ਨਿਊਯਾਰਕ ਦੇ ਸਿੱਖਾਂ ਨੇ ਕੋਰੋਨਾ ਕਰਕੇ ਵੱਖ ਕੀਤੇ ਲੋਕਾਂ ਵਾਸਤੇ ਤੀਹ ਹਜਾਰ ਪੈਕੇਟ ਖਾਣੇ ਦਾ ਪ੍ਰਬੰਧ ਕੀਤਾ

ਨਿਊਯਾਰਕ ਦੇ ਸਿੱਖਾਂ ਨੇ ਕੋਰੋਨਾ ਕਰਕੇ ਵੱਖ ਕੀਤੇ ਲੋਕਾਂ ਵਾਸਤੇ ਤੀਹ ਹਜਾਰ ਪੈਕੇਟ ਖਾਣੇ ਦਾ ਪ੍ਰਬੰਧ ਕੀਤਾ

ਨਿਊਯਾਰਕ, (ਬਲਵਿੰਦਰਪਾਲ ਸਿੰਘ ਖਾਲਸਾ): ਕੋਰੋਨਾਵਾਇਰਸ ਕਰਕੇ ਨਿਊਯਾਰਕ ਰਾਜ ਤੇ ਨਿਊ ਯਾਰਕ ਸ਼ਹਿਰ ਦੀ ਹਾਲਤ ਕਾਫੀ ਨਾਜਕ ਹੈ। ਹੁਣ ਤੱਕ ਪ੍ਰਾਪਤ ਖਬਰਾਂ ਅਨੁਸਾਰ ਕੁੱਲ ਦੁਨੀਆਂ ਵਿਚ 417,000 ਮਨੁੱਖਾਂ ਵਿਚ ਕਰੋਨਾ ਹੋਣ ਦੀ ਡਾਕਟਰਾਂ ਨੇ ਪਛਾਣ ਕੀਤੀ ਹੈ, ਅਮਰੀਕਾ ਵਿਚ 53,000 ਮਨੁੱਖਾਂ ਵਿਚ ਕਰੋਨਾ ਪਾਇਆ ਗਿਆ ਹੈ ਤੇ ਕੁੱਲ 696 ਮੌਤਾਂ ਅਮਰੀਕਾ ਵਿਚ ਦਰਜ ਕੀਤੀਆਂ ਹਨ। ਕੁੱਲ ਸੰਸਾਰ ਵਿਚ ਹੁਣ ਤੱਕ 18,810 ਮੌਤਾਂ ਹੋ ਚੁੱਕੀਆ ਨੇ ਤੇ ਇਹ ਗਿਣਤੀ ਵਧ ਰਹੀ ਹੈ।  ਇਕੱਲੇ ਨਿਊ ਯਾਰਕ ਵਿਚ ਖਬਰਾਂ ਲਿਖਣ ਤੱਕ 131 ਮੌਤਾਂ ਸੇਹਤ ਮਹਿਕਮੇ ਨੇ ਦਰਜ ਕੀਤੀਆਂ ਨੇ ਜਿਸ ਨਾਲ ਨਿਊ ਯਾਰਕ ਰਾਜ ਦੀ ਸਰਕਾਰ ਸਦਮੇ ਤੇ ਭਾਰੀ ਦਬਾਅ ਵਿਚ ਹੈ ਤੇ ਗਵਰਨਰ ਜਨਾਬ ਕੋਮੋ ਨੇ ਸਾਵਧਾਨੀ ਵਜੋਂ ਸ਼ਹਿਰ 'ਚ ਫੌਜ ਦਾ ਫਲੈਗ ਮਾਰਚ ਕਰਵਾਇਆ ਹੈ ਤਾਂ ਕਿ ਸ਼ਰਾਰਤੀ, ਅਪਰਾਧੀ ਤੇ ਲੁਟੇਰਾ ਬਿਰਤੀ ਅਨਸਰਾਂ ਨੂੰ ਸਖਤ ਸੁਨੇਹਾ ਮਿਲ ਸਕੇ ਤੇ ਚੰਗੇ ਨਾਗਰਿਕਾਂ ਨੂੰ ਧਰਵਾਸ ਮਿਲ ਸਕੇ। 

ਲਗਪਗ 86 ਲੱਖ ਦੀ ਅਬਾਦੀ ਵਾਲੇ ਅੰਤਰਰਾਸ਼ਟਰੀ ਸ਼ਹਿਰ ਨਿਊ ਯਾਰਕ ਦੇ ਮੇਅਰ ਜਨਾਬ ਬਿੱਲ ਦ ਬਲਾਸੀਉ ਦੇ ਦਫਤਰ ਨੇ ਕਰੋਨਾ ਕਰਕੇ ਵੱਖ ਵੱਖ ਕੀਤੇ ਗਏ ਵਾਸੀਆਂ ਨੂੰ ਖਾਣਾ ਮੁਹੱਈਆ ਕਰਾਉਣ ਵਾਸਤੇ ਤੀਹ ਹਜਾਰ ਲੋਕਾਂ ਲਈ ਲਗਪਗ ਤੀਹ ਹਜਾਰ ਖਾਣੇ ਦੇ ਪੈਕਟ ਤਿਆਰ ਕਰਨ ਵਾਸਤੇ ਨਿਊ ਯਾਰਕ ਦੇ ਸਿੱਖ ਆਗੂਆਂ ਤੱਕ ਸੰਪਰਕ ਕੀਤਾ ਜਿਨਾਂ ਵਿਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ  ਹਿੰਮਤ ਸਿੰਘ ਸਨ, ਜਿਨਾਂ ਨੇ ਹੋਰ ਆਗੂਆਂ ਤੇ ਸੰਗਤਾਂ ਨਾਲ ਸੰਪਰਕ ਕਰਕੇ ਗੁਰਦੁਆਰਾ ਸਾਹਿਬ 'ਦਾ ਸਿੱਖ ਸੈਂਟਰ ਆਫ ਨਿਊ ਯਾਰਕ' ਦੇ ਪ੍ਰਬੰਧਕਾਂ ਨਾਲ ਸਲਾਹ ਮਸ਼ਵਰਾ ਕਰਕੇ ਸੇਵਾ ਦੇ ਇਸ ਵਡੇ ਕਾਰਜ ਦੀ ਜਿਮੇਵਾਰੀ ਕਬੂਲੀ। 

ਹਿੰਮਤ ਸਿੰਘ ਹੁਰਾਂ ਦੱਸਿਆ ਕਿ ਜਿਨਾਂ ਸੰਗਤਾਂ ਨੇ ਖਾਣਾ ਤਿਆਰ ਕਰਨਾ ਸੀ, ਉਨ੍ਹਾਂ ਦੀ ਸੇਹਤ ਵਿਭਾਗ ਨੇ ਚੰਗੀ ਤਰਾਂ ਜਾਂਚ ਕੀਤੀ, ਖਾਣਾ ਚੈਕ ਕੀਤਾ ਤੇ ਜਿਸ ਤਰਾਂ ਹਦਾਇਤਾਂ ਦਿੱਤੀਆ, ਬਿਲਕੁਲ ਉਸੇ ਤਰ੍ਹਾਂ ਖਾਣਾ ਤਿਆਰ ਕੀਤਾ ਗਿਆ। ਖਾਣਾ ਤਿਆਰ ਕਰਨ ਸਮੇਂ ਸਫਾਈ ਦਾ ਪੂਰਾ ਧਿਆਨ ਰਖਿਆ ਗਿਆ ਹੈ, ਮੂੰਹ 'ਤੇ ਮਾਸਕ ਤੇ ਹੱਥਾਂ 'ਤੇ ਦਸਤਾਨੇ ਪਾ ਕੇ ਲੰਗਰ ਤਿਆਰ ਕੀਤਾ ਗਿਆ।  ਇਹ ਸ਼ਾਕਾਹਾਰੀ ਖਾਣਾ ਸੀ, ਜਿਸ ਵਿਚ ਦਾਲਾਂ, ਮਟਰ, ਸੁੱਕੇ ਮੇਵੇ ਜਿਵੇਂ ਅਖਰੋਟ,ਬਦਾਮ, ਪਿਸਤਾ ਕਾਜੂ ਵਗੈਰਾ ਸਨ ਨਾਲ ਖਾਣੇ ਦੇ ਤੀਹ ਹਜਾਰ ਤੋਂ ਉਪਰ ਪੈਕਟ ਤਿਆਰ ਕਰ ਕੇ ਸਰਕਾਰੀ ਵਿਭਾਗ ਤੇ ਅਧਿਕਾਰੀਆਂ ਹਵਾਲੇ ਕੀਤੇ ਗਏ। ਜਿਨਾ ਅੱਗੋਂ ਖਾਣੇ ਦੇ ਪੈਕਟ ਉਨਾਂ ਲੋਕਾਂ ਤੱਕ ਪਹੁੰਚਾਏ ਜੋ ਕਰੋਨਾ ਕਰਕੇ ਸ਼ਹਿਰ ਦੇ ਵੱਖ ਵੱਖ ਹੋਟਲਾਂ, ਮੋਟਲਾਂ ਤੇ ਵੱਖਰੇ ਘਰਾਂ ਵਿਚ ਦੋ ਹਫਤਿਆਂ ਲਈ ਰੱਖੇ ਗਏ ਹਨ। 

ਇਨਾਂ ਵਿਚ 90% ਅਮਰੀਕੀ ਹਨ ਤੇ ਭਾਰਤੀ ਤੇ ਪੰਜਾਬੀ ਸਿਰਫ ਉਹੀ ਹਨ ਜੋ ਭਾਰਤ ਤੋਂ ਆਏ ਹਨ ਜਾਂ ਜਿਹੜੇ ਵਿਦਿਆਰਥੀ ਪੜਨ ਆਏ ਹਨ।  ਹਿੰਮਤ ਸਿੰਘ ਹੁਰਾਂ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਸਹਿਯੋਗ ਵਾਸਤੇ ਧੰਨਵਾਦ ਕੀਤਾ। ਉਨਾ ਕਿਹਾ ਕਿ ਸੇਵਾ ਦੇ ਵੱਡੇ ਕਾਰਜ ਵਾਸਤੇ ਗੁਰਦੁਆਰਾ ਸਾਹਿਬਾਨ ਵਿਚ ਪਹਿਲਾਂ ਤੋਂ ਰੱਖੀ ਲੰਗਰ ਦੀ ਸਮਗਰੀ ਵੀ ਵਰਤੋਂ ਵਿਚ ਲਿਆਂਦੀ ਤੇ ਨਵੀਂ ਵੀ ਖਰੀਦੀ। ਸੇਵਾ ਦੇ ਖੇਤਰ ਵਿਚ ਯੂਨਾਇਟਡ ਸਿੱਖਸ ਨੇ ਵੀ ਬਹੁਤ ਹੱਥ ਵਟਾਇਆ ਤੇ ਆਪਣਾ ਹਿੱਸਾ ਪਾਇਆ। 

ਮੇਅਰ ਦੇ ਦਫਤਰ ਨੂੰ ਸਿੱਖਾਂ ਤੱਕ ਪਹੁੰਚ ਕਰਨ ਵਾਸਤੇ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਸ਼ਹਿਰ ਵਿਚ ਕਰੋਨਾ ਕਰਕੇ ਬਜੁਰਗਾਂ, ਇਕੱਲੀਆਂ ਰਹਿ ਰਹੀਆਂ ਮਾਵਾਂ ਤੇ ਹੋਮਲੈਸ ਨੂੰ ਮਾਰਕੀਟ ਵਿਚੋਂ ਲਾਕਡਾਉਨ ਕਰਕੇ ਖਾਣਾ ਹਾਸਲ ਕਰਨ ਔਖਾ ਹੋ ਗਿਆ ਸੀ ਤੇ ਹੰਗਾਮੀ ਹਾਲਤ ਵਿਚ ਹੀ ਸ਼ਹਿਰ ਦੀ ਸਰਕਾਰ ਨੇ ਸਿਖਾਂ ਤੱਕ ਪਹੁੰਚ ਕੀਤੀ, ਜਿਸਨੂੰ ਸਿੱਖਾਂ ਨੇ ਗੁਰੂ ਮਹਾਰਾਜ ਦੀ ਮੇਹਰ ਸਦਕਾ ਪੂਰਾ ਕਰ ਵਿਖਾਇਆ

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਹੁਰਾਂ ਮਿਲਪੀਟਸ-ਕੈਲੇਫੋਰਨੀਆ ਵਿਚ ਦੱਸਿਆ ਕਿ ਮਿਲਪੀਟਸ ਸਿੰਘ ਸਭਾ ਗੁਰਦਆਰਾ ਸਾਹਿਬ ਵਿਚ ਹਰ ਸਮੇਂ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਤੇ ਜੇ ਕਿਸੇ ਪਾਸੇ ਤੋਂ ਕਾਲ ਆ ਜਾਂਦੀ ਹੈ ਤਾਂ ਤਾਜਾ ਖਾਣੇ ਦੇ ਪੈਕਟ ਘਰੋ ਘਰੀ ਪੁਚਾ ਦਿੱਤੇ ਜਾਂਦੇ ਹਨ। ਸੈਨ ਹੋਜੇ ਸ਼ਹਿਰ ਤੇ ਮਿਲਪੀਟਸ ਸ਼ਹਿਰੀ ਸਰਕਾਰ ਨਾਲ ਸੰਪਰਕ ਵਿਚ ਹਨ, ਤੇ ਜੇ ਉਹ ਕਿਸੇ ਥਾਂ ਖਾਣਾ ਪਹੁੰਚਾਣ ਵਾਸਤੇ ਬੇਨਤੀ ਕਰਦੇ ਹਨ ਤਾਂ ਉਥੇ ਵੀ ਸੇਵਾਦਾਰ ਖਾਣਾ ਪਹੁੰਚਾ ਦੇਂਦੇ ਹਨ। 

ਲਾਕਡਾਊਨ ਕਰਕੇ ਬਜੁਰਗਾਂ, ਹੋਮਲੈਸ, ਕੱਲੇ ਕੱਲੇ ਮਾਂ ਪਿਉ ਜੋ ਘਰਾਂ ਵਿਚ ਬੱਚਿਆਂ ਦੀ ਦੇਖਭਾਲ ਕਰ ਰਹੇ ਹਨ, ਨੂੰ ਇਸ ਖਾਣੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਡਾਕਟਰ ਸਿੰਘ ਨੇ ਕਿਹਾ ਕਿ ਹੰਗਾਮੀ ਹਾਲਤਾਂ ਵਿਚ ਲੋਕਾਂ ਤੇ ਸਰਕਾਰਾਂ ਮਿਲਕੇ ਔਖੇ ਕਾਰਜਾਂ ਨੂੰ ਹੱਥ ਪਾਉਂਦੀਆਂ ਹਨ। ਏਜੀਪੀਸੀ ਨਾਲ ਸੰਬਧਿਤ ਅਮਰੀਕਾ ਭਰਦੇ ਗੁਰਦੁਆਰਾ ਸਾਹਿਬਾਨਾਂ ਨਾਲ ਸੰਪਰਕ ਕਰਕੇ ਕਰੋਨਾ ਨਾਲ ਪੀੜਤ ਲੋਕਾਂ ਵਾਸਤੇ ਰਿਹਾਇਸ਼ ਤੇ ਖਾਣੇ ਦੇ ਪ੍ਰਬੰਧ ਕਰਨ ਵਾਸਤੇ ਬੇਨਤੀ ਕੀਤੀ ਹੈ। ਸਾਡਾ ਸਿੱਖਾਂ ਦਾ ਇਹ ਧਾਰਮਿਕ ਫਰਜ ਹੈ ਕਿ ਔਖੀ ਘੜੀ ਜੋ ਬਣ ਸਰ ਆਉਂਦਾ ਹੈ, ਕੀਤਾ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।