ਕੋਰੋਨਾਵਾਇਰਸ ਦੇ ਪ੍ਰਕੋਪ ਵਿਚ ਬੇਆਸਰਿਆਂ ਦੇ ਬੂਹੇ ਮਦਦ ਪਹੁੰਚਾ ਰਹੇ ਗੁਰੂ ਦੇ ਸਿੱਖ

ਕੋਰੋਨਾਵਾਇਰਸ ਦੇ ਪ੍ਰਕੋਪ ਵਿਚ ਬੇਆਸਰਿਆਂ ਦੇ ਬੂਹੇ ਮਦਦ ਪਹੁੰਚਾ ਰਹੇ ਗੁਰੂ ਦੇ ਸਿੱਖ

ਸੁਖਵਿੰਦਰ ਸਿੰਘ
ਜਿੱਥੇ ਅੱਜ ਕੋਰੋਨਾਵਾਇਰਸ ਨਾਲ ਦੁਨੀਆ ਆਪੋ ਆਪ ਲਈ ਫਿਕਰਮੰਦ ਹੋਈ ਪਈ ਹੈ ਅਤੇ ਵਪਾਰਕ ਅਦਾਰੇ ਬੰਦ ਹੋਣ ਕਰਕੇ ਤੇ ਆਵਾਜ਼ਾਈ 'ਤੇ ਪਾਬੰਦੀਆਂ ਲੱਗਣ ਕਰਕੇ ਲੋਕ ਸਟੋਰਾਂ ਵਿਚੋਂ ਸਮਾਨ ਚੁੱਕਣ ਲਈ ਲੜ ਰਹੇ ਹਨ ਉੱਥੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਗੁਰੂ ਪ੍ਰੰਪਰਾ ਦੇ ਪਾਂਧੀ ਬਣ "ਸਰਬੱਤ ਦੇ ਭਲੇ" ਦੀ ਟਾਵੀਂ ਟਾਵੀਂ ਮਹਿਕ ਖਿੰਡਾ ਰਹੇ ਹਨ। ਯੂਕੇ ਅਤੇ ਅਸਟ੍ਰੇਲੀਆ ਤੋਂ ਖਬਰਾਂ ਸਾਹਮਣੇ ਆਈਆਂ ਹਨ ਕਿ ਸਿੱਖ ਸੰਸਥਾਵਾਂ ਘਰਾਂ ਵਿਚ ਬੰਦ ਹੋ ਕੇ ਰਹਿ ਗਏ ਬੇਆਸਰੇ ਬਜ਼ੁਰਗ ਲੋਕਾਂ ਨੂੰ ਉਹਨਾਂ ਦੇ ਘਰਾਂ ਵਿਚ ਖਾਣ ਪੀਣ ਦੀਆਂ ਵਸਤਾਂ ਪਹੁੰਚਾ ਰਹੇ ਹਨ ਤੇ ਲੰਗਰ ਤਿਆਰ ਕਰਕੇ ਉਹਨਾਂ ਦੇ ਘਰਾਂ ਤਕ ਪਹੁੰਚਾਇਆ ਜਾ ਰਿਹਾ ਹੈ। 

ਬਰਤਾਨੀਆ ਦੇ ਬਰਕਸ਼ਾਇਰ ਵਿਚ ਸਲੋਹ ਕਸਬੇ ਅੰਦਰ 65 ਸਾਲ ਤੋਂ ਵੱਧ ਉਮਰ ਦੇ ਲੋੜਵੰਦ ਲੋਕਾਂ ਨੂੰ ਸਿੱਖ ਸੰਸਥਾ ਲੰਗਰ ਪੁੱਜਦਾ ਕਰ ਰਹੀ ਹੈ। 

ਅਸਟ੍ਰੇਲੀਆ ਦੇ ਮੈਲਬਰਨ ਵਿਚ ਵੀ ਸਿੱਖਾਂ ਨੇ ਇਸ ਬਿਪਤਾ ਦੀ ਘੜੀ ਸੇਵਾ ਦਾ ਮੋਰਚਾ ਸਾਂਭ ਲਿਆ ਹੈ। ਇੱਥੇ ਸਿੱਖ ਸੇਵਾਦਾਰਾਂ ਦੀ ਸੰਸਥਾ ਸਿੱਖ ਵੋਲੰਟੀਅਰਸ ਅਸਟ੍ਰੇਲੀਆ ਗਰੁੱਪ ਨੇ ਲੋੜਵੰਦ ਲੋਕਾਂ ਨੂੰ ਘਰੋਂ ਘਰੀਂ ਲੰਗਰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। 

ਸੰਸਥਾ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਨੇ ਇਨਸਾਈਟ ਅਦਾਰੇ ਨਾਲ ਗੱਲ ਕਰਦਿਆਂ ਕਿਹਾ, "ਜਦੋਂ ਲੋਕ ਸਟੋਰਾਂ 'ਤੇ ਟਾਇਲਟ ਪੇਪਰ ਲਈ ਲੜ ਰਹੇ ਹਨ ਤਾਂ ਢਹਿੰਦੀਕਲਾ ਦੀ ਥਾਂ ਚੜ੍ਹਦੀਕਲਾ ਦੀ ਭਾਵਨਾ ਜਗਾਉਣ ਲਈ ਕੁੱਝ ਕਰਨਾ ਚਾਹੀਦਾ ਹੈ। ਅਸੀਂ ਲੋੜਵੰਦ ਲੋਕਾਂ ਲਈ ਇਹ ਸੇਵਾ ਕਰ ਰਹੇ ਹਾਂ।"

ਲੋਕਾਂ ਵੱਲੋਂ ਮਦਦ ਮੰਗਣ ਦੇ ਵਧੇ ਰੁਝਾਨ ਦੇ ਚਲਦਿਆਂ ਇਸ ਸੰਸਥਾ ਨੇ 18 ਮਾਰਚ ਤੋਂ ਅਗਲੇ ਦੋ ਹਫਤਿਆਂ ਲਈ ਘਰੋ ਘਰੀਂ ਲੰਗਰ ਪਹੁੰਚਾਉਣ ਦੀ ਲਗਾਤਾਰ ਸੇਵਾ ਕਰਨ ਦਾ ਫੈਂਸਲਾ ਕੀਤਾ ਹੈ। 

ਕੋਰੋਨਾਵਾਇਰਸ ਬਿਮਾਰੀ ਪ੍ਰਤੀ ਹਦਾਇਤਾਂ ਦੀ ਪਾਲਣਾ ਕਰਦਿਆਂ ਇਹ ਸੇਵਾਦਾਰ ਬਿਮਾਰ ਲੋੜਵੰਦਾਂ ਦੇ ਘਰ ਦੇ ਦਰਵਾਜ਼ੇ 'ਤੇ ਟਿਫਨ ਰੱਖ ਕੇ ਉਹਨਾਂ ਨੂੰ ਸੂਚਿਤ ਕਰ ਦਿੰਦੇ ਹਨ ਤਾਂ ਕਿ ਕਿਸੇ ਤਰ੍ਹਾਂ ਦੇ ਸਿੱਧੇ ਸੰਪਰਕ ਵਿਚ ਨਾ ਆਉਣ। 

ਇਸ ਤੋਂ ਇਲਾਵਾ ਹੋਰ ਵੀ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵੱਲੋਂ ਥਾਂ-ਥਾਂ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਮਦਦ ਦੀਆਂ ਰਿਪੋਰਟਾਂ ਆ ਰਹੀਆਂ ਹਨ। ਗੁਰੂ ਪਾਤਸ਼ਾਹ ਸਭ ਦੀਆਂ ਸੇਵਾਵਾਂ ਪ੍ਰਵਾਨ ਕਰਨ। 

ਅੱਜ ਜਿੱਥੇ ਸਾਰੇ ਲੋਕ ਇਸ ਖਤਰਨਾਕ ਢੰਗ ਨਾਲ ਵਧ ਰਹੀ ਬਿਮਾਰੀ ਤੋਂ ਡਰੇ ਹੋਏ ਹਨ ਉੱਥੇ ਇਹ ਕਾਰਜ ਸਮਾਜ ਵਿਚ ਇਕ ਜੁੱਟਤਾ ਨਾਲ ਇਸ ਬਿਪਤਾ ਦਾ ਮੁਕਾਬਲਾ ਕਰਨ ਦਾ ਮਹਾਨ ਸੁਨੇਹਾ ਦੇ ਰਹੇ ਹਨ।