ਅਕਾਲੀ ਦਲ ਨੇ ਕੀਤਾ ਐਨਆਰਸੀ ਦਾ ਵਿਰੋਧ, ਸੀਏਏ 'ਤੇ ਐਨਡੀਏ ਦੀ ਬੈਠਕ ਸੱਦਣ ਲਈ ਕਿਹਾ

ਅਕਾਲੀ ਦਲ ਨੇ ਕੀਤਾ ਐਨਆਰਸੀ ਦਾ ਵਿਰੋਧ, ਸੀਏਏ 'ਤੇ ਐਨਡੀਏ ਦੀ ਬੈਠਕ ਸੱਦਣ ਲਈ ਕਿਹਾ
ਨਰੇਸ਼ ਗੁਜਰਾਲ ਅਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਪੁਰਾਣੀ ਤਸਵੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੇ ਸਹਿਯੋਗੀ ਭਾਜਪਾ ਤੋਂ ਵੱਖਰਾ ਪੱਖ ਲੈਂਦਿਆਂ ਐਨਆਰਸੀ ਦਾ ਵਿਰੋਧ ਕਰ ਦਿੱਤਾ ਹੈ ਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਐਨਡੀਏ ਗਠਜੋੜ ਦੀ ਬੈਠਕ ਸੱਦਣ ਲਈ ਕਿਹਾ ਹੈ। 

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਾਰਲੀਮੈਂਟ ਵਿੱਚ ਸੀਏਏ ਬਿੱਲ ਦਾ ਸਮਰਥਨ ਕੀਤਾ ਸੀ ਹਲਾਂਕਿ ਪਾਰਟੀ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ 'ਚ ਬੋਲਦਿਆਂ ਇਹ ਜ਼ਰੂਰ ਕਿਹਾ ਸੀ ਕਿ ਇਸ ਕਾਨੂੰਨ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰ ਲੈਣਾ ਚਾਹੀਦਾ ਹੈ। ਪਰ ਇਹ ਕਹਿਣ ਦੇ ਬਾਵਜੂਦ ਮੁਸਲਮਾਨਾਂ ਨੂੰ ਸ਼ਾਮਲ ਕਰਾਉਣ ਲਈ ਕੋਈ ਦਬਾਅ ਪਾਰਟੀ ਨੇ ਭਾਜਪਾ 'ਤੇ ਨਹੀਂ ਬਣਾਇਆ ਸੀ। 

ਪਰ ਹੁਣ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਐਨਆਰਸੀ 'ਤੇ ਸਖਤ ਬਿਆਨ ਦਿੰਦਿਆਂ ਕਿਹਾ ਕਿ, "ਅਸੀਂ ਐਨਆਰਸੀ ਦੇ ਸਖਤ ਖਿਲਾਫ ਹਾਂ।" ਉਹਨਾਂ ਕਿਹਾ ਕਿ ਸੀਏਏ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਤੇ ਮੋਦੀ ਸਰਕਾਰ ਨੂੰ ਆਰਥਿਕਤਾ ਵੱਲ ਧਿਆਨ ਦੇ ਕੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ ਚਾਹੀਦਾ ਹੈ। 

ਉਹਨਾਂ ਕਿਹਾ, "ਅਸੀਂ ਐਨਆਰਸੀ ਦਾ ਵਿਰੋਧ ਇਸ ਲਈ ਕਰ ਰਹੇ ਹਾਂ ਕਿਉਂਕਿ ਇਸ ਨਾਲ ਮੁਸਲਮਾਨਾਂ ਅੰਦਰ ਅਸੁਰੱਖਿਆ ਦਾ ਮਾਹੌਲ ਬਣ ਰਿਹਾ ਹੈ ਜੋ ਦੇਸ਼ ਲਈ ਚੰਗੀ ਗੱਲ ਨਹੀਂ ਹੈ।"

ਉਹਨਾਂ 1980 ਦੇ ਸਮੇਂ ਸਿੱਖਾਂ ਦੇ ਹੋਏ ਨਸਲਘਾਤ ਦੇ ਮਾਹੌਲ ਨੂੰ ਯਾਦ ਕਰਦਿਆਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਅਜਿਹੇ ਸਮੇਂ ਮੁਸਲਮਾਨ ਖੁਦ ਨੂੰ ਇਕੱਲਾ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਹੋਰ ਭਾਈਚਾਰਿਆਂ ਦੇ ਲੋਕ ਉਹਨਾਂ ਨਾਲ ਇਸ ਸਮੇਂ ਖੜ੍ਹੇ ਹਨ ਜਦਕਿ 1980 ਵਿੱਚ ਜਦੋਂ ਸਿੱਖਾਂ ਪ੍ਰਤੀ ਕਾਂਗਰਸ ਨੇ ਨਫਰਤ ਵਾਲਾ ਮਾਹੌਲ ਬਣਾਇਆ ਸੀ ਤਾਂ ਉਹ ਬਿਲਕੁਲ ਇਕੱਲੇ ਸਨ ਤੇ ਕੁੱਝ ਗਿਣਵੇਂ ਲੋਕਾਂ ਤੋਂ ਇਲਾਵਾ ਕੋਈ ਸਿੱਖਾਂ ਲਈ ਨਹੀਂ ਬੋਲਿਆ ਜਦੋਂ ਦਿੱਲੀ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਪਰ ਹੁਣ ਚੀਜ਼ਾਂ ਬਦਲੀਆਂ ਲਗਦੀਆਂ ਹਨ ਜੋ ਚੰਗੀ ਗੱਲ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।