ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ ਦੇ ਨਤੀਜਿਆਂ ਵਿਚ ਸਿੱਖ ਪੰਚਾਇਤ ਨੂੰ ਮਿਲੀ ਜਿੱਤ

ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ ਦੇ ਨਤੀਜਿਆਂ ਵਿਚ ਸਿੱਖ ਪੰਚਾਇਤ ਨੂੰ ਮਿਲੀ ਜਿੱਤ

ਫਰੀਮਾਂਟ: ਅਮਰੀਕਾ ਦੇ ਅਹਿਮ ਸਿੱਖ ਕੇਂਦਰ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਪ੍ਰਬੰਧਕ ਕਮੇਟੀ ਲਈ ਹੋਈਆਂ ਚੋਣਾਂ ਵਿਚ ਸਿੱਖ ਪੰਚਾਇਤ ਨੇ ਔਸਤਨ 1200 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

ਸਿੱਖ ਪੰਚਾਇਤ ਦੇ ਨੁਮਾਂਇੰਦਿਆਂ ਨੇ ਗੁਰਦੂਆਰਾ ਸਾਹਿਬ ਫਰੀਮਾਂਟ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੀਆਂ ਸੰਗਤਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਲਾਈਨਾਂ ਵਿੱਚ ਖੜੇ ਹੋ ਕੇ ਨਵੀਂ ਸੁਪਰੀਮ ਕੌਂਸਲ ਦੇ ਮੈਂਬਰਾਂ ਦੀ ਚੋਣ ਕੀਤੀ। ਉਹਨਾਂ ਕਿਹਾ ਕਿ ਸੰਗਤ ਨੇ ਪੰਜ ਪਿਆਰਾ ਸਿਧਾਂਤ ਵਿੱਚ ਵਿਸ਼ਵਾਸ ਪ੍ਰਗਟਾ ਕੇ ਬਾਸਾ-ਖਾਲਸਾ ਧੜੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਕਾਰਪੋਰੇਸ਼ਨ ਕੋਡ ਅਨੁਸਾਰ ਚਲਾਉਣ ਦੀ ਨੀਤੀ ਨੂੰ ਨਕਾਰਿਆ ਤੇ ਸਿੱਖ ਪੰਚਾਇਤ ਵੱਲੋਂ ਕੀਤੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ। 

ਸਿੱਖ ਪੰਚਾਇਤ ਦੇ ਨੁਮਾਂਇੰਦਿਆਂ ਨੇ ਕਿਹਾ ਕਿ ਸਾਧ ਸੰਗਤ ਨੇ ਮੰਦੀ ਭਾਸ਼ਾ ਅਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਣ ਵਾਲ਼ਿਆਂ ਵਿਰੁੱਧ ਫ਼ਤਵਾ ਦਿੱਤਾ ਹੈ।

ਦੱਸ ਦਈਏ ਕਿ ਸਾਹਮਣੇ ਆਏ ਨਤੀਜਿਆਂ ਅਨੁਸਾਰ ਸਿੱਖ ਪੰਚਾਇਤ ਦੇ ਉਮੀਦਵਾਰਾਂ ਜਸਵਿੰਦਰ ਸਿੰਘ ਜੰਡੀ, ਰਜਿੰਦਰ ਸਿੰਘ ਰਾਜਾ, ਗੁਰਵਿੰਦਰ ਸਿੰਘ ਪ੍ਰਿੰਸ, ਜਸਪ੍ਰੀਤ ਸਿੰਘ ਅਟਵਾਲ ਅਤੇ ਹਰਪ੍ਰੀਤ ਸਿੰਘ ਬੈਂਸ ਨੂੰ ਕ੍ਰਮਵਾਰ 4371, 4341, 4335, 4324 ਅਤੇ 4279 ਵੋਟਾਂ ਪਈਆਂ ਜਦਕਿ ਵਿਰੋਧੀ ਧਿਰ ਦੇ ਉਮੀਦਵਾਰ ਕੁਲਜੀਤ ਸਿੰਘ, ਦਵਿੰਦਰ ਸਿੰਘ ਚਾਨਾ, ਹਰਮਿੰਦਰ ਸਿੰਘ, ਦਰਸ਼ਨ ਸਿੰਘ ਸੰਧੂ ਅਤੇ ਸਰਬਜੀਤ ਕੌਰ ਚੀਮਾ ਨੂੰ ਕ੍ਰਮਵਾਰ 3081, 3097, 3124, 3200 ਅਤੇ 3227 ਵੋਟਾਂ ਪਈਆਂ। 

ਜ਼ਿਕਰਯੋਗ ਹੈ ਕਿ ਵੋਟਾਂ ਪੈਣ ਮਗਰੋਂ ਆਏ ਨਤੀਜਿਆਂ 'ਤੇ ਬਾਸਾ-ਖਾਲਸਾ ਧੜੇ ਵੱਲੋਂ ਇਤਰਾਜ਼ ਪ੍ਰਗਟ ਕੀਤੇ ਗਏ ਸਨ ਜਿਸ ਮਗਰੋਂ ਇਹ ਨਤੀਜਿਆਂ ਦਾ ਮਾਮਲਾ ਅਦਾਲਤ ਵਿਚ ਗਿਆ ਸੀ।