ਪੰਜਾਬ ਨਾਲ ਭਾਰਤ ਸਰਕਾਰ ਦਾ ਵਿਤਕਰਾ: ਜ਼ਮੀਨੀ ਪਾਣੀ ਬਚਾਉਣ ਦੀ ਬਹੁ ਕਰੋੜੀ ਸਕੀਮ ਵਿੱਚੋਂ ਪੰਜਾਬ ਬਾਹਰ

ਪੰਜਾਬ ਨਾਲ ਭਾਰਤ ਸਰਕਾਰ ਦਾ ਵਿਤਕਰਾ: ਜ਼ਮੀਨੀ ਪਾਣੀ ਬਚਾਉਣ ਦੀ ਬਹੁ ਕਰੋੜੀ ਸਕੀਮ ਵਿੱਚੋਂ ਪੰਜਾਬ ਬਾਹਰ

ਭਾਰਤ ਦਾ ਢਿੱਡ ਭਰਨ ਲਈ ਪੰਜਾਬ ਨੇ ਆਪਣੇ ਜ਼ਮੀਨੀ ਪਾਣੀ ਦੀ ਦਿੱਤੀ ਵੱਡੀ ਕੁਰਬਾਨੀ
ਕੈਪਟਨ ਅਮਰਿੰਦਰ ਨੇ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ

ਚੰਡੀਗੜ੍ਹ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਧਵਾਰ ਨੂੰ ਅਟਲ ਭੂਜੱਲ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਅਧੀਨ ਭਾਰਤ ਦੇ ਸੱਤ ਸੂਬਿਆਂ ਵਿੱਚ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਲਈ ਕਰੋੜਾਂ ਰੁਪਏ ਖਰਚੇ ਜਾਣੇ ਹਨ। ਇਸ ਸਕੀਮ ਅਧੀਨ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਲਈ 6000 ਕਰੋੜ ਰੁਪਏ ਖਰਚਣ ਦਾ ਪ੍ਰੋਗਰਾਮ ਹੈ। 

ਕਿਹੜੇ-ਕਿਹੜੇ ਸੂਬਿਆਂ ਨੂੰ ਕੀਤਾ ਗਿਆ ਹੈ ਸ਼ਾਮਲ
ਇਸ ਸਕੀਮ ਵਿੱਚ ਗੁਜਰਾਤ, ਹਰਿਆਣਾ, ਕਰਨਾਟਕਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ 70 ਜ਼ਿਲ੍ਹਿਆਂ ਦੀਆਂ 8350 ਪੰਚਾਇਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿੱਥੇ ਇਹ ਪੈਸਾ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਖਰਚਿਆ ਜਾਵੇਗਾ। 

ਪੰਜਾਬ ਨੂੰ ਬਾਹਰ ਰੱਖਣ 'ਤੇ ਕੈਪਟਨ ਦਾ ਇਤਰਾਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਸਕੀਮ ਵਿੱਚੋਂ ਪੰਜਾਬ ਨੂੰ ਬਾਹਰ ਰੱਖਣ 'ਤੇ ਇਤਰਾਜ਼ ਜਤਾਇਆ ਹੈ। ਕੈਪਟਨ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਜਲ ਸ਼ਕਤੀ ਮਹਿਕਮੇ ਨੂੰ ਹੁਕਮ ਜਾਰੀ ਕਰਕੇ ਪੰਜਾਬ ਨੂੰ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ। 

ਪੰਜਾਬ ਨੇ ਭਾਰਤ ਲਈ ਦਿੱਤੀ ਜ਼ਮੀਨੀ ਪਾਣੀ ਦੀ ਕੁਰਬਾਨੀ
ਕੋਈ ਸਮਾਂ ਸੀ ਜਦੋਂ ਭਾਰਤ ਕੋਲ ਆਪਣੇ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਵੀ ਪੂਰਾ ਨਹੀਂ ਸੀ ਹੁੰਦਾ ਤੇ ਇਸ ਅਨਾਜ ਦੀ ਪੂਰਤੀ ਲਈ ਹਰੀ ਕ੍ਰਾਂਤੀ ਨੂੰ ਪੰਜਾਬ 'ਤੇ ਥੋਪਿਆ ਗਿਆ ਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅੰਨ ਨਾਲ ਭਾਰਤ ਦੇ ਭੰਡਾਰ ਭਰ ਦਿੱਤੇ ਪਰ ਸਰਕਾਰ ਵੱਲੋਂ ਦਿੱਤੀਆਂ ਨੀਤੀਆਂ ਤਹਿਤ ਕੀਤੀ ਖੇਤੀ ਨਾਲ ਪੰਜਾਬ ਨੇ ਆਪਣੀ ਜ਼ਮੀਨ ਹੇਠਲੇ ਪਾਣੀ ਦਾ ਵੱਡਾ ਹਿੱਸਾ ਬਾਹਰ ਕੱਢ ਲਿਆ ਤੇ ਅੱਜ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 20 ਜ਼ਿਲ੍ਹੇ ਸਰਕਾਰੀ ਅੰਕੜਿਆਂ ਮੁਤਾਬਿਕ ਅਜਿਹੇ ਹਨ ਜਿੱਥੇ ਜ਼ਮੀਨ ਹੇਠਲਾ ਪਾਣੀ ਖਤਰਨਾਕ ਪੱਧਰ ਤੋਂ ਵੀ ਪਾਰ ਪਹੁੰਚ ਚੁੱਕਿਆ ਹੈ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਦੇ ਨਾਂ ਲਿਖੀ ਚਿੱਠੀ ਵਿੱਚ ਉਹਨਾਂ ਨੂੰ ਯਾਦ ਕਰਵਾਇਆ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਭਾਰਤ ਦੇ ਜਲ ਸ਼ਕਤੀ ਮਹਿਕਮੇ ਦੇ ਅਫਸਰਾਂ ਵੱਲੋਂ ਪੰਜਾਬ ਦਾ ਦੌਰਾ ਕਰਕੇ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ਜਾਂਚੀ ਗਈ ਸੀ ਅਤੇ ਕੇਂਦਰੀ ਜ਼ਮੀਨੀ ਜਲ ਬੋਰਡ ਦੀ ਰਿਪੋਰਟ ਵਿੱਚ ਵੀ ਸੂਬੇ ਦੇ ਤਿੰਨ ਚੌਥਾਈ ਬਲਾਕਾਂ ਨੂੰ ਖਤਰੇ ਵਾਲੇ ਬਲਾਕ ਮੰਨਿਆ ਗਿਆ ਹੈ ਤੇ ਕਈਆਂ ਦੀ ਸਥਿਤੀ ਅੱਤ ਗੰਭੀਰ ਹੈ। 

ਪੰਜਾਬ ਲਈ ਪਾਣੀ ਦੇ ਮਾਇਨੇ
ਪੰਜਾਬ ਕੋਲ ਕੁਦਰਤ ਦੀ ਦਾਤ ਵਜੋਂ ਦੋ ਹੀ ਸਭ ਤੋਂ ਅਹਿਮ ਸਰੋਤ ਹਨ- ਉਪਜਾਊ ਜ਼ਮੀਨ ਅਤੇ ਪਾਣੀ। ਜ਼ਮੀਨ ਦੀ ਉਪਜਾਊ ਤਾਕਤ ਪਾਣੀ 'ਤੇ ਨਿਰਭਰ ਹੈ। ਪਾਣੀ ਦੇ ਦੋ ਮੁੱਖ ਸਰੋਤ ਹਨ- ਦਰਿਆਈ ਪਾਣੀ ਅਤੇ ਜ਼ਮੀਨੀ ਪਾਣੀ। ਦਰਿਆਈ ਪਾਣੀ 'ਤੇ ਪਹਿਲਾਂ ਹੀ ਭਾਰਤ ਦੀ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ ਹੋਇਆ ਹੈ ਜਿਸ ਖਿਲਾਫ ਪੰਜਾਬ ਲੰਬੇ ਸਮੇਂ ਤੋਂ ਆਪਣਾ ਹੱਕ ਬਹਾਲ ਕਰਾਉਣ ਲਈ ਸੰਘਰਸ਼ ਕਰ ਰਿਹਾ ਹੈ। ਜ਼ਮੀਨੀ ਪਾਣੀ ਨੂੰ ਫਸਲਾਂ ਦੇ ਰਾਹੀਂ ਪੰਜਾਬ ਦੀ ਧਰਤੀ ਹੇਠੋਂ ਕੱਢ ਲਿਆ ਗਿਆ ਹੈ। ਅਜਿਹੇ ਵਿੱਚ ਪੰਜਾਬ ਦੇ ਭਵਿੱਖ ਲਈ ਪੰਜਾਬ ਦੇ ਜ਼ਮੀਨੀ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।