ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਮੁਖੀ ਖਿਲਾਫ ਸਵਾਂਗ ਰਚਾਉਣ ਦਾ ਮਾਮਲਾ ਮੁੜ ਖੋਲ੍ਹਣ ਲਈ ਕੈਪਟਨ ਨੂੰ ਚਿੱਠੀ ਲਿਖੀ

ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਮੁਖੀ ਖਿਲਾਫ ਸਵਾਂਗ ਰਚਾਉਣ ਦਾ ਮਾਮਲਾ ਮੁੜ ਖੋਲ੍ਹਣ ਲਈ ਕੈਪਟਨ ਨੂੰ ਚਿੱਠੀ ਲਿਖੀ


ਅੰਮ੍ਰਿਤਸਰ ਟਾਈਮਜ਼ ਬਿਊਰੋ

ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਅਤੇ ਦਰਬਾਰ-ਏ-ਖਾਲਸਾ ਜਥੇਬੰਦੀ ਨੇ ਸਾਂਝੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਫਿਰ ਯਾਦ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ 2007 ਵਿਚ ਡੇਰਾ ਸਿਰਸਾ ਦੇ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਦੇ ਕੇਸ ਨੂੰ ਦੁਬਾਰਾ ਖੋਲ੍ਹਿਆ ਜਾਵੇ। ਸਿੱਖ ਆਰਗੇਨਾਈਜੇਸ਼ਨਜ਼ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਇਸ ਚਿੱਠੀ ਵਿਚ ਤੱਥ ਪੇਸ਼ ਕੀਤੇ ਗਏ ਹਨ ਕਿ ਕਿਵੇਂ 2007 ਦੀ ਸੂਬਾ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। 

ਚਿੱਠੀ ਵਿਚ ਕਿਹਾ ਗਿਆ, "ਗੁਰਮੀਤ ਰਾਮ ਰਹੀਮ ਦੇ ਖਿਲਾਫ 20 ਮਈ 2007 ਵਿਚ ਥਾਣਾ ਕੋਤਵਾਲੀ ਵਿਚ ਢ੍ਰੀ ਨੰਬਰ 262 IPC ਦੀ ਧਾਰਾ 153 A ਅਤੇ 295 A ਅਧੀਨ ਪਰਚਾ ਦਰਜ ਕੀਤਾ ਗਿਆ ਸੀ।  ਇਸ ਕੇਸ ਵਿਚ ਆਈ ਜੀ ਪੱਧਰ ਦੇ ਅਧਿਕਾਰੀ ਨੇ ਜਾਂਚ ਕੀਤੀ ਸੀ ਤੇ ਅਖੌਤੀ ਸਾਧ ਨੂੰ ਦੋਸ਼ੀ ਪਾਇਆ ਸੀ ਪਰ ਬਾਅਦ ਵਿਚ ਬਠਿੰਡਾ ਪੁਲਿਸ ਨੇ ਕਦੇ ਸਾਧ ਦੇ ਖਿਲਾਫ ਅਦਾਲਤ ਵਿਚ ਚਲਾਣ ਹੀ ਪੇਸ਼ ਨਹੀਂ ਕੀਤਾ।  ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗਾ ਘੋਰ ਪਾਪ ਕਰਨ ਦੀ ਹਿਮਾਕਤ ਸੌਦੇ ਸਾਧ ਅਤੇ ਇਸ ਦੇ ਚੇਲਿਆਂ ਨੇ ਤਾਂ ਹੀ ਕਰਨ ਦੀ ਜ਼ੁਅਰਤ ਕੀਤੀ ਕਿਉਂਕਿ ਉਸਨੂੰ ਮਈ 2007 ਵਾਲੇ ਕੇਸ ਵਿਚ ਬਾਦਲ ਸਰਕਾਰ ਨੇ ਸ਼ਰੇਆਮ ਬਚਾਅ ਲਿਆ ਸੀ। "

ਚਿੱਠੀ ਵਿਚ ਇਸ ਕੇਸ ਨਾਲ ਸਬੰਧਤ ਕੁੱਝ ਤੱਥਾਂ ਦਾ ਹਵਾਲਾ ਦਿੱਤਾ ਗਿਆ ਜੋ ਇਸ ਪ੍ਰਕਾਰ ਹਨ
1. ਸ਼ੁਰੂ ਵਿੱਚ ਇਸੇ ਕੇਸ ਵਿਚ ਸੌਦੇ ਸਾਧ ਨੇ ਵੀ ਹਾਈ ਕੋਰਟ ਚ ਇਕ ਪਟੀਸ਼ਨ ਪਾਈ ਸੀ ਤੇ ਜਿਸ ਦੇ ਜੁਆਬ ਵਿਚ ਉਸ ਵੇਲੇ ਦੇ ਬਠਿੰਡੇ ਦੇ ਐੱਸ ਐੱਸ ਪੀ ਨੌਨਿਹਾਲ ਸਿੰਘ ਨੇ ਵੀ ਕੋਰਟ 'ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ।  ਮਤਲਬ ਪੁਲਿਸ ਨੇ ਸਬੂਤ ਇਕੱਠੇ ਕਰ ਲਏ ਸਨ। ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਤੱਕ ਵੀ ਪੁਲਿਸ ਨੇ ਚਲਾਣ ਹੀ ਪੇਸ਼ ਨਹੀਂ ਕੀਤਾ ਤੇ ਉਲਟਾ ਫਰਵਰੀ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਬਠਿਡੇ ਦੀ ਅਦਾਲਤ ਚ ਕੈੰਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ। 
2. ਪੁਲਿਸ ਨੇ ਅਦਾਲਤ ਵਿਚ ਕੇਸ ਵਿੱਚ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ , ਜੋ ਅਕਾਲੀ ਦਲ ਦਾ ਕੌਂਸਲਰ ਸੀ, ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕੇ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ। ਪੁਲਿਸ ਦਾ ਝੂਠ ਉਦੋਂ ਸਾਫ ਨੰਗਾ ਹੋ ਗਿਆ ਜਦੋਂ ਸ਼ਿਕਾਇਤ ਕਰਤਾ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਐਫੀਡੈਵਿਟ ਉੱਤੇ ਉਸ ਦੇ ਦਸਤਖਤ ਹੀ ਨਹੀਂ ਸੀ। 
3. ਜ਼ਿਕਰਯੋਗ ਹੈ ਕਿ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਵਿੱਚ ਹੋਏ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ। 
4.ਜੁਲਾਈ 2014 ਚ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜੀ ਪਾ ਦਿਤੀ ਤੇ ਕਿਹਾ ਕਿ ਪੰਜਾਬ ਪੁਲਿਸ ਉਸ ਖਿਲਾਫ ਚਲਾਣ ਹੀ ਪੇਸ਼ ਨਹੀਂ ਕਰ ਸਕੀ ਤੇ ਉਸ ਨੂੰ ਬਰੀ ਕੀਤਾ ਜਾਵੇ।  ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਇਸੇ ਅਧਾਰ 'ਤੇ ਕੇਸ ਵਿਚੋਂ ਖਾਰਜ ਕਰ ਦਿੱਤਾ। 
5. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਕੋਟਕਪੂਰਾ ਫਾਇਰਿੰਗ ਦੇ ਕੇਸ ਦੇ ਸੰਬੰਧ ਵਿੱਚ ਅਦਾਲਤ ਵਿਚ ਦਾਖਲ ਕੀਤੇ ਚਲਾਨ ਵਿੱਚ ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹ ਕੇਸ 2012 ਦੀ ਵਿਧਾਨ ਸਭਾ ਚੋਣਾਂ ਤੋਂ ਸਿਰਫ ਪੰਜ ਦਿਨ ਪਹਿਲਾਂ 25 ਜਨਵਰੀ 2012 ਨੂੰ ਉਸ ਵੇਲੇ ਦੇ ਉਪ ਮੁਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਪੁਲਿਸ ਵੱਲੋਂ ਕੈਂਸਲ ਕੀਤਾ ਗਿਆ ਸੀ ਤੇ ਇਸ ਦਾ ਉਦੇਸ਼ ਵਿਧਾਨ ਸਭਾ ਚੋਣਾਂ ਵਿਚ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। 

ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਗੱਲ ਦੀ ਤਹਿ ਵਿਚ ਜਾਣ ਲਈ ਕਿ ਕਿਸ ਦੇ ਆਦੇਸ਼ਾਂ ਕਾਰਨ ਬਠਿੰਡਾ ਪੁਲਿਸ ਨੇ ਪਹਿਲਾਂ ਹੀ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਵਰਗੇ ਘਿਨਾਉਣੇ ਜੁਰਮਾਂ ਲਈ ਕੇਸ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਦਾਲਤ ਵਿਚ ਇਸ ਕੇਸ ਵਿਚ ਚਲਾਨ ਪੇਸ਼ ਨਹੀਂ ਕੀਤਾ, ਆਪ ਜੀ ਉੱਚ ਪੱਧਰੀ ਤੇ ਸਮਾਂ ਬੱਧ ਜਾਂਚ (15 ਦਿਨ) ਦੇ ਹੁਕਮ ਦਿਓ ਤੇ ਇਸ ਸੰਬੰਧੀ ਪੂਰੇ ਤੱਥ ਜਨਤਾ ਸਾਹਮਣੇ ਲਿਆਂਦੇ ਜਾਣ ਤੇ ਸਰਕਾਰ ਇੰਨ੍ਹਾਂ ਤੱਥਾਂ ਬਾਰੇ ਜਲਦੀ ਜਲਦੀ ਤੋਂ ਇੱਕ ਵਾਈਟ ਪੇਪਰ ਜਾਰੀ ਕਰੇ।