ਪਰਿਵਾਰ ਦੇ 5 ਜੀਆਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਡੀਆਈਜੀ ਕੁਲਤਾਰ ਸਮੇਤ 6 ਪੁਲਸੀਏ ਦੋਸ਼ੀ ਕਰਾਰ

ਪਰਿਵਾਰ ਦੇ 5 ਜੀਆਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਡੀਆਈਜੀ ਕੁਲਤਾਰ ਸਮੇਤ 6 ਪੁਲਸੀਏ ਦੋਸ਼ੀ ਕਰਾਰ
ਸਾਬਕਾ ਡੀਆਈਜੀ ਕੁਲਤਾਰ ਸਿੰਘ

ਅੰਮ੍ਰਿਤਸਰ: ਪੰਜਾਬ ਪੁਲਸ ਦੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਅਤੇ 5 ਹੋਰ ਪੁਲਸ ਮੁਲਾਜ਼ਮਾਂ ਨੂੰ 2004 'ਚ ਇਕ ਪਰਿਵਾਰ ਦੇ ਪੰਜ ਜੀਆਂ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ 'ਚ ਦੋਸ਼ੀ ਐਲਾਨਿਆ ਗਿਆ ਹੈ। ਡੀਆਈਜੀ ਤੋਂ ਇਲਾਵਾ ਦੋਸ਼ੀਆਂ 'ਚ ਡੀਐਸਪੀ ਹਰਦੇਵ ਸਿੰਘ ਵੀ ਸ਼ਾਮਲ ਹੈ। ਇਹਨਾਂ ਨੂੰ 19 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ। 

ਅੰਮ੍ਰਿਤਸਰ ਸ਼ਹਿਰ ਵਿਚ 31 ਅਕਤੂਬਰ, 2004 ਨੂੰ ਹਰਦੀਪ ਸਿੰਘ, ਉਸਦੀ ਪਤਨੀ, ਮਾਂ ਅਤੇ ਦੋ ਬੱਚਿਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਉਸ ਸਮੇਂ ਕੁਲਤਾਰ ਸਿੰਘ ਐਸਐਸਪੀ ਅੰਮ੍ਰਿਤਸਰ ਸੀ। ਪਰਿਵਾਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਘਰ ਦੇ ਕਮਰੇ ਦੀਆਂ ਕੰਧਾਂ 'ਤੇ ਖੁਦਕੁਸ਼ੀ ਨੋਟ ਲਿਖੇ ਸੀ ਤੇ ਆਪਣੇ ਦੋਸਤਾਂ ਨੂੰ ਖੁਦਕੁਸ਼ੀ ਤੋਂ ਪਹਿਲਾਂ ਨੋਟ ਭੇਜ ਦਿੱਤੇ ਸੀ। ਇਹਨਾਂ ਬਿਆਨਾਂ 'ਚ ਪਰਿਵਾਰ ਨੇ ਲਿਖਿਆ ਸੀ ਕਿ ਐਸਐਸਪੀ ਕੁਲਤਾਰ ਸਿੰਘ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਤੰਗ ਆ ਕੇ ਉਹ ਖੁਦਕੁਸ਼ੀ ਕਰ ਰਹੇ ਹਨ। 

ਪੁਲਸ ਵੱਲੋਂ ਜਿਵੇਂ ਹਰ ਵਾਰ ਕੀਤਾ ਜਾਂਦਾ ਹੈ ਕਿ ਦੋਸ਼ੀ ਪੁਲਸ ਮੁਲਾਜ਼ਮ ਹੋਣ ਕਾਰਨ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਸੀ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਸੀ। ਪੁਲਸ ਦੀ ਇਸ ਘਟੀਆ ਕਾਰਗੁਜ਼ਾਰੀ ਖਿਲਾਫ 2009 'ਚ ਪੰਜਾਬ ਹਿਊਮਨ ਰਾਈਟਸ ਓਰਗੇਨਾਈਜ਼ੇਸ਼ਨ ਨਾਲ ਸਬੰਧਿਤ ਸਰਬਜੀਤ ਵੇਰਕਾ ਨੇ ਅਦਾਲਤ ਵਿਚ ਅਪੀਲ ਕੀਤੀ ਸੀ।