ਬਜ਼ੁਰਗ ਬੀਬੀ ਨੂੰ ਧੋਖਾਧੜੀ ਤੋਂ ਬਚਾਉਣ ਵਾਲੇ ਰਾਜਬੀਰ ਸਿੰਘ ਦੇ ਅਮਰੀਕਾ 'ਚ ਚਰਚੇ

ਬਜ਼ੁਰਗ ਬੀਬੀ ਨੂੰ ਧੋਖਾਧੜੀ ਤੋਂ ਬਚਾਉਣ ਵਾਲੇ ਰਾਜਬੀਰ ਸਿੰਘ ਦੇ ਅਮਰੀਕਾ 'ਚ ਚਰਚੇ
ਪੁਲਸ ਅਫਸਰਾਂ ਨਾਲ ਰਾਜਬੀਰ ਸਿੰਘ

ਕੈਲੀਫੋਰਨੀਆ: ਕੈਲੀਫੋਰਨੀਆ 'ਚ ਕੈਬ (ਟੈਕਸੀ) ਚਲਾਉਂਦੇ ਸਿੱਖ ਰਾਜਬੀਰ ਸਿੰਘ ਨੇ ਇਕ 92 ਵਰ੍ਹਿਆਂ ਦੀ ਬਜ਼ੁਰਗ ਬੀਬੀ ਨੂੰ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ। ਉਸ ਵੱਲੋਂ ਕੀਤੇ ਇਸ ਕਾਰਜ ਦੀਆਂ ਅਮਰੀਕਾ ਵਿਚ ਸਿਫਤਾਂ ਹੋ ਰਹੀਆਂ ਹਨ। 

ਰਾਜਬੀਰ ਸਿੰਘ ਨੇ ਆਪਣੀ ਕੈਬ ਵਿਚ ਜਦੋਂ ਇਸ ਬੀਬੀ ਨੂੰ ਉਸਦੀ ਤੈਅ ਥਾਂ 'ਤੇ ਪਹੁੰਚਾਉਣ ਲਈ ਬਠਾਇਆ ਤਾਂ ਉਹਨਾਂ ਦਰਮਿਆਨ ਹੋਈ ਗੱਲਬਾਤ ਤੋਂ ਰਾਜਬੀਰ ਸਿੰਘ ਨੂੰ ਪਤਾ ਲੱਗਿਆ ਕਿ ਬਜ਼ੁਰਗ ਬੀਬੀ ਟੈਕਸ ਮਹਿਕਮੇ (ਆਈਆਰਐਸ) ਵੱਲੋਂ ਮਿਲੀ ਧਮਕੀ ਤੋਂ ਬਾਅਦ ਟੈਕਸ ਭਰਨ ਲਈ ਰਕਮ ਕਢਵਾਉਣ ਬੈਂਕ ਜਾ ਰਹੀ ਸੀ। 

ਇਸ ਬਾਰੇ ਪਤਾ ਲੱਗਣ 'ਤੇ ਰਾਜਬੀਰ ਸਿੰਘ ਨੇ ਉਸ ਬਜ਼ੁਰਗ ਬੀਬੀ ਨੂੰ ਆਈਐਰਐਸ ਦੇ ਨਾਂ 'ਤੇ ਹੋ ਰਹੇ ਧੋਖਿਆਂ ਸਬੰਧੀ ਸੁਚੇਤ ਕੀਤਾ। ਬੀਬੀ ਨੇ ਉਸਨੂੰ ਦੱਸਿਆ ਕਿ ਉਸਨੂੰ ਕਿਸੇ ਨੇ ਫੋਨ ਕਰਕੇ ਟੈਕਸ ਦੀ ਇਹ ਰਕਮ ਜਮ੍ਹਾ ਕਰਾਉਣ ਲਈ ਕਿਹਾ। ਜਦੋਂ ਰਾਜਬੀਰ ਸਿੰਘ ਨੇ ਉਸ ਫੋਨ ਨੰਬਰ 'ਤੇ ਕਾਲ ਕਰਕੇ ਜਾਣਨਾ ਚਾਹਿਆ ਕਿ ਫੋਨ ਕਰਨ ਵਾਲਾ ਸਚਮੁੱਚ ਆਈਆਰਐਸ ਨਾਲ ਸਬੰਧਿਤ ਕੋਈ ਅਫਸਰ ਹਾਂ ਜਾਂ ਕੋਈ ਧੋਖੇਬਾਜ਼ ਤਾਂ ਇਸ ਧੋਖੇ ਦੀ ਪੋਲ੍ਹ ਖੁੱਲ੍ਹ ਗਈ। ਰਾਜਬੀਰ ਸਿੰਘ ਨੇ ਜਦੋਂ ਫੋਨ ਕਰਕੇ ਉਸ ਬੰਦੇ ਨੂੰ ਪੁੱਛਿਆ ਕਿ ਕੀ ਉਹ ਇਸ ਬੀਬੀ ਨੂੰ ਜਾਣਦਾ ਹੈ ਤਾਂ ਉਸ ਨੇ ਸਾਫ ਨਾਹ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਰਾਜਬੀਰ ਨੇ ਉਸ ਨਾਲ ਪਹਿਲੇ ਫੋਨ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਸ ਬੰਦੇ ਨੇ ਕਾਲ ਕੱਟ ਦਿੱਤੀ। ਇਸ ਤੋਂ ਬਾਅਦ ਉਹ ਬੰਦਾ ਨੰਬਰ ਬਲਾਕ ਕਰ ਗਿਆ।

ਪਰ ਬਜ਼ੁਰਗ ਬੀਬੀ ਰਾਜਬੀਰ ਸਿੰਘ ਦੇ ਨਾਲ ਉਸ ਸਮੇਂ ਤੱਕ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਸੀ ਕਿ ਕੋਈ ਬੰਦਾ ਆਈਆਰਐਸ ਦੇ ਨਾਂ 'ਤੇ ਧੋਖਾਧੜੀ ਕਰ ਸਕਦਾ ਹੈ। ਇਸ ਲਈ ਰਾਜਬੀਰ ਸਿੰਘ ਨੇ ਬੀਬੀ ਨੂੰ ਧੋਖੇ ਤੋਂ ਬਚਾਉਣ ਲਈ ਉਸ ਨੂੰ ਨੇੜਲੇ ਪੁਲਸ ਸਟੇਸ਼ਨ ਲਿਜਾ ਉਸ ਦੀ ਮੁਲਾਕਾਤ ਪੁਲਸ ਅਫਸਰ ਨਾਲ ਕਰਵਾਈ। ਪੁਲਸ ਅਫਸਰ ਵੱਲੋਂ ਇਸ ਧੋਖਾਧੜੀ ਦੀ ਪੁਸ਼ਟੀ ਕਰਨ 'ਤੇ ਬੀਬੀ ਨੂੰ ਯਕੀਨ ਹੋਇਆ ਤੇ ਇਸ ਬਜ਼ੁਰਗ ਉਮਰ ਵਿਚ ਬੀਬੀ ਧੋਖਾਧੜੀ ਤੋਂ ਬਚ ਗਈ। 

ਰੋਸਵੇਲ ਪੁਲਸ ਮਹਿਕਮੇ ਨੇ ਰਾਜਬੀਰ ਸਿੰਘ ਵੱਲੋਂ ਆਪਣੇ ਕੰਮ ਤੋਂ ਅੱਗੇ ਜਾ ਕੇ ਜਿੰਮੇਵਾਰ ਬੰਦੇ ਵਜੋਂ ਬੀਬੀ ਦੀ ਮਦਦ ਕਰਨ ਦੀ ਸਿਫਤ ਕੀਤੀ ਹੈ। ਇਸ ਸਬੰਧੀ ਪੁਲਸ ਮਹਿਕਮੇ ਨੇ ਆਪਣੇ ਫੇਸਬੁੱਕ ਖਾਤੇ 'ਤੇ ਪੋਸਟ ਪਾਈ। ਪੁਲਸ ਮਹਿਕਮੇ ਨੇ ਰਾਜਬੀਰ ਸਿੰਘ ਨੂੰ "ਗਰੇਟ ਸਿਟੀਜ਼ਨ ਅਵਾਰਡ" ਦੇਣ ਦੀ ਸਿਫਾਰਿਸ਼ ਕੀਤੀ।