ਸਾਊਦੀ ਦੀ ਰਾਜਸ਼ਾਹੀ ਦੀ ਜੰਗ ਤੇਜ ਹੋਈ: ਕਈ ਉੱਚ ਅਫਸਰਾਂ ਦੀਆਂ ਗ੍ਰਿਫਤਾਰੀਆਂ

ਸਾਊਦੀ ਦੀ ਰਾਜਸ਼ਾਹੀ ਦੀ ਜੰਗ ਤੇਜ ਹੋਈ: ਕਈ ਉੱਚ ਅਫਸਰਾਂ ਦੀਆਂ ਗ੍ਰਿਫਤਾਰੀਆਂ

ਰਿਆਦ: ਸਾਊਦੀ ਅਰਬ ਵਿਚ ਬੀਤੇ ਕੱਲ੍ਹ ਸਰਕਾਰ ਵਿਚ ਉੱਚ ਅਹੁਦਿਆਂ 'ਤੇ ਤੈਨਾਤ ਸੈਂਕੜੇ ਮਿਲਟਰੀ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਗ੍ਰਿਫਤਾਰੀਆਂ ਲਈ ਰਿਸ਼ਵਤਖੋਰੀ ਅਤੇ ਸਰਕਾਰੀ ਤਾਕਤ ਦੀ ਗਲਤ ਵਰਤੋਂ ਦੇ ਦੋਸ਼ਾਂ ਨੂੰ ਅਧਾਰ ਬਣਾਇਆ ਗਿਆ ਹੈ। 

ਸਿਆਸੀ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਸਾਊਦੀ ਦੇ ਮੋਜੂਦਾ ਰਾਜੇ ਮਗਰੋਂ ਰਾਜਗੱਦੀ ਦੇ ਵਾਰਸ ਪ੍ਰਿੰਸ ਮੋਹੱਮਦ ਬਿਨ ਸਲਮਾਨ ਵੱਲੋਂ ਇਹਨਾਂ ਗ੍ਰਿਫਤਾਰੀਆਂ ਨਾਲ ਉਸਦੇ ਰਾਜ 'ਤੇ ਦਾਅਵੇ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਨੂੰ ਰਾਹ ਵਿਚੋਂ ਹਟਾਇਆ ਜਾ ਰਿਹਾ ਹੈ। 

ਸਾਊਦੀ ਦੇ ਭ੍ਰਿਸ਼ਟਾਚਾਰ ਵਿਰੋਧੀ ਕੌਮੀ ਕਮਿਸ਼ਨ ਨਾਜ਼ਾਹਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ 379 ਮਿਲੀਅਨ ਰਿਆਲ ਦੇ ਕਰੀਬ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ 298 ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਸਾਊਦੀ ਦੇ ਰਾਜੇ ਦੇ ਭਰਾ ਅਤੇ ਭਤੀਜੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅੰਦਰੂਨੀ ਖਬਰਾਂ ਮੁਤਾਬਕ ਸਾਊਦੀ ਦੇ 84 ਸਾਲਾ ਰਾਜੇ ਦੀ ਸਿਹਤ ਜ਼ਿਆਦਾ ਢਿੱਲੀ ਹੈ ਅਤੇ ਪ੍ਰਿੰਸ ਸਲਮਾਨ ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਇਹ ਕਾਰਵਾਈਆਂ ਕਰ ਰਹੇ ਹਨ।