ਮੱਧ ਪ੍ਰਦੇਸ਼ ਤੋਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਿਕਲੀਗਰ ਸਿੱਖ

ਮੱਧ ਪ੍ਰਦੇਸ਼ ਤੋਂ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਿਕਲੀਗਰ ਸਿੱਖ

ਅੰਮ੍ਰਿਤਸਰ/ਬਿਊਰੋ ਨਿਊਜ਼ :

ਭੋਪਾਲ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਨਾਲ ਸਬੰਧਿਤ ਸਿਕਲੀਗਰ ਸਿੱਖਾਂ ਦੇ ਇਕ ਜਥੇ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਲਗਭਗ ਦੋ ਸੌ ਸਿੱਖਾਂ ਦੇ ਇਸ ਜਥੇ ਵਿਚ ਵਧੇਰੇ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਸ਼ਾਮਲ ਸਨ, ਜੋ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਆਨੰਦਪੁਰ ਸਾਹਿਬ ਲਈ ਰਵਾਨਾ ਹੋ ਗਏ।
ਇਨ੍ਹਾਂ ਸਿੱਖਾਂ ਦੀ ਨਵੀਂ ਪੀੜ੍ਹੀ ਦੇ ਬੱਚੇ ਹੁਣ ਸਕੂਲਾਂ-ਕਾਲਜਾਂ ਵਿਚ ਪੜ੍ਹ ਰਹੇ ਹਨ ਅਤੇ ਵਿਦਿਆ ਪ੍ਰਾਪਤ ਕਰਕੇ ਸਿਕਲੀਗਰ ਭਾਈਚਾਰੇ ਨੂੰ ਗੁਰਬਤ ਤੇ ਅਨਪੜ੍ਹਤਾ ਵਿਚੋਂ ਬਾਹਰ ਕੱਢਣ ਲਈ ਯਤਨਸ਼ੀਲ ਹਨ। ਇਹ ਗੱਲ ਸਿਕਲੀਗਰ ਸਿੱਖਾਂ ਨੇ ਹੀ ਦੱਸੀ। ਸਿਕਲੀਗਰ ਸਿੱਖ ਭਾਈਚਾਰੇ ਦੇ ਇਹ ਲੋਕ ਪੰਜਾਬ ਦੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵੀ ਕਰਨਗੇ। ਗਿਆਨੀ ਦਲੀਪ ਸਿੰਘ ਦੀ ਅਗਵਾਈ ਵਿਚ ਪੁੱਜੇ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਆਉਣ ਜਾਣ ਦੀਆਂ ਰੇਲ ਟਿਕਟਾਂ, ਰਿਹਾਇਸ਼ ਤੇ ਗੁਰਧਾਮਾਂ ਦੀ ਯਾਤਰਾ ਵਾਸਤੇ ਪੰਜ ਬੱਸਾਂ ਵੀ ਮੁਫ਼ਤ ਮੁਹੱਈਆ ਕੀਤੀਆਂ ਗਈਆਂ।ਇਸ ਤੋਂ ਪਹਿਲਾਂ ਛੱਤੀਸਗੜ੍ਹ ਤੋਂ ਵੀ ਸਿਕਲੀਗਰ ਸਿੱਖਾਂ ਦਾ ਜਥਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਾ ਸੀ।
ਭੋਪਾਲ ਵਿਚ ਵਸਦੇ ਸਿਕਲੀਗਰ ਭਾਈਚਾਰੇ ਬਾਰੇ ਗੱਲ ਕਰਦਿਆਂ ਗਿਆਨੀ ਦਲੀਪ ਸਿੰਘ, ਹਰਵਿੰਦਰ ਸਿੰਘ ਤੇ ਹੋਰ ਨੇ ਦੱਸਿਆ ਕਿ ਸ਼ਹਿਰ ਵਿਚ ਸਿਕਲੀਗਰ ਭਾਈਚਾਰੇ ਦੇ 50 ਤੋਂ ਵੱਧ ਪਰਿਵਾਰ ਰਹਿ ਰਹੇ ਹਨ ਤੇ ਇਨ੍ਹਾਂ ਦੇ ਬੱਚੇ ਵੀ ਨਾਲ ਹਨ। ਇਨ੍ਹਾਂ ਦੇ ਪੁਰਖੇ ਲਗਭਗ ਕੁਝ ਦਹਾਕੇ ਪਹਿਲਾਂ ਇੱਥੇ ਆ ਗਏ ਸਨ ਤੇ ਇੱਥੇ ਆ ਕੇ ਛੋਟੇ ਮੋਟੇ ਕਾਰੋਬਾਰ ਸ਼ੁਰੂ ਕਰ ਦਿੱਤੇ। ਇਹ ਪਰਿਵਾਰ ਪੂਰੀ ਤਰ੍ਹਾਂ ਗੁਰੂ ਘਰ ਨਾਲ ਜੁੜੇ ਹੋਏ ਹਨ। ਇਨ੍ਹਾਂ ਦੇ ਬੱਚੇ ਵੀ ਗੁਰਸਿੱਖ ਹਨ। ਜਥੇ ਵਿਚ ਕਿਰਪਾਲ ਸਿੰਘ, ਜੋਗਿੰਦਰ ਸਿੰਘ, ਬੀਬੀ ਅਮਰਜੀਤ ਕੌਰ, ਜਸਬੀਰ ਕੌਰ, ਹਰਕੀਰਤ ਕੌਰ, ਰੇਸ਼ਮ ਸਿੰਘ ਤੇ ਹੋਰ ਸ਼ਾਮਲ ਸਨ।