ਅਮਰੀਕਾ ਵਿਚ ਲੋਕ ਹਥਿਆਰ ਕਿਉਂ ਖਰੀਦ ਰਹੇ ਹਨ?

ਅਮਰੀਕਾ ਵਿਚ ਲੋਕ ਹਥਿਆਰ ਕਿਉਂ ਖਰੀਦ ਰਹੇ ਹਨ?

ਅਮਰੀਕਾ ਵਿਚ ਪਿਛਲੇ ਮਹੀਨੇ ਹਥਿਆਰਾਂ ਦੀ ਖਰੀਦ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ। 20 ਸਾਲ ਪਹਿਲਾਂ ਤੋਂ ਜਦੋਂ ਤੋਂ ਐਫਬੀਆਈ ਇਸ ਖਰੀਦ ਦੇ ਅੰਕੜੇ ਦਰਜ ਕਰਨ ਲੱਗੀ ਹੈ, ਪਿਛਲੇ ਮਹੀਨੇ ਵਿਚ ਸਭ ਤੋਂ ਵੱਧ ਹਥਿਆਰ ਖਰੀਦੇ ਗਏ ਹਨ।

ਹਥਿਆਰਾਂ ਦੀ ਇਸ ਵੱਡੀ ਖਰੀਦ ਨੂੰ ਕੋਰੋਨਾਵਾਇਰਸ ਫੈਲਣ ਨਾਲ ਬਣੇ ਹਾਲਾਤਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਦੁਨੀਆ ਭਰ 'ਚ ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਆਏ ਹਨ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਾਕਡਾਊਨ ਕਰਕੇ ਬੇਰੁਜ਼ਗਾਰੀ ਵਧਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਇਹ ਅੰਕੜੇ ਕੀ ਦਸਦੇ ਹਨ?
ਬੀਬੀਸੀ ਅਦਾਰੇ ਦੀ ਰਿਪੋਰਟ ਮੁਤਾਬਕ ਐਫਬੀਆਈ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਸਿਰਫ ਮਾਰਚ ਮਹੀਨੇ ਵਿਚ ਅਮਰੀਕਾ ਅੰਦਰ 20 ਲੱਖ ਤੋਂ ਵੱਧ ਹਥਿਆਰ ਖਰੀਦਿਆ ਗਿਆ। ਸਭ ਤੋਂ ਵੱਧ ਹਥਿਆਰ ਇਲੀਨਿਓਸ ਸੂਬੇ ਵਿਚ ਵਿਕਿਆ। ਇਸ ਤੋਂ ਬਾਅਦ ਸਭ ਤੋਂ ਵੱਧ ਵਿਕਰੀ ਟੈਕਸਸ, ਕੈਨਟਕੀ, ਫਲੋਰੀਡਾ ਅਤੇ ਕੈਲੀਫੋਰਨੀਆ ਸੂਬਿਆਂ ਵਿਚ ਹੋਈ।

ਇਹ ਵਿਕਰੀ ਇਸ ਪੱਧਰ ਦੀ ਸੀ ਕਿ ਹਥਿਆਰ ਵੇਚਣ ਵਾਲੀਆਂ ਦੁਕਾਨਾਂ ਦੀਆਂ ਧਾਰੀਆਂ ਖਾਲੀ ਹੋ ਗਈਆਂ। 

ਵਿਕਰੀ ਵਿਚ ਇਹ ਵਾਧਾ ਕਿਉਂ?
ਅਮਰੀਕੀ ਹਥਿਆਰ ਉਦਯੋਗ ਦੇ ਮਾਹਿਰ ਜੋਰਜੀਆ ਸਟੇਟ ਯੂਨੀਵਰਸਿਟੀ ਲਾਅ ਸਕੂਲ ਦੇ ਪ੍ਰੋਫੈਸਰ ਟਿਮੋਥੀ ਲਾਈਟਨ ਮੁਤਾਬਕ ਇਸ ਵਿਕਰੀ ਪਿੱਛੇ ਦੋ ਮੁੱਖ ਕਾਰਨ ਹਨ ਜੋ ਕੋਰੋਨਾਵਾਇਰਸ ਨਾਲ ਜੁੜੇ ਹਨ।

ਪਹਿਲਾ ਇਹ ਕਿ ਕਿਸੇ ਵੀ ਸਮੇਂ ਹਾਲਾਤ ਸਰਕਾਰੀ ਸਿਵਲ ਸੁਰੱਖਿਆ ਅਮਲੇ ਦੇ ਵਸੋਂ ਬਾਹਰ ਹੋ ਸਕਦੇ ਹਨ ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਖਰਾਬ ਹੋ ਸਕਦੀ ਹੈ। ਅਜਿਹੇ ਵਿਚ ਲੋਕਾਂ ਨੂੰ ਆਪਣੀ ਸੁਰੱਖਿਆ ਲਈ ਆਖਰੀ ਵਸੀਲਾ ਆਪਣੇ ਕੋਲ ਪਿਆ ਹਥਿਆਰ ਹੀ ਲਗਦਾ ਹੈ।

ਦੂਜਾ ਕਾਰਨ ਇਹ ਹੈ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਸ ਮਹਾਮਾਰੀ ਦੌਰਾਨ ਸਰਕਾਰ ਦੀ ਤਾਕਤ ਵਧ ਸਕਦੀ ਹੈ ਅਤੇ ਅਮਰੀਕੀ ਸੰਵਿਧਾਨ ਵਿਚ ਲੋਕਾਂ ਨੂੰ ਮਿਲੀਆਂ ਅਜ਼ਾਦੀਆਂ 'ਤੇ ਪਾਬੰਦੀ ਲਾਈ ਜਾ ਸਕਦੀ ਹੈ ਜਿਵੇਂ ਹਥਿਆਰ ਰੱਖਣ ਜਾਂ ਖਰੀਦਣ 'ਤੇ ਸਖਤੀ ਹੋ ਸਕਦੀ ਹੈ। 

ਉਹਨਾਂ ਦੇ ਇਹਨਾਂ ਦੋਵਾਂ ਵਿਚਾਰਾਂ ਮੁਤਾਬਕ ਉਹਨਾਂ ਕਿਹਾ, "ਲੋਕਾਂ ਦੇ ਇਕ ਹਿੱਸੇ ਨੂੰ ਡਰ ਹੈ ਕਿ ਸਰਕਾਰ ਦਾ ਪ੍ਰਬੰਧ ਨਹੀਂ ਰਹੇਗਾ ਅਤੇ ਉਹ ਉਹਨਾਂ ਦੀ ਸੁਰੱਖਿਆ ਕਰਨ ਯੋਗ ਨਹੀਂ ਰਹੇਗੀ ਜਦਕਿ ਦੂਜਾ ਹਿੱਸੇ ਨੂੰ ਡਰ ਹੈ ਕਿ ਸਰਕਾਰ ਹੋਰ ਮਜ਼ਬੂਤ ਹੋਵੇਗੀ ਤੇ ਉਹਨਾਂ ਦੀਆਂ ਅਜ਼ਾਦੀਆਂ ਖਤਮ ਹੋਣਗੀਆਂ।"

ਦੱਸ ਦਈਏ ਕਿ ਅਮਰੀਕਾ ਵਿਚ ਹਥਿਆਰ ਰੱਖਣ ਦੇ ਨਿਯਮ ਬਹੁਤ ਨਰਮ ਹਨ ਅਤੇ ਇਕ ਤਰ੍ਹਾਂ ਨਾਲ ਨਾਗਰਿਕ ਹਥਿਆਰ ਰੱਖਣ ਲਈ ਅਜ਼ਾਦ ਹੈ। ਹਲਾਂਕਿ ਅਮਰੀਕਾ ਦੀ ਰਾਜਨੀਤੀ ਵਿਚ ਹਥਿਆਰਾਂ ਦੇ ਇਹ ਨਰਮ ਨਿਯਮ ਇਕ ਵੱਡਾ ਮਸਲਾ ਹਨ ਜੋ ਹਮੇਸ਼ਾ ਅਮਰੀਕਾ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਦਾ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।