕਰਾਮੈਂਟੋ ਬੀ' ਨੇ ਰਿਪੋਰਟ ਦਿੱਤੀ, “ਗਾਂਧੀ ਨੂੰ ਪ੍ਰਦਰਸ਼ਨਾਕਰੀਆਂ ਵਿੱਚ ਬਹੁਤ ਸਾਰੇ ਲੋਕ ਪੀਡੋਫਾਈਲ (ਬੱਚਿਆਂ ਨਾਲ ਸ਼ਰੀਰਕ ਸਬੰਧ ਬਣਾਉਣ ਦਾ ਇਛੁੱਕ) ਕਹਿ ਰਹੇ ਸਨ ਕਿ ਉਹ ਆਪਣੀ ਪਵਿੱਤਰਤਾ ਦੀ ਸੀਮਾ ਦੇਖਣ ਲਈ ਬੱਚੀਆਂ ਨਾਲ ਨਿਰਵਸਤਰ ਸੌਂਦਾ ਸੀ। ਰਿਪੋਰਟ ਮੁਤਾਬਕ ਇਸ ਮੌਕੇ ਬੇਖੌਫ ਬੋਲਦਿਆਂ ਯੂਬਾ ਸਿਟੀ ਦੇ ਸਾਬਕਾ ਕੌਂਸਲਰ ਤੇਜ ਮਾਨ ਨੇ ਕਿਹਾ ਸੀ, "ਗਾਂਧੀ ਬੱਚਿਆਂ ਦਾ ਸ਼ੋਸ਼ਣ ਕਰਦਾ ਸੀ।"

ਸਾਲ 2015 ਵਿਚ ਦੱਖਣੀ ਅਫਰੀਕਾ ਦੇ ਜੋਹਨਸਬਰਗ ਵਿਚ ਇਕ ਵਿਅਕਤੀ ਨੇ ਗਾਂਧੀ ਦੇ ਬੁੱਤ 'ਤੇ ਚਿੱਟਾ ਰੰਗ ਸੁਟਦਿਆਂ ਗਾਂਧੀ ਦਾ ਬੁੱਤ ਢਾਹੁਣ ਲਈ ਪ੍ਰਦਰਸ਼ਨ ਕੀਤਾ ਸੀ। ਸਾਊਥ ਅਫਰੀਕਾ ਵਿਚ ਇਸ ਤੋਂ ਬਾਅਦ ਗਾਂਧੀ ਮਸਟ ਫਾਲ ਹੈਸ਼ਟੈਗ ਨਾਲ ਲੋਕਾਂ ਨੇ ਗਾਂਧੀ ਦਾ ਬੁੱਤ ਹਟਾਉਣ ਦੀ ਮੁਹਿੰਮ ਚਲਾਈ ਸੀ। 

ਅਫਰੀਕਾ ਤੋਂ ਸ਼ੁਰੂ ਹੋਇਆ ਗਾਂਧੀ ਦੇ ਬੁੱਤਾਂ ਦਾ ਇਹ ਵਿਰੋਧ ਪੂਰੀਆ ਦੁਨੀਆਂ ਵਿਚ ਫੈਲਦਾ ਜਾ ਰਿਹਾ ਹੈ।