ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਅਮਰੀਕੀ ਫੰਡ ਬੰਦ ਕਰਨ ਦੀ ਧਮਕੀ ਦਿੱਤੀ

ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਅਮਰੀਕੀ ਫੰਡ ਬੰਦ ਕਰਨ ਦੀ ਧਮਕੀ ਦਿੱਤੀ

ਕੋਰੋਨਾਵਾਇਰਸ ਦਾ ਕੇਂਦਰ ਬਣ ਚੁੱਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਵਿਸ਼ਵ ਸਿਹਤ ਸੰਸਥਾ ਨੂੰ ਅਮਰੀਕਾ ਵੱਲੋਂ ਦਿੱਤਾ ਜਾਂਦਾ ਫੰਡ ਬੰਦ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਦੋਸ਼ ਲਾਇਆ ਹੈ ਕਿ ਵਿਸ਼ਵ ਸਿਹਤ ਸੰਸਥਾ ਨੇ ਕੋਰੋਨਾਵਾਇਰਸ ਮਹਾਮਾਰੀ ਬਾਰੇ ਸਹੀ ਸਮੇਂ ਸੁਚੇਤ ਨਹੀ ਕੀਤਾ ਜਿਸ ਨਾਲ ਹੁਣ ਤਕ ਦੁਨੀਆ ਭਰ ਵਿਚ 82,000 ਲੋਕ ਮਰ ਚੁੱਕੇ ਹਨ।

ਟਰੰਪ ਨੇ ਕਿਹਾ ਕਿ ਇਸ ਆਫਤ ਦੌਰਾਨ ਵਿਸ਼ਵ ਸਿਹਤ ਸੰਸਥਾ ਦੀ ਪਹੁੰਚ ਚੀਨ ਕੇਂਦਰਿਤ ਰਹੀ ਤੇ ਸੰਸਥਾ ਨੇ ਚੀਨ ਨਾਲ ਮਿਲ ਕੇ ਇਸ ਮਹਾਂਮਾਰੀ ਦੀ ਗੰਭੀਰਤਾ ਨੂੰ ਕਾਫੀ ਸਮਾਂ ਘਟਾ ਕੇ ਪੇਸ਼ ਕੀਤਾ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵਿਸ਼ਵ ਸਿਹਤ ਸੰਸਥਾ ਦੇ ਰੋਲ ਦੀ ਵੱਡੇ ਪੱਧਰ 'ਤੇ ਨਿੰਦਾ ਹੋ ਰਹੀ ਹੈ ਤੇ ਅਮਰੀਕੀ ਨੀਤੀ ਘਾੜਿਆਂ ਵੱਲੋਂ ਹੁਣ ਤਕ ਕਈ ਲੇਖ ਲਿਖ ਕੇ ਇਸ ਸੰਸਥਾ ਦੇ ਚੀਨ ਦੇ ਪੱਖ ਵਿਚ ਭੁਗਤਣ ਅਤੇ ਕਾਰਗਰ ਨਾ ਰਹਿਣ ਦੇ ਵਿਚਾਰ ਦਿੱਤੇ ਜਾ ਚੁੱਕੇ ਹਨ। ਦਸ ਦਈਏ ਕਿ ਵਿਸ਼ਵ ਸਿਹਤ ਸੰਸਥਾ ਨੂੰ ਸਭ ਤੋਂ ਵੱਧ ਫੰਡ ਅਮਰੀਕਾ ਵੱਲੋਂ ਹੀ ਦਿੱਤਾ ਜਾਂਦਾ ਹੈ। 

ਪਿਛਲੇ ਹਫਤੇ ਅਮਰੀਕਾ ਦੀ ਰਿਪਬਲੀਕਨ ਪਾਰਟੀ ਵੱਲੋਂ ਸੈਨੇਟਰ ਮਾਰਕੋ ਰੂਬੀਓ ਨੇ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਨੋਮ ਗੇਬਰੇਸਸ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹਨਾਂ ਦੀ ਮਦਦ ਨਾਲ ਚੀਨ ਨੇ ਵਿਸ਼ਵ ਸਿਹਤ ਸੰਸਥਾ ਨੂੰ ਵਰਤ ਕੇ ਦੁਨੀਆ ਨੂੰ ਧੋਖਾ ਦਿੱਤਾ।

ਕਈ ਲੋਕ ਵਿਸ਼ਵ ਸਿਹਤ ਸੰਸਥਾ ਦੇ ਮੁਖੀ 'ਤੇ ਇਹ ਦੋਸ਼ ਵੀ ਲਾ ਰਹੇ ਹਨ ਕਿ ਉਹ ਮਾਰਕਸੀ ਵਿਚਾਰਧਾਰਾ ਨਾਲ ਸਬੰਧਿਤ ਹਨ ਤੇ ਇਸ ਲਈ ਉਹ ਅੰਦਰਖਾਤੇ ਚੀਨ ਦੇ ਰਾਜਨੀਤਕ ਪ੍ਰਾਪੇਗੰਡੇ ਵਿਚ ਸ਼ਾਮਲ ਹੋ ਸਕਦੇ ਹਨ। 

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਇਹਨਾਂ ਦੋਸ਼ਾਂ ਖਿਲਾਫ ਵਿਸ਼ਵ ਸਿਹਤ ਸੰਸਥਾ ਦਾ ਬਚਾਅ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।