ਜਦੋਂ ਇਕ ਬਾਗੀ ਲੋਕ ਆਗੂ ਬਣ ਗਿਆ

ਜਦੋਂ ਇਕ ਬਾਗੀ ਲੋਕ ਆਗੂ ਬਣ ਗਿਆ

ਰਾਜਸੱਤਾ ਅਤੇ ਬਗਾਵਤ ਦੀਆਂ ਕਹਾਣੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ। ਇਹਨਾਂ ਕਹਾਣੀਆਂ ਨੇ ਮਨੁੱਖੀ ਇਤਿਹਾਸ ਨੂੰ ਹਜ਼ਾਰਾਂ ਨਾਇਕ ਅਤੇ ਖਲਨਾਇਕ ਦਿੱਤੇ ਹਨ। ਗੁਰਬਾਣੀ ਵਿਚ ਵਾਰ-ਵਾਰ ਗੁਰੂ ਸਾਹਿਬ ਨੇ ਫੁਰਮਾਇਆ ਹੈ ਕਿ ਇਹ ਸੱਚ ਤੇ ਝੂਠ, ਇਨਸਾਫ ਤੇ ਬੇਇਨਸਾਫੀ ਦੀ ਜੰਗ ਸਦੀਵੀ ਰਹਿਣੀ ਹੈ ਤੇ ਇਹੀ ਅਕਾਲ ਪੁਰਖ ਦੇ ਪਿਆਰਿਆਂ ਦੀ ਪਰਖ ਦੀ ਕਸਵੱਟੀ ਵੀ ਹੈ। ਇਸ ਪਰਖ ਦੀ ਸ਼ਮਾ ਵਿਚ ਪੰਥ ਦੇ ਪਰਵਾਨੇ ਆਪਣਾ ਆਪ ਕੁਰਬਾਨ ਕਰਦੇ ਆ ਰਹੇ ਹਨ। ਇਹਨਾਂ ਪਰਵਾਨਿਆਂ ਵਿਚੋਂ ਇਕ ਹੈ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ। 

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਸਧਾਰਨ ਕਿਸਾਨ ਪਿਤਾ ਸ੍ਰ: ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 1970 ਵਿਚ ਹੋਇਆ ਸੀ। 8 ਅਪ੍ਰੈਲ 1990 ਨੂੰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਭਾਰਤ ਸਰਕਾਰ ਖਿਲਾਫ ਲੜਾਈ ਲੜਦਿਆਂ ਸ਼ਹੀਦ ਹੋ ਗਏ ਸੀ। 

ਸ਼ਹੀਦੀ ਵੇਲੇ ਭਾਈ ਜੁਗਰਾਜ ਸਿੰਘ ਤੂਫਾਨ ਦੀ ਉਮਰ ਮਹਿਜ਼ 20 ਵਰ੍ਹਿਆਂ ਦੀ ਸੀ। ਪਰ ਇਹ ਖਾਲਿਸਤਾਨ ਦੀ ਅਜ਼ਾਦੀ ਲਈ ਲੜੇ ਜਾ ਰਹੇ ਸੰਘਰਸ਼ ਵਿਚ ਇਕ ਵੱਡੇ ਜਰਨੈਲ ਦੇ ਅਹੁਦੇ 'ਤੇ ਸਨ। ਦਰਬਾਰ ਸਾਹਿਬ ਉੱਤੇ ਭਾਰਤੀ ਫੌਜਾਂ ਵੱਲੋਂ ਹਮਲਾ ਕਰਕੇ ਅਤੇ ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਾਰੇ ਭਾਰਤ ਵਿਚ ਕੀਤੀ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਾਰੀ ਸਿੱਖ ਕੌਮ ਨੇ ਸੰਤ ਜਰਨੈਲ ਸਿੰਘ ਦੇ ਉਹਨਾਂ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਸੱਚ ਬਣਾ ਲਿਆ ਸੀ ਕਿ, "ਜਿਸ ਦਿਨ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।" ਹਮਲਾ ਹੋ ਚੁੱਕਿਆ ਸੀ ਤੇ ਨੀਂਹ ਰੱਖੀ ਗਈ ਸੀ, ਹੁਣ ਉਸ ਅਜ਼ਾਦ ਦੇਸ਼ ਖਾਲਿਸਤਾਨ ਦੀ ਉਸਾਰੀ ਲਈ ਸਿੱਖਾਂ ਦੀ ਭਾਰਤ ਸਰਕਾਰ ਨਾਲ ਜੰਗ ਚੱਲ ਰਹੀ ਸੀ। 

ਜੁਗਰਾਜ ਸਿੰਘ ਤੂਫਾਨ ਬਚਪਨ ਤੋਂ ਹੀ ਬਾਣੀ ਨਾਲ ਜੁੜੇ ਹੋਏ ਸਨ। ਗੁਰੂ ਪਾਤਸ਼ਾਹ ਨੇ ੳਹਨਾਂ 'ਤੇ ਸੇਵਾ ਦੀ ਮੋਹਰ ਲਾ ਦਿੱਤੀ ਸੀ। ਉਹ ਬੜੀ ਛੋਟੀ ਉਮਰੇ ਹੀ ਪੁਲਸ ਤਸ਼ੱਦਦ ਦਾ ਵੀ ਸ਼ਿਕਾਰ ਹੋਏ ਤੇ ਹੋਰ ਹਜ਼ਾਰਾਂ ਸਿੱਖਾਂ ਵਾਂਗ ਭਾਰਤੀ ਜੇਲ੍ਹ ਖਾਨੇ ਵਿਚ ਬੰਦ ਰਹੇ। ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਨੇ ਹੱਥਾਂ ਵਿਚ ਹਥਿਆਰ ਚੁੱਕ ਕੇ ਸਿੱਖ ਅਜ਼ਾਦੀ ਲਹਿਰ ਨੂੰ ਗੁਰੂ ਆਸ਼ੇ ਮੁਤਾਬਕ ਸਹੀ ਦਿਸ਼ਾ ਵਿਚ ਚਲਾਉਣ 'ਚ ਬਹੁਤ ਵੱਡੀ ਭੂਮਿਕਾ ਨਿਭਾਈ। ਪੰਜਾਬ ਵਿਚ ਖੜ੍ਹੀ ਹੋਈ ਸਿੱਖ ਬਗਾਵਤ ਭਾਰਤੀ ਸਟੇਟ ਦੇ ਇਤਿਹਾਸ ਦੀ ਸਭ ਤੋਂ ਖਤਰਨਾਕ ਬਗਾਵਤ ਸੀ ਜਿਸਨੇ 10 ਸਾਲ ਭਾਰਤੀ ਸਟੇਟ ਨੂੰ ਪੱਧਰੇ ਮੈਦਾਨ ਵਿਚ ਗੋਡਿਆਂ ਭਾਰ ਕਰੀ ਰੱਖਿਆ। ਭਾਰਤੀ ਸਟੇਟ ਨੇ ਆਪਣੀ ਪੂਰੀ ਫੌਜੀ ਤਾਕਤ ਅਤੇ ਖੂਫੀਆ ਤੰਤਰ ਨਾਲ ਸਿੱਖ ਬਗਾਵਤ ਖਿਲਾਫ ਲੜਾਈ ਲੜੀ। ਇਸ ਦੌਰਾਨ ਭਾਰਤੀ ਸਟੇਟ ਨੇ ਜਿੱਥੇ ਸਾਰੇ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਵੱਡੇ ਪੱਧਰ 'ਤੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਤੇ ਆਮ ਲੋਕਾਂ 'ਤੇ ਜ਼ੁਲਮ ਕੀਤਾ ਉੱਥੇ ਸਿੱਖ ਲਹਿਰ ਨੂੰ ਮਿਲ ਰਹੇ ਲੋਕਾਂ ਦੇ ਸਮਰਥਨ ਨੂੰ ਤੋੜਨ ਲਈ ਖੂਫੀਆ ਤੰਤਰ ਦੀ ਪੂਰੀ ਵਰਤੋਂ ਕੀਤੀ। 

ਪੰਜਾਬ ਦੇ ਪੱਧਰੇ ਇਲਾਕੇ ਵਿਚ ਚੱਲ ਰਹੀ ਇਸ ਲੜਾਈ ਅੰਦਰ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਲੋਕ ਸਿੱਖ ਖਾੜਕੂਆਂ ਨੂੰ ਆਪਣੇ ਰਾਖੇ ਸਮਝ ਕੇ ਘਰਾਂ ਵਿਚ ਠਾਹਰਾਂ ਦਿੰਦੇ। ਇਸ ਸਮਰਥਨ ਨੂੰ ਤੋੜਨ ਲਈ ਸਰਕਾਰ ਨੇ ਦੋ ਪੱਤੇ ਖੇਡੇ। ਇਕ ਬਲੈਕ ਕੈਟ ਦਾ ਪੱਤਾ ਅਤੇ ਦੂਜਾ ਸਿੱਖ ਖਾੜਕੂਆਂ ਨੂੰ ਹਿੰਦੂਆਂ ਦੇ ਕਾਤਲ ਸਾਬਤ ਕਰਨ ਦਾ ਪੱਤਾ। ਇਸ ਲਈ ਪੰਜਾਬ ਵਿਚ ਕਈ ਥਾਵਾਂ 'ਤੇ ਹਿੰਦੂਆਂ ਦੇ ਕਤਲ ਹੋਏ। ਇਹ ਪੱਤਾ ਇਸ ਲਈ ਖਤਰਨਾਕ ਸੀ ਕਿਉਂਕਿ ਇਸ ਨਾਲ ਜਿੱਥੇ ਹਿੰਦੂ ਸਮਾਜ ਪੂਰੀ ਤਰ੍ਹਾਂ ਭਾਰਤੀ ਸਟੇਟ ਦੇ ਪੱਖ ਵਿਚ ਖੜ੍ਹ ਗਿਆ ਉੱਥੇ ਹੀ ਸਿੱਖ ਸਮਾਜ ਵਿਚ ਵੀ ਖਾੜਕੂਆਂ ਪ੍ਰਤੀ ਨਕਾਰਾਤਮਿਕਤਾ ਫੈਲੀ। ਭਾਰਤ ਸਰਕਾਰ ਦੀ ਇਸ ਚਾਲ ਦਾ ਸਭ ਤੋਂ ਕਾਰਗਰ ਜਵਾਬ ਭਾਈ ਜੁਗਰਾਜ ਸਿੰਘ ਤੂਫਾਨ ਨੇ ਦਿੱਤਾ। ਭਾਈ ਜੁਗਰਾਜ ਸਿੰਘ ਤੂਫਾਨ ਨੇ ਉਹਨਾਂ ਦੇ ਇਲਾਕੇ ਵਿਚੋਂ ਭੱਜ ਰਹੇ ਹਿੰਦੂਆਂ ਨੂੰ ਮੁੜ ਪਿੰਡਾਂ ਵਿਚ ਵਸਾਇਆ ਅਤੇ ਉਹਨਾਂ ਨੂੰ ਸੁਰੱਖਿਆ ਦਾ ਪੂਰਨ ਭਰੋਸਾ ਦਿੱਤਾ। ਇਸ ਰਾਖੀ ਨੀਤੀ ਨਾਲ ਜੁੜੀਆਂ ਅੱਜ ਵੀ ਬਹੁਤ ਕਹਾਣੀਆਂ ਲੋਕਾਂ ਦੀ ਜੁਬਾਨ 'ਤੇ ਹਨ। 


ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਦੀ ਮ੍ਰਿਤਕ ਦੇਹ

ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਨੇ ਬਾਗੀ ਤੋਂ ਲੋਕ ਆਗੂ ਤਕ ਦਾ ਸਫਰ ਪੂਰਾ ਕੀਤਾ। ਇਸ ਦਾ ਪ੍ਰਮਾਣ ਭਾਈ ਜੁਗਰਾਜ ਸਿੰਘ ਤੂਫਾਨ ਦੀ ਸ਼ਹਾਦਤ ਦਾ ਮੌਕਾ ਬਣਿਆ। ਜਦੋਂ ਭਾਰਤ ਸਰਕਾਰ ਦੀਆਂ ਸੁਰੱਖਿਆ ਫੋਰਸਾਂ ਨੇ 8 ਅਪ੍ਰੈਲ 1990 ਨੂੰ ਭਾਈ ਜੁਗਰਾਜ ਸਿੰਘ ਤੂਫਾਨ ਨੂੰ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਤਾਂ ਭਾਈ ਤੂਫਾਨ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਬਖਸ਼ੀਸ਼ ਸਿੰਘ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਲੋਕਾਂ ਦਾ ਹਜ਼ੂਮ ਹਰਗੋਬਿੰਦਪੁਰ ਥਾਣੇ ਅੱਗੇ ਇਕੱਠਾ ਹੋਣਾ ਸ਼ੁਰੂ ਹੋ ਗਿਆ। ਲੋਕ ਦੂਰੋਂ ਪਿੰਡਾਂ ਕਸਬਿਆਂ ਤੋਂ ਵੀ ਟਰੈਕਟਰ ਟਰਾਲੀਆਂ ਟਰੱਕਾਂ 'ਤੇ ਆ ਪਹੁੰਚੇ। ਪੁਲਿਸ ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਕਰਫ਼ਿਊ ਲਾਉਣਾ ਪਿਆ ਪਰ ਲੋਕ ਥਾਣੇ ਅੱਗੇ ਹੋਰ ਜੁੜ ਰਹੇ ਸਨ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਹਕੂਮਤ ਚਿੰਤਤ ਸੀ ਕਿ ਇਸ ਖ਼ਾਲਿਸਤਾਨੀ ਖਾੜਕੂ ਦੀ ਲਾਸ਼ ਦੀ ਮੰਗ ਕਰ ਰਹੇ ਸਿੱਖਾਂ ਵਿਚ ਹਿੰਦੂ ਮਰਦ ਤੇ ਔਰਤਾਂ ਵੀ ਬਰਾਬਰ ਸ਼ਾਮਲ ਸਨ। ਆਖਰ ਲੋਕਾਂ ਦੇ ਰੋਹ ਦੇ ਤੂਫ਼ਾਨ ਅੱਗੇ ਪੁਲਿਸ ਨੂੰ ਝੁਕਣਾ ਪਿਆ ਤੇ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸ਼ਹੀਦ ਭਾਈ ਬਖ਼ਸ਼ੀਸ਼ ਸਿੰਘ ਦੀਆਂ ਮ੍ਰਿਤਕ ਦੇਹਾਂ ਲੋਕਾਂ ਨੂੰ ਦੇਣੀਆਂ ਪਈਆਂ। ਇਸ ਤੋਂ ਬਾਅਦ ਵੱਡੇ ਇਕੱਠ ਵਿਚ ਵਿਚ ਦੋਵੇ ਸਿੰਘਾਂ ਦੀਆਂ ਸ਼ਹੀਦੀ ਦੇਹਾਂ ਨੂੰ ਥਾਣਾ ਅੰਮ੍ਰਿਤਸਰ ਕੋਤਵਾਲੀ ਤੋਂ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਲਿਜਾਇਆ ਗਿਆ। ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਨੇ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸ਼ਹੀਦ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਸਰੀਰਾਂ ਉਪਰ ਸ਼ਰਧਾ ਨਾਲ ਬਸਤਰ ਅਤੇ ਫੁੱਲ ਭੇਟ ਕੀਤੇ। ਇਸੇ ਤਰ੍ਹਾਂ ਦਾ ਵੱਡਾ ਇਕੱਠ ਇਹਨਾਂ ਸ਼ਹੀਦਾਂ ਦੇ ਅਸਤ ਪਾਉਣ ਮੌਕੇ ਹੋਇਆ। ਭਾਈ ਜੁਗਰਾਜ ਸਿੰਘ ਤੂਫਾਨ ਦੇ ਪਿੰਡ ਚੀਮਾ ਖੁੱਡੀ ਵਿਖੇ ਜਦੋਂ ਅੰਤਿਮ ਅਰਦਾਸ ਹੋਈ ਤਾਂ ਉਸ ਮੌਕੇ ਹੋਏ ਹਜ਼ਾਰਾਂ ਦੇ ਇਕੱਠ ਵਿਚ ਇਲਾਕੇ ਦਾ ਹਿੰਦੂ ਆਗੂ ਦਰਸ਼ਨ ਲਾਲ ਚੋਪੜਾ ਵੀ ਸ਼ਾਮਲ ਹੋਇਆ। 

ਭਾਈ ਜੁਗਰਾਜ ਸਿੰਘ ਤੂਫਾਨ ਖਾਲਿਸਤਾਨ ਸੰਘਰਸ਼ ਦਾ ਉਹ ਆਗੂ ਹੈ ਜੋ ਭਾਰਤ ਸਰਕਾਰ ਦੇ ਉਸ ਪ੍ਰਾਪੇਗੰਡੇ ਨੂੰ ਤੋੜਦਾ ਹੈ ਕਿ ਖਾਲਿਸਤਾਨ ਦੀ ਲੜਾਈ ਹਿੰਦੂ ਵਿਰੋਧੀ ਹੈ। ਖਾਲਿਸਤਾਨ ਦੀ ਲੜਾਈ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨਾਲ ਸ਼ੁਰੂ ਹੋ ਗਈ ਸੀ ਜਿਸ ਦਾ ਐਲਾਨ ਗੁਰੂ ਪਾਤਸ਼ਾਹ ਨੇ ਬਾਬਰ ਨਾਲ ਗੱਲ ਕਰਦਿਆਂ ਕਰ ਦਿੱਤਾ ਸੀ ਕਿ ਇਸ ਧਰਤੀ 'ਤੇ ਉਹ ਅਜਿਹਾ ਖਾਲਸਾ ਪ੍ਰਗਟ ਕਰਨਗੇ ਜੋ ਜ਼ਾਲਮਾਂ ਦੇ ਰਾਜ ਖਤਮ ਕਰਕੇ ਅਕਾਲ ਦੇ ਰਾਜ ਦਾ ਝੰਡਾ ਝੁਲਾਏਗਾ। ਇਸ ਰਾਜ ਦੀ ਭਾਵਨਾ ਉਹ ਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ੀ, ਸਮੇਂ ਪਰ ਸਮੇਂ ਇਸ ਰਾਜ ਦੇ ਨਾਂ ਸਿੱਖ ਰਾਜ, ਖਾਲਸਾ ਰਾਜ, ਖਾਲਿਸਤਾਨ ਜ਼ਰੂਰ ਹੁੰਦੇ ਰਹੇ। ਭਾਰਤ ਸਰਕਾਰ ਖਿਲਾਫ ਖਾਲਿਸਤਾਨ ਦੇ ਨਾਂ ਹੇਠ ਲੜਿਆ ਜਾ ਰਿਹਾ ਸਿੱਖ ਰਾਜ ਦਾ ਸੰਘਰਸ਼ ਆਪਣੀ ਨਿਰੰਤਰਤਾ ਵਿਚ ਹੈ।  
ਸੁਖਵਿੰਦਰ ਸਿੰਘ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।